Latest News

ਖੇਤ ਮਜ਼ਦੂਰਾਂ ਦੀ ਵਿਸ਼ਾਲ ਰੈਲੀ 18 ਸਤੰਬਰ ਨੂੰ

18 ਸਤੰਬਰ ਨੂੰ ਚੰਡੀਗੜ੍ਹ ਵਿਚ ਖੇਤ ਮਜ਼ਦੂਰਾਂ ਦੀ ਇਕ ਜ਼ਬਰਦਸਤ ਰੈਲੀ ਕਰਕੇ ਉਹਨਾਂ ਉਤੇ ਹੁੰਦੀਆਂ ਬੇਇਨਸਾਫੀਆਂ ਖਿਲਾਫ, ਉਹਨਾਂ ਦੀਆਂ ਬਾਵਕਾਰ ਜ਼ਿੰਦਗੀ ਲਈ ਭਖਦੀਆਂ ਮੰਗਾਂ, ਉਹਨਾਂ ਅਤੇ ਔਰਤਾਂ ਉਤੇ ਅੱਤਿਆਚਾਰਾਂ ਵਿਰੁੱਧ ਆਵਾਜ਼ ਚੁੱਕੀ ਜਾਵੇਗੀ।
ਇਹ ਜਾਣਕਾਰੀ ਭਾਰਤੀ ਖੇਤ ਮਜ਼ਦੂਰ ਯੂਨੀਅਨ (ਬੀ ਕੇ ਐੱਮ ਯੂ), ਜਿਸ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਵੀ ਸੰਬੰਧਤ ਹੈ, ਦੇ ਕੌਮੀ ਜਨਰਲ ਸਕੱਤਰ ਨਗਿੰਦਰ ਨਾਥ ਓਝਾ ਨੇ ਸੀ ਪੀ ਆਈ ਦੀ ਪੰਜਾਬ ਸੂਬਾ ਕੌਂਸਲ ਦੀ ਅਮਰਜੀਤ ਸਿੰਘ ਆਸਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਦਿੱਤੀ। ਸਾਥੀ ਓਝਾ ਨੇ ਦੱਸਿਆ ਕਿ ਅੱਜ ਤੋਂ 47 ਸਾਲ ਪਹਿਲਾਂ ਪੰਜਾਬ ਦੇ ਇਤਿਹਾਸਕ ਸ਼ਹਿਰ ਮੋਗਾ ਵਿਚ ਹੀ ਖੇਤ ਮਜ਼ਦੂਰਾਂ ਦੀ ਇਸ ਸੰਘਰਸ਼ਸ਼ੀਲ ਜਥੇਬੰਦੀ ਦੀ ਨੀਂਹ ਰੱਖੀ ਗਈ। ਉਹਨਾ ਜਥੇਬੰਦੀ ਦੇ ਸੰਸਥਾਪਕਾਂ ਮਾਸਟਰ ਹਰੀ ਸਿੰਘ, ਰੁਲਦੂ ਖਾਨ ਅਤੇ ਭਾਨ ਸਿੰਘ ਭੌਰਾ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਅੱਜ 47 ਸਾਲਾਂ ਬਾਅਦ ਖੇਤ ਮਜ਼ਦੂਰਾਂ ਅਤੇ ਪਾਰਟੀ ਲਈ ਚੁਣੌਤੀਆਂ ਭਰਪੂਰ ਸਮੇਂ ਵਿਚ ਯੂਨੀਅਨ ਦੀ 13ਵੀਂ ਕੌਮੀ ਕਾਨਫਰੰਸ 18 ਤੋਂ 20 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਹੈ, ਜਿਸ ਦੇ ਪਹਿਲੇ ਦਿਨ 10 ਹਜ਼ਾਰ ਤੋਂ ਵੱਧ ਗਿਣਤੀ ਵਿਚ ਖੇਤ ਮਜ਼ਦੂਰ ਚੰਡੀਗੜ੍ਹ ਵਿਚ ਜ਼ੋਰਦਾਰ ਰੈਲੀ ਕਰਕੇ ਇਸ ਕਾਨਫਰੰਸ ਦਾ ਆਗਾਜ਼ ਕਰਨਗੇ, ਜਿਸ ਨੂੰ ਸੀ ਪੀ ਆਈ ਦੇ ਜਨਰਲ ਸਕੱਤਰ ਸੁਧਾਕਰ ਰੈਡੀ, ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਆਗੂ ਅਤੇ ਖੇਤ ਮਜ਼ਦੂਰ ਸਭਾ ਅਤੇ ਪਾਰਟੀ ਦੇ ਸੂਬਾਈ ਆਗੂ ਵੀ ਮੁਖਾਤਬ ਕਰਨਗੇ।
ਉਹਨਾ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਵਿਚ ਜੁਝਾਰੂ ਅੰਦੋਲਨਾਂ ਸਦਕਾ 1968 ਤੋਂ 1977 ਦਾ ਸਮਾਂ ਖੇਤ ਮਜ਼ਦੂਰਾਂ ਲਈ ਸੁਨਹਿਰੀ ਯੁੱਗ ਸੀ। ਇਸ ਸਮੇਂ ਦੌਰਾਨ ਜ਼ਮੀਨੀ ਸੁਧਾਰਾਂ ਲਈ ਘੋਲ ਹੋਏ, ਘੱਟੋ-ਘੱਟ ਉਜਰਤਾਂ ਤੈਅ ਕੀਤੀਆਂ ਗਈਆਂ, ਭਾਵੇਂ ਮਿਲਦੀਆਂ ਅੱਜ ਵੀ ਨਹੀਂ, ਲੋਕ ਭਲਾਈ ਸਕੀਮਾਂ ਇੰਦਰਾ ਆਵਾਸ ਯੋਜਨਾ, ਬੰਧੂਆ ਮਜ਼ਦੂਰੀ ਦਾ ਖਾਤਮਾ, ਰੁਜ਼ਗਾਰ ਸੰਬੰਧੀ ਜਵਾਹਰ ਰੋਜ਼ਗਾਰ ਯੋਜਨਾ ਵਰਗੇ ਕਦਮ ਆਏ। ਸਾਡਾ ਸੰਗਠਨ ਖੇਤ ਮਜ਼ਦੂਰਾਂ ਦੀਆਂ ਮੰਗਾਂ ਲੈ ਕੇ ਪਾਰਲੀਮੈਂਟ ਆਇਆ ਤੇ ਮਨਰੇਗਾ ਵਰਗੀਆਂ ਸਕੀਮਾਂ ਆਈਆਂ।
ਹਰਦੇਵ ਅਰਸ਼ੀ ਸਕੱਤਰ ਪੰਜਾਬ ਸੂਬਾ ਕੌਂਸਲ ਸੀ ਪੀ ਆਈ ਨੇ ਕਾਨਫਰੰਸ ਨੂੰ ਸਫਲ ਕਰਨ ਲਈ ਹਰ ਕਿਸਮ ਦਾ ਸਹਿਯੋਗ ਦੇਣ ਦਾ ਵਚਨ ਕੀਤਾ। ਉਹਨਾ ਕਿਹਾ ਕਿ ਖੇਤ ਮਜ਼ਦੂਰ ਸਭਾ ਨੂੰ ਸਾਰੇ ਪੰਜਾਬ ਵਿਚ ਫੈਲਾਇਆ ਜਾਵੇਗਾ।
ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਤੇ ਕੌਮੀ ਕੌਂਸਲ ਸੀ ਪੀ ਆਈ ਦੇ ਮੈਂਬਰ ਭੁਪਿੰਦਰ ਸਾਂਬਰ ਨੇ 6 ਖੱਬੀਆਂ ਪਾਰਟੀਆਂ ਦੀਆਂ ਅਵਾਮੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੇ ਨਾਲ ਹੀ ਪੰਜਾਬ ਵਿਚ ਕੀਤੀ ਜਾ ਰਹੀ ਖੇਤ ਮਜ਼ਦੂਰਾਂ ਦੀ ਕੌਮੀ ਕਾਨਫਰੰਸ ਨੂੰ ਸਫਲ ਕਰਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।
ਪੰਜਾਬ ਏਟਕ ਦੇ ਪ੍ਰਧਾਨ ਅਤੇ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਬੰਤ ਸਿੰਘ ਬਰਾੜ ਨੇ ਕੌਮੀ ਟਰੇਡ ਯੂਨੀਅਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ 2 ਸਤੰਬਰ ਦੀ ਹੜਤਾਲ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਨੂੰ ਪੰਜਾਬ ਦੀ ਮੁਕੰਮਲ ਹੜਤਾਲ ਵੱਲ ਵਧਾਉਣ ਦਾ ਸੱਦਾ ਦਿੱਤਾ। ਉਹਨਾ ਖੇਤ ਮਜ਼ਦੂਰ ਕਾਨਫਰੰਸ ਨੂੰ ਪੂਰੇ ਸਹਿਯੋਗ ਦਾ ਭਰੋਸਾ ਦੁਆਇਆ।
ਹਰਦੇਵ ਸਿੰਘ ਅਰਸ਼ੀ ਸਕੱਤਰ ਸੂਬਾ ਕੌਂਸਲ ਨੇ ਪਿਛਲੇ ਸਮੇਂ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਮਾਰਚ ਦੇ ਅਖੀਰ ਵਿਚ ਹੋਈ ਪਾਰਟੀ ਕਾਂਗਰਸ ਤੋਂ ਬਾਅਦ ਦੀਆਂ ਕੌਮੀ ਅਤੇ ਕੌਮਾਂਤਰੀ ਘਟਨਾਵਾਂ, ਕੌਮੀ ਕੌਂਸਲ ਦੀ ਚੰਡੀਗੜ੍ਹ ਮੀਟਿੰਗ, ਧੂਰੀ ਉਪ-ਚੋਣ, ਖੱਬੀਆਂ ਪਾਰਟੀਆਂ ਦੇ ਅੰਦੋਲਨ, ਪੰਜਾਬ ਦੀ ਆਰਥਕ, ਸਮਾਜਕ ਸਥਿਤੀ, ਦੀਨਾ ਨਗਰ ਅੱਤਵਾਦੀ ਹਮਲਾ, 14 ਮਈ ਦਾ ਜੇਲ੍ਹ ਭਰੋ ਅੰਦੋਲਨ, ਮੋਗਾ ਬੱਸ ਕਾਂਡ, ਫਰੀਦਕੋਟ ਬੱਸ ਕਾਂਡ ਅਤੇ ਹੋਰ ਸਰਗਰਮੀਆਂ ਸ਼ਾਮਲ ਹਨ।
ਸ੍ਰੀ ਅਰਸ਼ੀ ਨੇ ਪੰਜਾਬ ਦੀ ਨਿਘਰ ਰਹੀ ਅਮਨ ਕਾਨੂੰਨ ਦੀ ਹਾਲਤ, ਪ੍ਰਚੱਲਤ ਭ੍ਰਿਸ਼ਟਾਚਾਰ, ਮਾਫੀਆ ਰਾਜ, ਜਮਹੂਰੀਅਤ ਉਤੇ ਹਮਲਿਆਂ, ਔਰਤਾਂ, ਦਲਿਤਾਂ ਅਤੇ ਮੁਲਾਜ਼ਮਾਂ ਉਤੇ ਹਮਲਿਆਂ ਦੀ ਸਖਤ ਨੁਕਤਾਚੀਨੀ ਕੀਤੀ ਅਤੇ ਇਸ ਵਿਰੁੱਧ ਏਕਤਾਬੱਧ ਹੋ ਕੇ ਘੋਲ ਦਾ ਸੱਦਾ ਦਿਤਾ।
ਗੁਲਜ਼ਾਰ ਗੋਰੀਆ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਪੰਜਾਬ ਇਕਾਈ ਦੀਆਂ ਕੌਮੀ ਕਾਨਫਰੰਸ ਲਈ ਤਿਆਰੀਆਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਵਿਚ ਕਾਨਫਰੰਸ ਨੂੰ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ ਹੈ।
ਆਰੰਭ ਵਿਚ ਮੀਟਿੰਗ ਨੇ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖਸੀਅਤਾਂ ਅਤੇ ਸਾਥੀਆਂ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ, ਕਾਮਰੇਡ ਜਗਜੀਤ ਸਿੰਘ ਆਨੰਦ, ਦੀਨਾਨਗਰ ਕਾਂਡ ਦੇ ਪੀੜਤ, ਪ੍ਰੀਤਮ ਪੰਧੇਰ, ਹਰਨਾਮ ਦਾਸ ਭਾਣੋਲੰਗਾ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

951 Views

e-Paper