ਕੈਲੇਫੋਰਨੀਆ 'ਚ ਵੀ ਬਾਦਲ ਦਲੀਆਂ ਖ਼ਿਲਾਫ਼ ਪ੍ਰਦਰਸ਼ਨ

ਪ੍ਰਵਾਸੀ ਪੰਜਾਬੀਆਂ ਨਾਲ 'ਸਾਂਝ ਵਧਾਉਣ' ਦੇ ਨਾਂਅ ਹੇਠ ਬਾਦਲ ਦਲ ਦੇ ਪ੍ਰਚਾਰ ਮਿਸ਼ਨ ਦੀ ਪੂਰਤੀ ਲਈ ਉੱਤਰੀ ਅਮਰੀਕਾ ਪਹੁੰਚੇ ਹੋਏ ਇਸ ਦਲ ਦੇ ਮੰਤਰੀਆਂ ਅਤੇ ਦੂਸਰੇ ਆਗੂਆਂ ਨਾਲ ਥਾਂ-ਥਾਂ ਟਕਰਾਅ ਦੀ ਸਥਿਤੀ ਬਣ ਰਹੀ ਹੈ। ਬੀਤੇ ਦਿਨੀਂ ਕੈਨੇਡਾ ਤੇ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪੰਜਾਬ ਦੇ ਕਈ ਮੰਤਰੀਆਂ ਖ਼ਿਲਾਫ਼ ਹੋਏ ਜ਼ਬਰਦਸਤ ਵਿਰੋਧ ਦੀ ਲੜੀ ਅੱਗੇ ਤੋਂ ਅੱਗੇ ਤੁਰਦੀ ਜਾ ਰਹੀ ਹੈ। ਸੋਮਵਾਰ ਬਾਅਦ ਦੁਪਹਿਰ ਕੈਲੇਫੋਰਨੀਆ ਪ੍ਰਾਂਤ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਤ ਵਿਧਾਇਕ ਅਤੇ ਮੈਂਬਰ ਐੱਸ ਜੀ ਪੀ ਸੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਦਾ ਸਨਮਾਨ ਸਮਾਗਮ ਰੱਖਿਆ ਗਿਆ ਸੀ।
ਪ੍ਰਬੰਧਕਾਂ ਵੱਲੋਂ ਇਸ ਸਮਾਗਮ ਦੀ ਕਾਫ਼ੀ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ, ਪਰ ਸਮਾਗਮ ਵਾਲੇ ਸਥਾਨ 'ਤੇ ਸ਼ੁਰੂਆਤ ਤੋਂ ਪਹਿਲਾਂ ਹੀ ਕਈ ਦਰਜਨ ਮੁਜ਼ਾਹਰਾਕਾਰੀ ਹੱਥਾਂ 'ਚ ਤਖਤੀਆਂ ਲੈ ਕੇ ਪਹੁੰਚ ਗਏ।
ਅਕਾਲੀ ਦਲ (ਅੰਮ੍ਰਿਤਸਰ), ਸਿੱਖ ਯੂਥ ਆਫ਼ ਅਮੈਰਿਕਾ, ਸਿੱਖਸ ਫਾਰ ਜਸਟਿਸ ਅਤੇ ਕੁਝ ਸਥਾਨਕ ਜਥੇਬੰਦੀਆਂ ਦੇ ਮੈਬਰਾਂ ਵੱਲੋਂ ਪੰਜਾਬ ਵਿੱਚ ਨਸ਼ਾ-ਖੋਰੀ, ਬਦ-ਅਮਨੀ ਅਤੇ ਬਾਦਲ ਪਰਵਾਰ ਦੀ ਅਜ਼ਾਰੇਦਾਰੀ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ, ਪਰ ਉਸ ਸਥਾਨ 'ਤੇ ਨਾ ਹੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਦਿਖਾਈ ਦਿੱਤੇ ਅਤੇ ਨਾ ਹੀ ਉਨ੍ਹਾ ਨੂੰ ਸਨਮਾਨਤ ਕਰਨ ਵਾਲੇ ਸਥਾਨਕ ਪ੍ਰਬੰਧਕ। ਮੁਜ਼ਾਹਰਾਕਾਰੀਆਂ ਵਿੱਚ ਸ਼ਾਮਲ ਜੌਹਨ ਸਿੰਘ ਗਿੱਲ ਨੇ ਦੱਸਿਆ ਕਿ ਅਸੀਂ ਉਸ ਰੈਸਟੋਰੈਂਟ ਵਿੱਚ ਵੀ ਪਹੁੰਚੇ, ਜਿੱਥੇ ਵਿਧਾਨਕਾਰ ਨੂੰ ਪ੍ਰੀਤੀ ਭੋਜਨ ਛਕਾਇਆ ਜਾਣਾ ਸੀ, ਪਰ ਉੱਥੇ ਵੀ ਕੋਈ ਬਾਦਲ ਦਲੀਆ ਦਿਖਾਈ ਨਾ ਦਿੱਤਾ।