ਖਾਲੀ ਅਸਾਮੀਆਂ ਭਰ ਕੇ ਮੁਲਾਜ਼ਮ ਵਿਰੋਧੀ ਫੈਸਲੇ ਵਾਪਸ ਲਏ ਜਾਣ : ਚਾਹਲ

ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਏਟਕ) ਦੀ ਸੂਬਾ ਪੱਧਰੀ ਕਨਵੈਨਸ਼ਨ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਪੂਰੇ ਜੋਸ਼-ਖਰੋਸ਼ ਨਾਲ ਹੋਈ, ਜਿਸ ਵਿੱਚ ਪੰਜਾਬ ਭਰ ਤੋਂ ਬਿਜਲੀ ਬੋਰਡ, ਰੋਡਵੇਜ਼ ਟੀਚਰ, ਫੋਰਥ ਕਲਾਸ, ਪੰਜਾਬ ਪੈਨਸ਼ਨਰ, ਆਂਗਣਵਾੜੀ, ਆਸ਼ਾ ਵਰਕਰਜ਼, ਮਨਰੇਗਾ, ਡਰਾਇਵਰਜ਼ ਤੇ ਸਫਾਈ ਸੇਵਕ ਕਾਮਿਆਂ ਦੇ ਲੀਡਰ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਕਨਵੈਨਸ਼ਨ ਵਿਚ ਸਮੁੱਚੇ ਮੁਲਾਜ਼ਮਾਂ ਤੇ ਲੀਡਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਗੁੱਸਾ ਸੀ ਕਿ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ, ਪ੍ਰਮੁੱਖ ਸਕੱਤਰ ਤੇ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਨਾਲ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਵਿਚਕਾਰ ਲਗਾਤਾਰ ਮੀਟਿੰਗਾਂ ਹੋਈਆਂ ਹਨ, ਪਰ ਅਫਸੋਸ ਹੈ ਕਿ ਮੰਨੀਆਂ ਹੋਈਆਂ ਮੰਗਾਂ ਵੀ ਸਰਕਾਰ ਲਾਗੂ ਕਰਨ ਲਈ ਤਿਆਰ ਨਹੀਂ ਹੈ, ਜਿਸ ਕਰਕੇ ਅੱਜ ਪੰਜਾਬ ਦਾ ਸਮੁੱਚਾ ਕਾਮਾ ਸੰਘਰਸ਼ ਕਰਨ ਲਈ ਮਜਬੂਰ ਹੈ। ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਾਥੀ ਜਗਦੀਸ਼ ਸਿੰਘ ਚਾਹਲ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਿਹਾੜੀਦਾਰ, ਕੰਟਰੈਕਟ, ਥਰੂ ਕੰਟਰੈਕਟ ਤੇ ਕੇਂਦਰੀ ਸਕੀਮਾਂ ਅਧੀਨ ਨਿਯੁਕਤ ਸਮੂਹ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਮਹਿੰਗਾਈ ਭੱਤੇ ਦੀਆਂ ਡਿਊ ਕਿਸ਼ਤਾਂ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, 6ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨਾ ਤੇ ਇਸਦਾ ਚੇਅਰਮੈਨ ਹਾਈਕੋਰਟ ਦਾ ਸਾਬਕਾ ਜੱਜ ਲਗਾਉਣਾ, ਸਮੁੱਚੇ ਮੁਲਾਜ਼ਮਾਂ ਨੂੰ ਕੈਸ਼ਲੈੱਸ ਹੈਲਥ ਸਕੀਮ ਲਾਗੂ ਕਰਨਾ, ਆਂਗਣਵਾੜੀ, ਆਸ਼ਾ ਵਰਕਰਜ਼, ਮਿਡ ਡੇ ਮੀਲ ਤੇ ਕੇਂਦਰੀ ਸਕੀਮਾਂ ਅਧੀਨ ਕੰਮ ਕਰਦੇ ਵਰਕਰਾਂ ਉਪਰ ਘੱਟੋ-ਘੱਟ ਉਜਰਤ ਲਾਗੂ ਕਰਨਾ, ਮੁਲਾਜ਼ਮ ਦੋਖੀ ਪੱਤਰ ਵਾਪਸ ਲੈਣਾ, ਵੱਖ-ਵੱਖ ਵਿਭਾਗਾਂ ਅੰਦਰ ਪਈਆਂ ਖਾਲੀ ਪੋਸਟਾਂ ਤੁਰੰਤ ਭਰਨਾ ਅਤੇ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦਾ ਨਿੱਜੀਕਰਣ ਬੰਦ ਕਰਨਾ ਆਦਿ ਬਾਰੇ ਸਰਕਾਰ ਨੂੰ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਅਤੇ ਮੁਲਾਜ਼ਮਾਂ ਅੰਦਰ ਪਾਈ ਜਾ ਰਹੀ ਬੇਚੈਨੀ ਦੂਰ ਕਰਨੀ ਚਾਹੀਦੀ ਹੈ।ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ 5 ਮਈ ਨੂੰ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਫੋਰਥ ਕਲਾਸ ਤੇ ਡਰਾਇਵਰਾਂ ਦੀ ਭਰਤੀ ਉਪਰ ਲੱਗੀ ਪਾਬੰਦੀ ਵਾਲਾ ਪੱਤਰ ਵਾਪਸ ਲਿਆ ਸੀ, ਪਰ 12 ਮਈ 2015 ਨੂੰ ਦੁਬਾਰਾ ਫਿਰ ਫੋਰਥ ਕਲਾਸ ਤੇ ਡਰਾਇਵਰਾਂ ਦੀ ਭਰਤੀ 'ਤੇ ਪਾਬੰਦੀ ਦਾ ਪੱਤਰ ਜਾਰੀ ਕਰਨਾ ਸਰਕਾਰ ਦਾ ਮੱਧ ਵਰਗ ਤੇ ਗਰੀਬ ਲੋਕਾਂ ਪ੍ਰਤੀ ਮਾਰੂ ਫੈਸਲਾ ਹ,ੈ ਜਿਸਨੂੰ ਪੰਜਾਬ ਦਾ ਮੁਲਾਜ਼ਮ ਵਰਗ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ।ਇਸ ਪੱਤਰ ਵਿਰੁੱਧ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਮੁੱਖ ਸਲਾਹਕਾਰ ਰੁਜ਼ਗਾਰ ਪ੍ਰਾਪਤੀ ਮੁਹਿੰਮ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਇਸਨੇ ਕਾਂਗਰਸ ਸਰਕਾਰ ਦੀਆਂ ਸ਼ੁਰੂ ਕੀਤੀਆਂ ਉਦਾਰੀਕਰਣ, ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਬੜੀ ਤੇਜ਼ੀ ਨਾਲ ਫੈਸਲੇ ਕਰਨੇ ਸ਼ੂਰੂ ਕੀਤੇ ਹਨ, ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਰਤ ਕਾਨੂੰਨਾਂ ਵਿੱਚ ਸੋਧ ਕਰਕੇ ਸਰਮਾਏਦਾਰੀ ਪੱਖੀ ਕਾਨੂੰਨ ਹੋਂਦ ਵਿੱਚ ਲਿਆਂਦੇ ਜਾ ਰਹੇ ਹਨ, ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਦੇਣ ਲਈ ਭੂਮੀ ਅਧਿਗ੍ਰਹਿਣ ਕਾਨੂੰਨ ਪਾਸ ਕਰਾਉਣ ਲਈ ਸਰਕਾਰ ਬਜ਼ਿੱਦ ਹੈ, ਰੋਡ ਸੇਫਟੀ ਬਿੱਲ ਪਾਸ ਕਰਵਾ ਕੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਤੇ ਰੁਜ਼ਗਾਰ ਖੋਹਿਆ ਜਾ ਰਿਹਾ ਹੈ, ਜਿਸ ਕਰਕੇ ਸਾਰੇ ਦੇਸ਼ ਵਿੱਚ ਸਰਕਾਰ ਵਿਰੋਧੀ ਲਹਿਰ ਖੜੀ ਹੋ ਰਹੀ ਹੈ, ਜਿਸ ਸਦਕਾ 2 ਸਤੰਬਰ ਨੂੰ ਸਮੁੱਚਾ ਭਾਰਤ ਬੰਦ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ।ਸਾਥੀ ਸੱਜਣ ਸਿੰਘ ਚੇਅਰਮੈਨ ਪੀ.ਐੱਸ.ਐੱਸ.ਐੱਫ ਤੇ ਕਨਵੀਨਰ ਪੰਜਾਬ ਐਂਡ ਯੂ.ਟੀ. ਸੰਘਰਸ਼ ਕਮੇਟੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ 20 ਅਗਸਤ ਨੂੰ ਪਟਿਆਲੇ , 25 ਅਗਸਤ ਨੂੰ ਜਲੰਧਰ ਅਤੇ 28 ਅਗਸਤ ਨੂੰ ਬਠਿੰਡਾ ਵਿਖੇ ਸ਼ਾਨਦਾਰ ਕਨਵੈਨਸ਼ਨਾਂ ਕਰਨਗੇ। ਚੰਡੀਗੜ੍ਹ ਵਿੱਚ ਜੋ ਮੁਲਾਜ਼ਮ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਹੋਏ ਫੈਸਲੇ ਮੁਤਾਬਕ 11 ਅਗਸਤ ਨੂੰੰ ਜ਼ਿਲ੍ਹਾ ਪੱਧਰ 'ਤੇ ਸਾਂਝੀਆਂ ਮੀਟਿੰਗਾਂ ਕਰਕੇ ਹੋਏ ਫੈਸਲੇ ਲਾਗੂ ਕੀਤੇ ਜਾਣਗੇ, ਜਿਨ੍ਹਾਂ ਵਿੱਚ 17, 18, 19 ਅਗਸਤ ਨੂੰ ਡੀ.ਸੀ. ਦਫਤਰਾਂ 'ਤੇ ਭੁੱਖ ਹੜਤਾਲਾਂ ਤੇ ਰੈਲੀਆਂ ਕੀਤੀਆਂ ਜਾਣਗੀਆਂ, 24 ਅਗਸਤ ਤੋਂ 31 ਅਗਸਤ ਤੱਕ ਬਲਾਕ ਪੱਧਰ 'ਤੇ ਅਰਥੀਫੂਕ ਰੈਲੀਆਂ ਕਰਨ ਦੇ ਕੀਤੇ ਫੈਸਲਿਆਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਮੁਲਾਜ਼ਮਾਂ ਦੇ ਗੁੱਸੇ ਨੂੰ ਫਿਰ ਵੀ ਨਾ ਭਾਂਪਿਆਂ ਤਾਂ 6 ਸਤੰਬਰ ਨੂੰ ਸਾਂਝੀ ਸੰਘਰਸ਼ ਕਮੇਟੀ ਦੀ ਮੀਟਿੰਗ ਕਰਕੇ ਕੋਈ ਸਖਤ ਫੈਸਲਾ ਲਿਆ ਜਾਵੇਗਾ। ਕਨਵੈਨਸ਼ਨ ਵਿੱਚ ਮੁੱਖ ਤੌਰ 'ਤੇ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਾਥੀ ਚਰਨ ਸਿੰਘ ਸਰਾਭਾ, ਸਾਥੀ ਰਣਜੀਤ ਸਿੰਘ ਰਾਣਵਾਂ, ਬਲਕਾਰ ਸਿੰਘ ਵਲਟੋਹਾ, ਫਰੇਮ ਚਾਵਲਾ, ਕੁਲਦੀਪ ਸਿੰਘ ਹੁਸ਼ਿਆਰਪੁਰ, ਗੁਰਮੇਲ ਸਿੰਘ ਮੈਡਲੇ, ਸਤਨਾਮ ਸਿੰਘ ਛਲੇੜੀ, ਜਗਦੀਸ਼ ਕੁਮਾਰ ਜ:ਸਕੱਤਰ ਬਿਜਲੀ ਬੋਰਡ, ਜਗਮੇਲ ਸਿੰਘ ਪੱਖੋਵਾਲ, ਵਰਿੰਦਰ ਕੁਮਾਰ ਪ੍ਰਧਾਨ, ਅਮ੍ਰਤਪਾਲ ਸਿੰਘ, ਬੀਬੀ ਸਰੋਜ ਛੱਪੜੀਵਾਲ , ਜੀਤ ਕੌਰ ਆਸ਼ਾ ਵਰਕਰਜ਼, ਉਤਮ ਚੰਦ ਬਾਗੜੀ, ਭੁਪਿੰਦਰ ਸਿੰਘ ਸੇਖੋਂ ਤੇ ਬਚਿੱਤਤਰ ਸਿੰਘ ਧੋਥੜ ਆਦਿ ਬੁਲਰਿਆਂ ਨੇ ਸੰਬੋਧਨ ਕੀਤਾ ।