ਜੇ ਵਿਰੋਧ ਦੀ ਜ਼ਬਾਨ ਬੰਦ ਹੀ ਕਰ ਦਿੱਤੀ ਜਾਵੇ ਤਾਂ...

ਕੇਂਦਰ ਦਾ ਰਾਜ ਚਲਾ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ ਹੁਣ ਬਹੁਤ ਆਰਾਮ ਨਾਲ ਕਾਰਵਾਈ ਚੱਲ ਰਹੀ ਹੈ। ਇਹ ਆਰਾਮ ਇਸ ਲਈ ਹੈ ਕਿ ਵਿਰੋਧੀ ਧਿਰ ਸਦਨ ਵਿੱਚ ਨਹੀਂ। ਕਾਂਗਰਸ ਦੀ ਚੁਤਾਲੀ ਮੈਂਬਰਾਂ ਦੀ ਛੋਟੀ ਜਿਹੀ ਗਿਣਤੀ ਵਿੱਚੋਂ ਪੰਝੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬਾਕੀ ਕਾਂਗਰਸ ਵਾਲੇ ਉਨ੍ਹਾਂ ਦੇ ਨਾਲ ਬਾਹਰ ਧਰਨਾ ਲਾ ਕੇ ਬੈਠ ਗਏ ਹਨ। ਵਿਰੋਧੀ ਧਿਰ ਦੀਆਂ ਕੁਝ ਪਾਰਟੀਆਂ ਨੇ ਉਨ੍ਹਾਂ ਨਾਲ ਬਾਹਰ ਬੈਠਣ ਦਾ ਐਲਾਨ ਕਰ ਦਿੱਤਾ। ਕਾਂਗਰਸ ਦੇ ਤਿੱਖੇ ਵਿਰੋਧ ਵਾਲੀਆਂ ਆਮ ਆਦਮੀ ਪਾਰਟੀ ਵਰਗੀਆਂ ਧਿਰਾਂ ਦੇ ਮੈਂਬਰ ਵੀ ਬਾਹਰ ਬੈਠ ਗਏ। ਕੁਝ ਧਿਰਾਂ ਅੰਦਰ ਗਈਆਂ ਤੇ ਸਰਕਾਰ ਨੂੰ ਹਾਲਾਤ ਸੰਭਾਲਣ ਲਈ ਕਿਹਾ। ਉਨ੍ਹਾਂ ਨਾਲ ਜਿਹੜਾ ਵਿਹਾਰ ਕੀਤਾ ਗਿਆ, ਉਸ ਤੋਂ ਸਾਫ਼ ਹੈ ਕਿ ਰਾਜ ਕਰਦੀ ਧਿਰ ਨੂੰ ਲੋਕਤੰਤਰੀ ਸਦਨ ਵਿੱਚ ਕਿਸੇ ਵੀ ਕਿਸਮ ਦਾ ਵਿਰੋਧ ਕੀ, ਕਿੰਤੂ ਕੀਤਾ ਜਾਣਾ ਵੀ ਪਸੰਦ ਨਹੀਂ। ਉਨ੍ਹਾਂ ਦਾ ਪੁੱਛਿਆ ਕੋਈ ਨੁਕਤਾ ਵੀ ਸੁਣਨ ਦੀ ਲੋੜ ਨਹੀਂ ਸਮਝੀ ਜਾਂਦੀ ਤੇ ਉਹ ਵਿਚਾਲੇ ਦਾ ਰਾਹ ਕੱਢਣ ਦੀ ਕੋਸ਼ਿਸ਼ ਨਾਕਾਮ ਹੋਣ ਪਿੱਛੋਂ ਵਾਕਆਊਟ ਕਰ ਕੇ ਬਾਹਰ ਜਾਣ ਨੂੰ ਮਜਬੂਰ ਹੋ ਜਾਂਦੀਆਂ ਹਨ। ਪਿੱਛੋਂ ਪਾਰਲੀਮੈਂਟ ਬੜੇ ਆਰਾਮ ਨਾਲ ਚੱਲਦੀ ਹੈ।
ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ। ਭਾਜਪਾ ਦੇ ਮੰਤਰੀ ਹਨ ਜਾਂ ਫਿਰ ਉਸ ਦੇ ਪਿੱਛਲੱਗ ਦਲਾਂ ਦੇ ਕੁਝ ਮੰਤਰੀ ਹਨ ਤੇ ਸਾਹਮਣੇ ਬੈਠੇ ਸਵਾਲ ਪੁੱਛਣ ਵਾਲੇ ਵੀ ਆਪਣੇ ਹੀ ਹਨ। ਉਹ ਪਹਿਲਾਂ ਤੈਅ ਕੀਤੇ ਵਾਂਗ ਸਵਾਲ ਪੁੱਛਦੇ ਅਤੇ ਜਵਾਬ ਸੁਣ ਕੇ ਮੰਚ ਦੇ ਪਾਤਰਾਂ ਵਾਂਗ ਚੁੱਪ ਹੋ ਜਾਂਦੇ ਹਨ। ਫਿਰ ਵੀ ਜੇ ਕੋਈ ਜ਼ਰਾ ਕੁ ਟੇਢੀ ਗੱਲ ਕਰ ਬੈਠਦਾ ਹੈ ਤਾਂ ਭਾਜਪਾ ਲੀਡਰਸ਼ਿਪ ਦੇ ਭਰਵੱਟੇ ਚੜ੍ਹ ਜਾਂਦੇ ਹਨ। ਭਾਰਤ ਦੇ ਸਾਬਕਾ ਗ੍ਰਹਿ ਸਕੱਤਰ ਤੇ ਹੁਣ ਦੇ ਭਾਜਪਾ ਪਾਰਲੀਮੈਂਟ ਮੈਂਬਰ ਨੇ ਦਹਿਸ਼ਤਗਰਦੀ ਦਾ ਮੁੱਦਾ ਚੁੱਕ ਲਿਆ। ਉਸ ਨੇ ਕਹਿ ਦਿੱਤਾ ਕਿ ਏਨੇ ਹਾਲਾਤ ਪਹਿਲਾਂ ਮਾੜੇ ਨਹੀਂ ਸਨ, ਜਿੰਨੇ ਹੁਣ ਹੋਈ ਜਾਂਦੇ ਹਨ। ਇਹ ਵੀ ਉਸ ਨੇ ਨਾਲ ਕਹਿ ਦਿੱਤਾ ਕਿ ਹਾਲਾਤ ਸੰਭਾਲਣ ਵਾਲੀ ਕੋਈ ਕੋਸ਼ਿਸ਼ ਤਸੱਲੀ ਬੰਨ੍ਹਾਉਣ ਵਾਲੀ ਨਹੀਂ। ਭਾਜਪਾ ਲੀਡਰ ਇਸ ਤੋਂ ਵੀ ਨਾਰਾਜ਼ ਹਨ। ਉਹ ਆਪਣੇ ਮੈਂਬਰ ਦੀ ਗੱਲ ਸੁਣ ਕੇ ਵੀ ਉਸ ਦੀ ਤਸੱਲੀ ਕਰਾਉਣ ਦੀ ਲੋੜ ਨਹੀਂ ਸਮਝਦੇ।
ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਦੀਆਂ ਖੱਬੇ ਬਲਾਕ ਅਤੇ ਸੱਜੇ ਪੱਖ ਦੀਆਂ ਸਾਰੀਆਂ ਪਾਰਟੀਆਂ ਦੇ ਮੈਂਬਰ ਚੁਣੀ ਹੋਈ ਪਾਰਲੀਮੈਂਟ ਦੀ ਮਰਿਯਾਦਾ ਦਾ ਖ਼ਿਆਲ ਨਹੀਂ ਸਨ ਰੱਖਦੇ, ਇਸ ਲਈ ਕਾਰਵਾਈ ਕੀਤੀ ਗਈ ਹੈ। ਪਾਰਲੀਮੈਂਟ ਦੀ ਮਰਿਯਾਦਾ ਦਾ ਖ਼ਿਆਲ ਭਾਜਪਾ ਕਦੋਂ ਤੋਂ ਕਰਨ ਲੱਗੀ ਹੈ, ਇਹ ਸਵਾਲ ਵੀ ਕਈ ਲੋਕ ਪੁੱਛੀ ਜਾਂਦੇ ਹਨ। ਹੁਣ ਤੱਕ ਸਾਰੇ ਸਮਿਆਂ ਵਿੱਚ ਪਾਰਲੀਮੈਂਟ ਨੂੰ ਅੜਿੱਕੇ ਲਾਉਣ ਦਾ ਕੰਮ ਕਰਨ ਵਿੱਚ ਵਿਰੋਧੀ ਧਿਰ ਦੇ ਬੈਂਚਾਂ ਉੱਤੇ ਹੁੰਦਿਆਂ ਖ਼ੁਦ ਭਾਜਪਾ ਸਭਨਾਂ ਤੋਂ ਅੱਗੇ ਹੋ ਕੇ ਕਰਦੀ ਰਹੀ ਹੈ। ਜਿਨ੍ਹਾਂ ਵਜ਼ੀਰਾਂ ਦੇ ਵਿਰੋਧ ਲਈ ਉਹ ਅਜਿਹਾ ਕਰਦੀ ਹੁੰਦੀ ਸੀ, ਉਨ੍ਹਾਂ ਵਿੱਚੋਂ ਕਈ ਇਸੇ ਦੇ ਪਾਏ ਰੌਲੇ ਕਾਰਨ ਅਸਤੀਫਾ ਦੇਣ ਪਿੱਛੋਂ ਅਗਲੀ ਚੋਣ ਤੱਕ ਭਾਜਪਾ ਵਿੱਚ ਚਲੇ ਜਾਂਦੇ ਰਹੇ ਹਨ। ਕਰੰਸੀ ਨੋਟਾਂ ਦੇ ਸਿਰਹਾਣੇ ਭਰਨ ਲਈ ਬਦਨਾਮ ਹੋਇਆ ਸੁਖ ਰਾਮ ਬਾਅਦ ਵਿੱਚ ਵਾਜਪਾਈ ਸਰਕਾਰ ਵਿੱਚ ਮੰਤਰੀ ਬਣ ਗਿਆ ਅਤੇ ਜਿਸ ਨਟਵਰ ਸਿੰਘ ਨੂੰ ਇਰਾਕ ਵਾਲੇ ਤੇਲ ਬਦਲੇ ਖ਼ੁਰਾਕ ਪ੍ਰੋਗਰਾਮ ਦੇ ਕਾਰਨ ਅਸਤੀਫਾ ਦੇਣ ਲਈ ਭਾਜਪਾ ਵਾਲਿਆਂ ਨੇ ਮਜਬੂਰ ਕੀਤਾ ਸੀ, ਉਸ ਦਾ ਮੁੰਡਾ ਹੁਣ ਭਾਜਪਾ ਦਾ ਰਾਜਸਥਾਨ ਵਿੱਚ ਵਿਧਾਇਕ ਹੈ। ਉੱਤਰ ਪ੍ਰਦੇਸ਼ ਵਿੱਚ ਤਿੰਨ ਦਿਨ ਰਾਜ ਮਾਣ ਚੁੱਕਾ ਕਾਂਗਰਸੀ ਮੁੱਖ ਮੰਤਰੀ ਜਗਦੰਬਿਕਾ ਪ੍ਰਸਾਦ ਭਾਜਪਾ ਦੀ ਅਰਜ਼ੀ ਉੱਤੇ ਹਾਈ ਕੋਰਟ ਨੇ ਉਸ ਕੁਰਸੀ ਤੋਂ ਉਠਾਇਆ ਸੀ ਤੇ ਹੁਣ ਉਹ ਭਾਜਪਾ ਦਾ ਪਾਰਲੀਮੈਂਟ ਮੈਂਬਰ ਹੈ।
ਗੱਲ ਸਿਰਫ਼ ਇਹ ਨਹੀਂ ਕਿ ਭਾਜਪਾ ਸਦਨ ਦੇ ਅੰਦਰ ਕੀ ਕਰਦੀ ਹੈ, ਸਗੋਂ ਇਹ ਵੀ ਹੈ ਕਿ ਭਾਜਪਾ ਦੀ ਰਿਜ਼ਰਵ ਫੋਰਸ ਸਮਝੇ ਜਾਂਦੇ ਹਿੰਦੂਤੱਵ ਦੇ ਸੰਗਠਨਾਂ ਵਾਲੇ ਬਾਹਰ ਕੀ ਕਰਦੇ ਅਤੇ ਕਹਿੰਦੇ ਹਨ? ਇੱਕ ਸਾਧਵੀ ਪ੍ਰਾਚੀ ਅੱਜ ਕੱਲ੍ਹ ਅੱਗ ਉਗਲਣ ਵਿੱਚ ਬਾਕੀਆਂ ਨੂੰ ਪਿੱਛੇ ਛੱਡ ਰਹੀ ਹੈ ਅਤੇ ਉਸ ਨੇ ਕੱਲ੍ਹ ਇਹ ਕਹਿ ਦਿੱਤਾ ਹੈ ਕਿ ਦੋ-ਤਿੰਨ ਦਹਿਸ਼ਤਗਰਦ ਪਾਰਲੀਮੈਂਟ ਦੇ ਵਿੱਚ ਵੀ ਬੈਠੇ ਹੋਏ ਹਨ। ਸਾਧਵੀ ਦੀ ਗੱਲ ਠੀਕ ਹੋਵੇ ਤਾਂ ਸਰਕਾਰ ਦਾ ਫਰਜ਼ ਹੈ ਕਿ ਉਨ੍ਹਾਂ ਦਹਿਸ਼ਤਗਰਦਾਂ ਨੂੰ ਓਥੋਂ ਫੜ ਕੇ ਜੇਲ੍ਹ ਵਿੱਚ ਭੇਜ ਦੇਵੇ ਅਤੇ ਜੇ ਸਾਧਵੀ ਬਿਨਾਂ ਸਬੂਤ ਤੋਂ ਬੋਲਣਾ ਜਾਰੀ ਰੱਖਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇ। ਭਾਜਪਾ ਏਦਾਂ ਨਹੀਂ ਕਰਦੀ। ਉਸ ਬੀਬੀ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਨਹੀਂ, ਸਗੋਂ ਉਸ ਨੂੰ ਹੱਲਾਸ਼ੇਰੀ ਭਾਜਪਾ ਦੇ ਆਪਣੇ ਲੋਕ ਦੇਂਦੇ ਹਨ ਅਤੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਨੇੜਲੇ ਬੰਦਿਆਂ ਉੱਤੇ ਦੋਸ਼ ਲੱਗ ਰਿਹਾ ਹੈ। ਯੂ ਪੀ ਦੀ ਭਾਜਪਾ ਦੇ ਪ੍ਰਧਾਨ ਬਾਰੇ ਉਸ ਸਾਧਵੀ ਨੇ ਜਿਹੜੇ ਭੱਦੇ ਲਫਜ਼ ਵਰਤੇ ਹਨ, ਭਾਜਪਾ ਵਿੱਚ ਕਿਸੇ ਵੀ ਆਗੂ ਨੇ ਆਪਣੇ ਉਸ ਪ੍ਰਧਾਨ ਦੀ ਏਦਾਂ ਦੀ ਬੇਇੱਜ਼ਤੀ ਹੁੰਦੀ ਬਾਰੇ ਚੁੱਪ ਇਸ ਲਈ ਨਹੀਂ ਤੋੜੀ ਕਿ ਸਾਧਵੀ ਦੀ ਪਹੁੰਚ ਉੱਪਰ ਤੱਕ ਹੈ।
ਜਦੋਂ ਇਹ ਕੁਝ ਹੁੰਦਾ ਪਿਆ ਹੈ ਅਤੇ ਸਾਰੇ ਜਾਣਦੇ ਹਨ ਕਿ ਇਹ ਕੁਝ ਸੁੱਤੇ ਸਿੱਧ ਨਹੀਂ ਹੋ ਰਿਹਾ, ਓਦੋਂ ਵੀ ਭਾਜਪਾ ਇਹ ਕਹਿੰਦੀ ਪਈ ਹੈ ਕਿ ਪਾਰਲੀਮੈਂਟ ਹੁਣ ਬਹੁਤ ਆਰਾਮ ਨਾਲ ਚੱਲ ਰਹੀ ਹੈ। ਵਿਰੋਧ ਦੀ ਆਵਾਜ਼ ਮੂਲੋਂ ਹੀ ਬੰਦ ਕਰ ਦੇਣ ਨਾਲ ਜੇ ਇਸ ਤਰ੍ਹਾਂ ਪਾਰਲੀਮੈਂਟ ਆਰਾਮ ਨਾਲ ਚੱਲ ਸਕਦੀ ਹੈ ਤਾਂ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਹਵਾ ਬਿਲਕੁਲ ਬੰਦ ਹੋ ਜਾਵੇ, ਓਦੋਂ ਹਨੇਰੀ ਆਇਆ ਕਰਦੀ ਹੈ।