ਕਾਰਗਿਲ ਜੰਗ ਵਰਗੀ ਨੌਬਤ ਮੁੜ ਨਹੀਂ ਆਉਣ ਦਿਆਂਗੇ : ਜਨਰਲ ਸੁਹਾਗ

ਕਾਰਗਿਲ ਜੰਗ ਦੇ ਸ਼ਹੀਦਾਂ ਨੂੰ 16ਵੀਂ ਵਰ੍ਹੇਗੰਢ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਦਰਾਸ ਸੈਕਟਰ ਵਿੱਚ ਕਾਰਗਿਲ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕਾਰਗਿਲ ਜੰਗ ਵਿੱਚ 527 ਫੌਜੀ ਅਫਸਰ ਅਤੇ ਜਵਾਨ ਸ਼ਹੀਦ ਹੋ ਗਏ ਸਨ ਅਤੇ 1363 ਜਵਾਨ ਜ਼ਖਮੀ ਹੋ ਗਏ ਸਨ। ਕਈ ਦਿਨ ਚੱਲੀ ਇਸ ਲੜਾਈ ਵਿੱਚ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ਸੀ ਅਤੇ ਪਾਕਿਸਤਾਨ ਦੀ ਫੌਜ ਨੂੰ ਪਿੱਛੇ ਮੁੜਨਾ ਪਿਆ ਸੀ। ਕਾਰਗਿਲ ਜੰਗ ਦੀ ਜਿੱਤ ਨੂੰ ਭਲਕੇ ਵਿਜੈ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਇਸ ਜੰਗ ਵਿੱਚ ਫਤਿਹ ਹਾਸਲ ਕੀਤੀ ਸੀ। ਦਰਾਸ ਸੈਕਟਰ ਵਿੱਚ 21 ਜੁਲਾਈ ਤੋਂ ਸ਼ੁਰੂ ਹੋਏ ਵਿਜੈ ਜਸ਼ਨਾਂ ਦੀ ਕੱਲ੍ਹ ਸਮਾਪਤੀ ਹੋਵੇਗੀ। ਸਮਾਪਤੀ ਸਮਾਗਮ ਵਿੱਚ ਕਾਰਗਿਲ ਯੁੱਧ ਵਿੱਚ ਭਾਗ ਲੈਣ ਵਾਲੇ ਜਾਂਬਾਜ਼ ਫੌਜੀਆਂ ਤੇ ਸ਼ਹੀਦਾਂ ਦੇ ਪਰਵਾਰ ਵੀ ਭਾਗ ਲੈਣਗੇ। ਰਾਸ਼ਟਰਪਤੀ ਵੱਲੋਂ ਕਾਰਗਿਲ ਯੁੱਧ ਦੌਰਾਨ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਚਾਰ ਪਰਮਵੀਰ ਚੱਕਰ, ਨੌਂ ਮਹਾਂਵੀਰ ਚੱਕਰਾਂ ਤੇ 53 ਵੀਰ ਚੱਕਰਾਂ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਮੌਕੇ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਫੌਜਾਂ ਕਾਰਗਿਲ ਵਰਗੀ ਜੰਗ ਦੀ ਕਦੇ ਵੀ ਨੌਬਤ ਨਹੀਂ ਆਉਣ ਦੇਣਗੀਆਂ। ਉਨ੍ਹਾ ਕਿਹਾ ਕਿ ਫੌਜ ਕਿਸੇ ਨੂੰ ਇੱਕ ਹੋਰ ਕਾਰਗਿਲ ਜੰਗ ਦੀ ਆਗਿਆ ਨਹੀਂ ਦੇਵੇਗੀ। ਉਨ੍ਹਾ ਕਿਹਾ ਕਿ ਕਾਰਗਿਲ ਜੰਗ ਦੇ 16 ਸਾਲ 26 ਜੁਲਾਈ ਨੂੰ ਪੂਰੇ ਹੋ ਗਏ ਅਤੇ ਇਸ ਜਿੱਤ ਨੂੰ ਵਿਜੈ ਦਿਵਸ ਵਜੋਂ ਮਨਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾ ਦੱਸਿਆ ਕਿ ਦਰਾਸ 'ਚ ਦੋ ਦਿਨ ਚੱਲਣ ਵਾਲੇ ਇਸ ਮੁੱਖ ਸਮਾਗਮ 'ਚ ਜੰਗ 'ਚ ਹਿੱਸਾ ਲੈਣ ਵਾਲੇ ਅਫਸਰ ਅਤੇ ਜਵਾਨ ਹਿੱਸਾ ਲੈ ਰਹੇ ਹਨ।
ਏਸੇ ਦੌਰਾਨ ਰੱਖਿਆ ਮੰਤਰੀ ਮਨੋਹਰ ਪਰਿੱਕਰ ਨੇ ਤਿੰਨਾਂ ਫੌਜਾਂ ਦੇ ਮੁਖੀਆਂ ਨਾਲ ਦਿੱਲੀ 'ਚ ਜਵਾਨ ਜੋਤੀ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।