ਮਾਮਲਾ ਸੂਬਾ ਪ੍ਰਧਾਨਗੀ ਦਾ; ਕੈਪਟਨ ਅੜੀ ਛੱਡਣ ਲਈ ਤਿਆਰ ਨਹੀਂ

ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਪ੍ਰਧਾਨਗੀ ਦੀ ਕਲਗੀ ਕਿਸੇ ਹੋਰ ਨੂੰ ਲਾਉਣ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਲਟਕਿਆ ਪਿਆ ਹੈ। ਇਸ ਅਹੁਦੇ ਲਈ ਕਦੇ ਲਾਲ ਸਿੰਘ, ਕਦੇ ਰਵਨੀਤ ਸਿੰਘ ਬਿੱਟੂ ਤੇ ਕਦੇ ਬੀਬੀ ਅੰਬਿਕਾ ਸੋਨੀ ਦਾ ਨਾਂਅ ਚਰਚਾ 'ਚ ਆਉਂਦਾ ਰਿਹਾ ਹੈ। ਇਨ੍ਹਾਂ ਨਾਵਾਂ ਦੇ ਚੱਲਦਿਆਂ ਜਿਹੜਾ ਨਾਂਅ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ, ਉਹ ਕੈਪਟਨ ਅਮਰਿੰਦਰ ਸਿੰਘ ਹੈ। ਕਾਂਗਰਸ ਪਾਰਟੀ ਦੇ ਅੰਦਰ ਇਹ ਗੱਲ ਆਮ ਹੀ ਸੁਣਨ ਨੂੰ ਮਿਲ ਜਾਂਦੀ ਹੈ ਕਿ ਬਾਦਲਾਂ ਦਾ ਮੁਕਾਬਲਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਕਰ ਸਕਦੈ। ਇਹ ਗੱਲ ਕਾਂਗਰਸ ਦੀ ਹਾਈ ਕਮਾਨ ਵੀ ਜਾਣਦੀ ਹੈ ਕਿ ਪੰਜਾਬ ਦੇ ਰਾਜਸੀ ਵਰਤਾਰੇ ਵਿੱਚ ਕੈਪਟਨ ਹੀ ਪੰਜਾਬ ਕਾਂਗਰਸ ਦੀ ਕਪਤਾਨੀ ਲਈ ਕਾਰਗਰ ਹੈ, ਤਾਂ ਫਿਰ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਕਿਉਂ ਨਹੀਂ ਸੌਂਪੀ ਜਾ ਰਹੀ? ਇਸ ਸਵਾਲ ਦਾ ਜਵਾਬ ਜਾਣਨ ਲਈ ਕੋਸ਼ਿਸ਼ ਕੀਤੀ ਗਈ ਤਾਂ ਕੁਝ ਗੱਲਾਂ ਸਾਹਮਣੇ ਆਈਆਂ।
ਇਹ ਗੱਲ ਸਭ ਜਾਣਦੇ ਹਨ ਕਿ ਕਾਂਗਰਸ ਹਾਈ ਕਮਾਨ ਪਹਿਲੇ ਸਮਿਆਂ ਨਾਲੋਂ ਬਹੁਤ ਕਮਜ਼ੋਰ ਹੋ ਚੁੱਕੀ ਹੈ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪ੍ਰਤਾਪ ਸਿੰਘ ਬਾਜਵਾ ਨੂੰ ਮੌਜੂਦਾ ਹਾਈ ਕਮਾਨ ਨੇ ਹੀ ਸੌਂਪੀ ਸੀ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ 'ਸ਼ਾਹੀ ਹੱਠ' ਕਿ ਬਾਜਵਾ ਨੂੰ ਲਾਹ ਕੇ ਪ੍ਰਧਾਨਗੀ ਉਸ ਨੂੰ ਸੌਂਪੀ ਜਾਵੇ; ਅੱਗੇ ਹਾਈ ਕਮਾਨ ਝੁਕ ਕੇ ਹੋਰ ਔਕੜਾਂ ਸਹੇੜਨਾ ਨਹੀਂ ਚਾਹੁੰਦੀ। ਮੌਜੂਦਾ ਰਾਜਸੀ ਵਰਤਾਰੇ ਅਨੁਸਾਰ ਹਿੰਦੁਸਤਾਨ ਪੱਧਰ 'ਤੇ ਕਾਂਗਰਸ ਅੰਦਰ ਹਰੇਕ ਰਾਜ 'ਚ 'ਕੈਪਟਨ' ਬੈਠੇ ਹਨ। ਪੰਜਾਬ ਅੰਦਰ ਕੈਪਟਨ ਅਮਰਿੰਦਰ ਦੀ 'ਅੜੀ' ਮੰਨ ਕੇ ਹਾਈ ਕਮਾਨ ਭਾਰਤ ਦੇ ਹੋਰ 'ਅੜੀਅਲਾਂ' ਨੂੰ ਮੌਕਾ ਨਹੀਂ ਦੇਣਾ ਚਾਹੁੰਦੀ।
ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੱਠ 'ਤੇ ਕਾਇਮ ਹਨ। ਕਾਂਗਰਸ ਦੇ ਜ਼ਿਮੇਵਾਰ ਸੂਤਰਾਂ ਤੋਂ ਕੰਨਸੋਆਂ ਹਨ ਕਿ ਮਹਾਰਾਜਾ ਅਮਰਿੰਦਰ ਨੂੰ ਪੰਜਾਬ ਕਾਂਗਰਸ ਪ੍ਰਧਾਨਗੀ ਨਹੀਂ ਮਿਲਦੀ ਤਾਂ ਉਹ ਸਿਆਸੀ ਤੌਰ 'ਤੇ ਹੋਰ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇਹ ਫੈਸਲਾ ਕੈਪਟਨ ਵਾਸਤੇ ਕਿੰਨਾ ਕੁ ਫਾਇਦੇਮੰਦ ਸਾਬਤ ਹੁੰਦਾ ਹੈ, ਇਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ, ਪਰ ਕਾਂਗਰਸ ਪਾਰਟੀ ਲਈ ਕਾਫ਼ੀ ਨੁਕਸਾਨਦਾਇਕ ਹੋਣ ਦੀ ਗੱਲ ਕਾਂਗਰਸ ਦੇ ਕਈ ਆਗੂ ਖੁਦ ਹੀ ਮੰਨ ਰਹੇ ਹਨ। ਇਨ੍ਹਾਂ ਆਗੂਆਂ ਵਿੱਚੋਂ ਹੀ ਕੁਝ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਦੀਆਂ ਸਿਆਸੀ 'ਤਾਰਾਂ' ਪੰਜਾਬ ਭਾਜਪਾ ਨਾਲ ਵੀ ਜੁੜੀਆਂ ਹੋਈਆਂ ਹਨ।
ਕੰਨਸੋਆਂ ਤਾਂ ਇਹ ਵੀ ਹਨ ਕਿ ਪੀ ਪੀ ਪੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਦਾ ਕਾਂਗਰਸ 'ਚ ਸ਼ਾਮਲ ਹੋਣਾ ਤੈਅ ਹੈ ਅਤੇ ਭਾਜਪਾ ਦਾ ਅਕਾਲੀ ਦਲ (ਬਾਦਲ) ਨਾਲੋਂ ਤੋੜ-ਵਿਛੋੜੇ ਦਾ ਅਮਲ ਆਖਰੀ ਪੜਾਅ ਵਿੱਚ ਹੈ।