ਰਾਜਨੀਤੀ ਤੋਂ ਦੇਸ਼ ਨੂੰ ਪਹਿਲ ਦਿਓ

ਭਾਰਤ ਦੀ ਰਾਜਨੀਤੀ ਦੀਆਂ ਦੋਵੇਂ ਮੋਹਰੀ ਧਿਰਾਂ ਅਜੇ ਤੱਕ ਉਸ ਤਰ੍ਹਾਂ ਪ੍ਰਪੱਕ ਸਿਆਸੀ ਵਿਹਾਰ ਕਰਨਾ ਨਹੀਂ ਸਿੱਖ ਸਕੀਆਂ, ਜਿਹੋ ਜਿਹਾ ਕਿਸੇ ਦੇਸ਼ ਵਿੱਚ ਸੰਕਟ ਦੇ ਸੰਕੇਤਾਂ ਦੀ ਘੜੀ ਵਿੱਚ ਕੀਤਾ ਜਾਣਾ ਜ਼ਰੂਰੀ ਬਣ ਜਾਂਦਾ ਹੈ। ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ, ਸਿਆਸੀ ਲੋੜ ਨੂੰ ਦੋਵੇਂ ਪਹਿਲ ਦੇਂਦੀਆਂ ਹਨ। ਹਰ ਗੱਲ ਵਿੱਚ ਕੋਈ ਹੱਦ ਹੁੰਦੀ ਹੈ, ਪਰ ਇਨ੍ਹਾਂ ਦੋਵਾਂ ਮੁੱਖ ਪਾਰਟੀਆਂ ਲਈ ਕੋਈ ਹੱਦ ਨਹੀਂ ਜਾਪਦੀ।
ਪਿਛਲੇ ਦਿਨੀਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਥਾਣੇ ਉੱਤੇ ਦਹਿਸ਼ਤਗਰਦ ਹਮਲਾ ਹੋਣ ਦੇ ਨਾਲ ਸਾਡੀ ਸੁਰੱਖਿਆ ਦੀਆਂ ਕਈ ਖਾਮੀਆਂ ਸਾਹਮਣੇ ਆ ਗਈਆਂ ਸਨ। ਉਨ੍ਹਾਂ ਨੂੰ ਦੂਰ ਕਰਨ ਦੇ ਲਈ ਵਿਚਾਰ ਕਰਨ ਦੀ ਥਾਂ ਪਾਰਲੀਮੈਂਟ ਦਾ ਸਮਾਂ ਖ਼ਰਾਬ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਸਰਕਾਰ ਦਾ ਇਹ ਕਹਿਣਾ ਠੀਕ ਸੀ ਕਿ ਮੁਕਾਬਲਾ ਚੱਲ ਰਿਹਾ ਹੈ, ਮੁੱਕਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ, ਪਰ ਉਸ ਤੋਂ ਬਾਅਦ ਵੀ ਸਰਕਾਰ ਹਰ ਗੱਲ ਟਾਲਣ ਦੇ ਰੌਂਅ ਵਿੱਚ ਦਿਖਾਈ ਦਿੱਤੀ ਹੈ। ਉਸ ਦਾ ਵਿਹਾਰ ਠੀਕ ਨਹੀਂ ਤਾਂ ਵਿਰੋਧੀ ਧਿਰ ਦੇ ਆਗੂ ਹੀ ਜ਼ਿੰਮੇਵਾਰੀ ਵਿਖਾਉਂਦੇ, ਪਰ ਕਾਂਗਰਸ ਪਾਰਟੀ ਆਪ ਲੀਹੋਂ ਲੱਥੀ ਪਈ ਹੈ। ਉਸ ਦੇ ਮੈਂਬਰਾਂ ਵੱਲੋਂ ਓਥੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਬਿਆਨ ਦੇ ਦੌਰਾਨ ਵੀ ਜਿਵੇਂ ਪ੍ਰਧਾਨ ਮੰਤਰੀ ਦਾ ਨਾਂਅ ਲੈ ਕੇ ਉਸ ਦੀ ਮੁਰਦਾਬਾਦ ਦੇ ਨਾਹਰੇ ਬਿਨਾਂ ਵਜ੍ਹਾ ਲਾਏ ਗਏ ਸਨ, ਉਸ ਬਾਰੇ ਖ਼ੁਦ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।
ਬਾਈ ਸਾਲ ਪਹਿਲਾਂ ਮੁੰਬਈ ਵਿੱਚ ਹੋਏ ਦੰਗਿਆਂ ਦੇ ਨਾਲ ਸੰਬੰਧਤ ਇੱਕ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਲਾਏ ਜਾਣ ਨਾਲ ਕਈ ਧਿਰਾਂ ਦੇ ਮੱਤਭੇਦ ਹੋ ਸਕਦੇ ਹਨ। ਮੱਤਭੇਦ ਤਾਂ ਉਸ ਦੀ ਗ੍ਰਿਫਤਾਰੀ ਜਾਂ ਆਪ ਪੇਸ਼ ਹੋਣ ਬਾਰੇ ਸੂਚਨਾਵਾਂ ਤੋਂ ਵੀ ਹਨ। ਇਹ ਗੱਲ ਹੁਣ ਉਸ ਦੀ ਫਾਂਸੀ ਦੇ ਵਕਤ ਮੁੱਦਾ ਬਣੀ ਹੈ। ਪਿਛਲੇ ਸਾਲਾਂ ਦੇ ਦੌਰਾਨ ਕਾਂਗਰਸ ਦੀ ਅਗਵਾਈ ਵਿੱਚ ਵੀ ਸਰਕਾਰਾਂ ਚੱਲਦੀਆਂ ਰਹੀਆਂ ਅਤੇ ਭਾਜਪਾ ਦੀ ਅਗਵਾਈ ਵਾਲੀਆਂ ਵੀ, ਇਸ ਬਾਰੇ ਕਦੇ ਕਿਸੇ ਨੇ ਚਰਚਾ ਹੀ ਨਹੀਂ ਸੀ ਛੇੜੀ। ਇਹੋ ਜਿਹੇ ਮੁੱਦੇ ਬਾਰੇ ਚਰਚਾ ਓਦੋਂ ਵੀ ਕਿਸੇ ਧਿਰ ਵੱਲੋਂ ਨਹੀਂ ਸੀ ਛੇੜੀ ਗਈ, ਜਦੋਂ ਫਾਂਸੀ ਦੀ ਸਜ਼ਾ ਵਾਲੇ ਬਲਵੰਤ ਸਿੰਘ ਰਾਜੋਆਣਾ ਦੇ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਰਾਜਸੀ ਲਾਮਬੰਦੀ ਕਰ ਕੇ ਤਾਰੀਖ ਬਦਲਾਉਣ ਦੇ ਚੱਕਰ ਵਿੱਚ ਪੰਜਾਬ ਸੁੱਕਣੇ ਪਾ ਰੱਖਿਆ ਸੀ ਤੇ ਗੁਰਦਾਸਪੁਰ ਵਿੱਚ ਪੁਲਸ ਨਾਲ ਭੇੜ ਕਰਵਾ ਕੇ ਇੱਕ ਨੌਜਵਾਨ ਹੋਰ ਮਰਵਾ ਦਿੱਤਾ ਗਿਆ ਸੀ। ਅੱਜ ਭਾਜਪਾ ਇਹ ਕਹਿੰਦੀ ਹੈ ਕਿ ਉਸ ਦੀ ਪਾਰਟੀ ਵੱਖਰੀ ਅਤੇ ਅਕਾਲੀ ਦਲ ਵੱਖਰਾ ਹੋਣ ਕਾਰਨ ਦੋਵਾਂ ਦੀ ਨੀਤੀ ਵੱਖੋ-ਵੱਖਰੀ ਹੋ ਸਕਦੀ ਹੈ ਤੇ ਏਸੇ ਲਈ ਰਾਜੋਆਣਾ ਬਾਰੇ ਵੱਖਰੇ ਵਿਚਾਰ ਸਨ, ਪਰ ਜਿਹੜੇ ਲੋਕਾਂ ਦੇ ਵਿਚਾਰ ਹੁਣ ਯਾਕੂਬ ਮੈਮਨ ਦੇ ਮੁੱਦੇ ਉੱਤੇ ਵੱਖਰੇ ਹਨ, ਉਨ੍ਹਾਂ ਨੂੰ ਵੀ ਦੇਸ਼ ਧਰੋਹੀ ਤੇ ਮਾਨਸਿਕ ਰੋਗੀ ਨਹੀਂ ਕਿਹਾ ਜਾਣਾ ਚਾਹੀਦਾ। ਰਾਜ ਕਰਦੀ ਧਿਰ ਨੂੰ ਮੱਤਭੇਦ ਦੇ ਨੁਕਤੇ ਘਟਾਉਣੇ ਚਾਹੀਦੇ ਹਨ ਅਤੇ ਏਥੇ ਉਸ ਦੇ ਆਗੂ ਆਪ ਹੀ ਮੱਤਭੇਦ ਵਧਾਈ ਜਾਂਦੇ ਹਨ।
ਏਸੇ ਤਰ੍ਹਾਂ ਦਾ ਚੱਕਰ ਰਾਬਰਟ ਵਾਡਰਾ ਦਾ ਹੈ। ਉਹ ਜਿਹੋ ਜਿਹਾ ਬੰਦਾ ਹੈ, ਬਹੁਤੇ ਲੋਕਾਂ ਦੀ ਉਸ ਨਾਲ ਹਮਦਰਦੀ ਨਹੀਂ ਹੋ ਸਕਦੀ। ਸੌ ਕਿਸਮ ਦੇ ਘਾਲੇ-ਮਾਲਿਆਂ ਵਿੱਚ ਉਹ ਸ਼ਾਮਲ ਹੈ। ਪਿਛਲੇ ਦਿਨੀਂ ਉਸ ਨੇ ਇਸ ਦੇਸ਼ ਦੀ ਪਾਰਲੀਮੈਂਟ ਬਾਰੇ ਟਿੱਪਣੀ ਕਰ ਦਿੱਤੀ। ਭਾਜਪਾ ਮੈਂਬਰ ਉਸ ਟਿੱਪਣੀ ਨੂੰ ਵੀ ਮੁੱਦਾ ਬਣਾਈ ਬੈਠੇ ਹਨ ਤੇ ਉਸ ਨੂੰ ਤਲਬ ਕਰਨ ਦੀ ਮੰਗ ਚਲਾਈ ਪਈ ਹੈ। ਸੱਦ ਵੀ ਲਿਆ ਤਾਂ ਉਸ ਦਾ ਨੁਕਸਾਨ ਕਰਨ ਨਾਲ ਉਸ ਨੂੰ ਸਗੋਂ ਇਸ ਗੱਲ ਲਈ ਮਸ਼ਹੂਰੀ ਮਿਲੇਗੀ ਕਿ ਭਾਜਪਾ ਦੀ ਸਰਕਾਰ ਉਸੇ ਤੋਂ ਡਰੀ ਜਾਂਦੀ ਹੈ। ਉਹ ਪਹਿਲਾਂ ਕਈ ਵਾਰ ਕਹਿ ਚੁੱਕਾ ਹੈ ਕਿ ਢੁੱਕਵੇਂ ਮੌਕੇ ਉੱਤੇ ਰਾਜਨੀਤੀ ਵਿੱਚ ਆਵੇਗਾ। ਇਹ ਉਸ ਦੇ ਖ਼ਿਲਾਫ਼ ਕੋਈ ਮਤਾ ਪਾਸ ਕਰ ਕੇ ਉਸ ਨੂੰ ਢੁੱਕਵਾਂ ਮੌਕਾ ਦੇ ਦੇਣਗੇ। ਵਾਡਰਾ ਲੋਕਾਂ ਕੋਲ ਪੀੜਤ ਬਣ ਕੇ ਪੇਸ਼ ਹੋਵੇਗਾ। ਭਾਜਪਾ ਦੇ ਆਗੂ ਇਹ ਨੁਕਤਾ ਵਿਚਾਰਨ ਦੀ ਥਾਂ ਇਸ ਗੱਲੋਂ ਖੁਸ਼ ਹਨ ਕਿ ਸੋਨੀਆ ਗਾਂਧੀ ਦਾ ਜਵਾਈ ਘੇਰ ਲਿਆ ਹੈ।
ਵਕਤ ਇਸ ਪੱਖੋਂ ਸੰਭਾਲਣ ਵਾਲਾ ਹੈ ਕਿ ਪਾਕਿਸਤਾਨ ਦੋਹਰੀ ਹਮਲਾਵਰੀ ਕਰ ਰਿਹਾ ਹੈ। ਇੱਕ ਤਾਂ ਉਹ ਥੋੜ੍ਹੇ-ਥੋੜ੍ਹੇ ਚਿਰ ਬਾਅਦ ਭਾਰਤ ਵੱਲ ਦਹਿਸ਼ਤਗਰਦਾਂ ਦਾ ਕੋਈ ਨਾ ਕੋਈ ਟੋਲਾ ਭੇਜਦਾ ਅਤੇ ਸਰਹੱਦੋਂ ਪਾਰ ਤੋਂ ਗੋਲੀਬੰਦੀ ਦੀ Àਲੰਘਣਾ ਕਰ ਕੇ ਲੋਕਾਂ ਦਾ ਨੁਕਸਾਨ ਕਰੀ ਜਾਂਦਾ ਹੈ। ਦੂਸਰਾ ਉਹ ਹੁਣ ਆਪਣੇ Àੱਤੇ ਲੱਗ ਰਹੇ ਦੋਸ਼ਾਂ ਦਾ ਜਵਾਬ ਦੇਣ ਦੀ ਥਾਂ ਭਾਰਤ ਨੂੰ ਉਲਟਾ ਇਹ ਕਹਿ ਕੇ ਘੇਰਨ ਤੁਰ ਪਿਆ ਹੈ ਕਿ ਪਾਕਿਸਤਾਨ ਦੇ ਅੰਦਰ ਹੁੰਦੀਆਂ ਦਹਿਸ਼ਤਗਰਦ ਵਾਰਦਾਤਾਂ ਦੇ ਪਿੱਛੇ ਇਸ ਦਾ ਹੱਥ ਹੈ। ਅਸਲੀਅਤ ਸਾਰੀ ਦੁਨੀਆ ਜਾਣਦੀ ਹੈ। ਜਿਹੜੀ ਗੱਲ ਸਮਝਣ ਵਾਲੀ ਹੈ, ਉਹ ਇਹ ਕਿ ਜਦੋਂ ਕੋਈ ਇੱਕੋ ਗੱਲ ਮੁੜ-ਮੁੜ ਦੁਹਰਾਈ ਜਾਵੇ ਤਾਂ ਕਿਸੇ ਵਕਤ ਹੋਰ ਲੋਕ ਇਹੋ ਜਿਹਾ ਰੌਲਾ ਸੁਣਨ ਲੱਗ ਪੈਂਦੇ ਹਨ ਅਤੇ ਫਿਰ ਇਸ ਦਾ ਅਸਰ ਵੀ ਕਬੂਲਦੇ ਹਨ। ਨਰਸਿਮਹਾ ਰਾਓ ਦੇ ਵਕਤ ਯੂ ਐੱਨ ਓ ਵਿੱਚ ਭਾਰਤ ਦਾ ਪੱਖ ਪੇਸ਼ ਕਰਨ ਲਈ ਕਾਂਗਰਸੀ ਆਗੂ ਵੀ ਗਏ ਸਨ, ਪਰ ਇਸ ਵਫਦ ਦਾ ਮੁਖੀ ਅਟਲ ਬਿਹਾਰੀ ਵਾਜਪਾਈ ਬਣਾਇਆ ਗਿਆ ਸੀ। ਇਸ ਦਾ ਸੰਸਾਰ ਵਿੱਚ ਅਸਰ ਪਿਆ ਸੀ। ਜਵਾਬ ਵਿੱਚ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਵਿਰੋਧੀ ਧਿਰ ਦੇ ਆਗੂ ਨਵਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਾ ਪੱਖ ਪੇਸ਼ ਕਰਨ ਲਈ ਸਾਂਝੇ ਵਫਦ ਦੀ ਅਗਵਾਈ ਲਈ ਕਿਹਾ ਸੀ ਤੇ ਉਹ ਮੰਨਿਆ ਨਹੀਂ ਸੀ। ਉਨ੍ਹਾਂ ਦੇ ਘਰ ਵਿੱਚ ਪਈ ਇਸ ਫੁੱਟ ਦਾ ਅਸਰ ਭਾਰਤ ਵਾਲੇ ਅਸਰ ਤੋਂ ਉਲਟਾ ਪਿਆ ਸੀ।
ਅੱਜ ਦੀ ਭਾਰਤੀ ਲੀਡਰਸ਼ਿਪ ਨੂੰ, ਹਾਕਮ ਤੇ ਵਿਰੋਧੀ ਦੋਵਾਂ ਧਿਰਾਂ ਦੀ ਲੀਡਰਸ਼ਿਪ ਨੂੰ, ਫਿਰ ਓਦੋਂ ਵਾਲੇ ਇੱਕੋ ਸੁਰ ਵਾਲੇ ਪੈਂਤੜੇ ਉੱਤੇ ਆਉਣ ਦੀ ਲੋੜ ਹੈ। ਦੇਸ਼ ਦੇ ਹਿੱਤ ਰਾਜਨੀਤੀ ਤੋਂ ਉੱਪਰ ਚਾਹੀਦੇ ਹਨ।