ਸ੍ਰੀਸੰਥ, ਚੰਦੀਲਾ ਤੇ ਚਵਾਨ ਬਰੀ

ਆਈ ਪੀ ਐੱਲ ਸਪਾਟ ਫਿਕਸਿੰਗ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਆਧਾਰ 'ਤੇ ਸ੍ਰੀਸੰਥ, ਅਜੀਤ ਚੰਦੀਲਾ ਅਤੇ ਆਂਕਿਤ ਚਵਾਨ ਨਾਂਅ ਦੇ ਤਿੰਨਾਂ ਕ੍ਰਿਕਟ ਖਿਡਾਰੀਆਂ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਇਨ੍ਹਾਂ ਤਿੰਨਾਂ ਖਿਡਾਰੀਆਂ 'ਤੇ ਆਈ ਪੀ ਐੱਲ 2013 'ਚ ਸਪਾਟ ਫਿਕਸਿੰਗ 'ਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਸੀ, ਇਸ ਲਈ ਕ੍ਰਿਕਟ ਬੋਰਡ ਨੇ ਇਨ੍ਹਾਂ ਖਿਡਾਰੀਆਂ ਦੇ ਖੇਡਣ 'ਤੇ ਪਾਬੰਦੀ ਲਾਈ ਹੋਈ ਹੈ।
ਇਸ ਮਾਮਲੇ ਦੇ ਮੁਲਜ਼ਮਾਂ 'ਚ ਅਪਰਾਧ ਜਗਤ ਦਾ ਸਰਗਨਾ ਦਾਊਦ ਇਬਰਾਹੀਮ ਅਤੇ ਉਸ ਦਾ ਸਹਿਯੋਗੀ ਛੋਟਾ ਸ਼ਕੀਲ ਵੀ ਸ਼ਾਮਲ ਹੈ। ਅਦਾਲਤ ਨੇ ਤਿੰਨਾਂ ਕ੍ਰਿਕਟ ਖਿਡਾਰੀਆਂ ਤੇ ਹੋਰਨਾਂ ਖਿਲਾਫ ਦਿੱਲੀ ਪੁਲਸ ਵੱਲੋਂ ਲਾਏ ਗਏ ਸਭ ਦੋਸ਼ ਹਟਾ ਲਏ ਹਨ। ਪੂਰੇ ਮਾਮਲੇ 'ਚ ਸਬੂਤਾਂ ਦੀ ਕਮੀ ਦੇ ਮੱਦੇਨਜ਼ਰ ਅਦਾਲਤ ਨੇ ਸਭ 39 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਫੈਸਲਾ ਸੁਣਦਿਆਂ ਹੀ ਸ੍ਰੀਸੰਥ ਅਦਾਲਤ ਵਿੱਚ ਹੀ ਰੋ ਪਿਆ। ਉਸ ਨੇ ਕਿਹਾ ਕਿ ਉਹ ਫੈਸਲੇ ਤੋਂ ਖੁਸ਼ ਹੈ ਅਤੇ ਉਸ ਨੂੰ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਸ੍ਰੀਸੰਥ ਨੇ ਭਰੋਸਾ ਜਿਤਾਇਆ ਕਿ ਅਦਾਲਤ ਤੋਂ ਰਾਹਤ ਮਿਲਣ ਬਾਅਦ ਉਸ ਨੂੰ ਕ੍ਰਿਕਟ ਬੋਰਡ ਤੋਂ ਵੀ ਰਾਹਤ ਮਿਲੇਗੀ। ਇਸੇ ਤਰ੍ਹਾਂ ਇਸ ਮਾਮਲੇ 'ਚ ਲੱਗਭੱਗ ਤਿੰਨ ਮਹੀਨੇ ਤੋਂ ਜ਼ਿਆਦਾ ਸਮਾਂ ਜੇਲ੍ਹ ਵਿੱਚ ਬਿਤਾਉਣ ਵਾਲੇ ਅਜੀਤ ਚੰਦੀਲਾ ਨੇ ਇਸ ਫੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖਰਾਬ ਪਲ ਸੀ, ਜਿਹੜਾ ਹੁਣ ਗੁਜ਼ਰ ਗਿਆ ਹੈ।
ਸ਼ਨੀਵਾਰ ਨੂੰ ਸੁਣਵਾਈ ਦੌਰਾਨ ਦਿੱਲੀ ਪੁਲਸ ਨੇ ਪਟਿਆਲਾ ਕੋਰਟ 'ਚ ਕਿਹਾ ਕਿ ਸਾਡੀ ਜਾਂਚ ਜਾਰੀ ਹੈ ਤੇ ਇਸ ਨੂੰ ਪੂਰਾ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਇਸ ਤੋਂ ਬਾਅਦ ਅਦਾਲਤ ਨੇ ਸਭ ਮੁਲਜ਼ਮਾਂ ਨੂੰ ਕੇਸ ਤੋਂ ਬਰੀ ਕਰ ਦਿੱਤਾ।
ਮਈ 2013 'ਚ ਇਨ੍ਹਾਂ ਖਿਡਾਰੀਆਂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ, ਪਰ ਜੁਲਾਈ 2013 'ਚ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਕ੍ਰਿਕਟ ਬੋਰਡ ਨੇ ਇਨ੍ਹਾਂ 'ਤੇ ਆਪਣੀ ਜਾਂਚ ਕਰਕੇ ਉਮਰ ਭਰ ਦੀ ਪਾਬੰਦੀ ਲਾਈ ਹੋਈ ਹੈ।
ਪਟਿਆਲਾ ਹਾਊਸ ਅਦਾਲਤ ਦੇ ਇਸ ਫੈਸਲੇ ਨੇ ਕਈ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ। ਸਪਾਟ ਫਿਕਸਿੰਗ ਮਾਮਲੇ 'ਚ ਤਿੰਨਾਂ ਖਿਡਾਰੀਆਂ ਦੇ ਦੋਸ਼ ਮੁਕਤ ਹੋਣ ਕਾਰਨ ਆਈ ਪੀ ਐੱਲ ਟੀਮ 'ਰਾਜਸਥਾਨ ਰਾਇਲਜ਼' ਨੂੰ ਫਿਰ ਤੋਂ ਸੁਪਰੀਮ ਕੋਰਟ ਜਾਣ ਦਾ ਅਧਾਰ ਮਿਲ ਗਿਆ ਹੈ। ਕਾਰਨ ਇਹ ਹੈ ਕਿ ਸੁਪਰੀਮ ਕੋਰਟ ਦੀ ਮੁਦਗਿਲ ਕਮੇਟੀ ਦਾ ਹਾਲੀਆ ਫੈਸਲਾ ਵੀ ਇਸੇ ਦਿੱਲੀ ਪੁਲਸ ਦੀ ਰਿਪੋਰਟ 'ਤੇ ਆਧਾਰਤ ਸੀ। ਇਸ ਕਮੇਟੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਲੋਡਾ ਕਮੇਟੀ ਨੇ ਕਾਰਵਾਈ ਦੇ ਹੁਕਮ ਦਿੱਤੇ ਸਨ। ਲੋਡਾ ਕਮੇਟੀ ਨੇ ਰਾਜਸਥਾਨ ਰਾਇਲਜ਼ 'ਤੇ ਦੋ ਸਾਲ ਦੀ ਪਾਬੰਦੀ ਲਾਈ ਹੈ।
ਇਸੇ ਦੌਰਾਨ ਅਦਾਲਤ ਦੇ ਫੈਸਲੇ ਤੋਂ ਬਾਅਦ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਇਨ੍ਹਾਂ ਤਿੰਨਾਂ ਖਿਡਾਰੀਆਂ 'ਤੇ ਬੋਰਡ ਵੱਲੋਂ ਲਾਈ ਗਈ ਪਾਬੰਦੀ ਹਟੇਗੀ ਨਹੀਂ, ਜਾਰੀ ਰਹੇਗੀ।