ਵਿਆਹ ਤੋਂ ਇਕ ਮਹੀਨਾ ਪਹਿਲਾਂ ਮਿਲਿਆ ਕਰੇਗਾ ਸ਼ਗਨ : ਮੁੱਖ ਮੰਤਰੀ

ਗਰੀਬ ਲੋਕਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਦਿੱਤਾ ਜਾਂਦਾ ਸ਼ਗਨ, ਜੋ ਕਿ ਪਹਿਲਾਂ ਵਿਆਹ ਤੋਂ ਇਕ-ਦੋ ਮਹੀਨੇ ਬਾਅਦ ਮਿਲਦਾ ਸੀ, ਹੁਣ ਵਿਆਹ ਤੋਂ ਇਕ ਮਹੀਨੇ ਪਹਿਲਾਂ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਸ ਨੂੰ ਅਮਲੀ ਰੂਪ ਦੇ ਦਿੱਤਾ ਜਾਵੇਗਾ। ਇਹ ਐਲਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਬਕਾਲਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਸਠਿਆਲਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬ ਲੋਕਾਂ ਦੀ ਭਲਾਈ ਲਈ ਇਹ ਸ਼ਗਨ ਸਕੀਮ ਚਲਾਈ ਸੀ, ਤਾਂ ਕਿ ਲੜਕੀ ਦੇ ਵਿਆਹ ਮੌਕੇ ਸਰਕਾਰ ਵੱਲੋਂ ਵਿੱਤੀ ਸਹਾਇਤਾ ਹੋ ਸਕੇ। ਹੁਣ ਤੱਕ ਇਹ ਸ਼ਗਨ ਸਕੀਮ ਬਹੁਤ ਵਧੀਆ ਚੱਲਦੀ ਆ ਰਹੀ ਹੈ, ਪਰ ਹੁਣ ਇਸ ਵਿਚ ਹੋਰ ਸੁਧਾਰ ਕਰਦੇ ਹੋਏ ਇਸ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਜਾਵੇਗਾ ਤਾਂ ਕਿ ਇਸ ਰਾਸ਼ੀ ਦੀ ਵਰਤੋਂ ਵਿਆਹ ਮੌਕੇ ਹੋ ਸਕੇ। ਇਸ ਨੂੰ ਅਮਲੀ ਜਾਮਾ ਦੇਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਇਸ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਉਪਰੰਤ ਰਾਜ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਪੁੱਛੇ ਜਾਣ ਉਤੇ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਤੇ ਹਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਹ ਘੁਸਪੈਠ ਅੰਤਰਰਾਸ਼ਟਰੀ ਸਰਹੱਦ ਤੋਂ ਹੁੰਦੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਸਰਹੱਦ ਨੂੰ ਚੰਗੀ ਤਰਾਂ ਸੀਲ ਕਰਕੇ ਅੱਤਵਾਦੀਆਂ ਦੀ ਘੁਸਪੈਠ ਰੋਕੇ, ਉਥੇ ਸਰਹੱਦੀ ਰਾਜਾਂ ਨੂੰ ਪੁਲਸ ਤੰਤਰ ਦੀ ਮਜ਼ਬੂਤੀ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇ ਤਾਂ ਕਿ ਅੱਤਵਾਦ ਦਾ ਸਖਤੀ ਨਾਲ ਮੁਕਾਬਲਾ ਕੀਤਾ ਜਾਵੇ। ਉਨ੍ਹਾਂ ਇਸ ਹਮਲੇ ਵਿਚ ਪੰਜਾਬ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੀ ਰੱਜਵੀਂ ਤਾਰੀਫ ਕਰਦੇ ਕਿਹਾ ਕਿ ਪੰਜਾਬ ਪੁਲਸ ਨੇ ਬੜੀ ਬਹਾਦਰੀ ਨਾਲ ਅੱਤਵਾਦੀਆਂ ਦਾ ਮੁਕਾਬਲਾ ਕੀਤਾ, ਜਿਸ ਨਾਲ ਜਿੱਥੇ ਪੁਲਸ ਕੇਡਰ ਦੇ ਹੌਸਲੇ ਬੁਲੰਦ ਹੋਏ ਹਨ, ਉਥੇ ਆਮ ਲੋਕਾਂ ਵਿਚ ਵੀ ਅੱਤਵਾਦ ਵਿਰੁੱਧ ਲੜਾਈ ਨੂੰ ਲੈ ਕੇ ਹੌਸਲਾ ਬਣਿਆ ਹੈ। ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਹਮਲੇ ਵਿਚ ਪੰਜਾਬ ਪੁਲਸ ਵੱਲੋਂ ਵਿਖਾਈ ਲਾਮਿਸਾਲ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਹੈ।
ਅੰਮ੍ਰਿਤਸਰ ਵਿਖੇ ਸਥਾਪਿਤ ਹੋਣ ਵਾਲੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ ਆਈ ਐੱਮ) ਨੂੰ ਬਠਿੰਡਾ ਵਿਖੇ ਲੈ ਜਾਣ ਦੀ ਹੋ ਰਹੀ ਚਰਚਾ ਦਾ ਜਵਾਬ ਦਿੰਦੇ ਬਾਦਲ ਨੇ ਕਿਹਾ ਕਿ ਇਹ ਦੋਸ਼ ਬਿਲਕੁਲ ਨਿਰਅਧਾਰ ਹਨ। ਇਸ ਇਤਿਹਾਸਕ ਪ੍ਰਾਜੈਕਟ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕਰਨ ਪਿੱਛੇ ਨਾ ਮੇਰਾ ਅਤੇ ਨਾ ਹੀ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦਾ ਯੋਗਦਾਨ ਹੈ, ਬਲਕਿ ਇਹ ਅਤੇ ਬਾਗਬਾਨੀ ਇੰਸਟੀਚਿਊਟ ਤਾਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਆਪਣੇ ਪਲੇਠੇ ਬੱਜਟ ਵਿਚ ਐਲਾਨ ਦਿੱਤਾ ਸੀ ਅਤੇ ਇਸ ਨੂੰ ਕਿਸੇ ਹੋਰ ਪਾਸੇ ਤਬਦੀਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
Îਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ-ਭਾਜਪਾ ਗੱਠਜੋੜ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਪੁੱਛੇ ਜਾਣ ਉਤੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਸਾਂਝ ਕਿਸੇ ਮੁਫਾਦ ਉਤੇ ਨਹੀਂ ਟਿਕੀ, ਬਲਕਿ ਇਹ ਭਾਈਚਾਰਕ ਸਾਂਝ ਹੈ, ਇਸ ਲਈ ਇਸ ਵਿਚ ਕਿਸੇ ਤਰ੍ਹਾਂ ਦੀ ਦਰਾੜ ਨਹੀਂ ਪੈ ਸਕਦੀ। ਉਨ੍ਹਾਂ ਸ੍ਰੀਮਤੀ ਸਿੱਧੂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਕਿਹਾ ਕਿ ਮੈਂ ਕਿਸੇ ਬਾਰੇ ਵੀ ਨਿੱਜੀ ਬਿਆਨਬਾਜ਼ੀ ਨਹੀਂ ਕਰਦਾ ਅਤੇ ਨਾ ਹੀ ਕਿਸੇ ਨਾਲ ਵੈਰ-ਵਿਰੋਧ ਰੱਖਦਾ ਹੈ, ਉਹ ਮੇਰੀ ਧੀਆਂ ਵਰਗੀ ਹੈ ਅਤੇ ਮੈਂ ਉਨਾਂ ਦੀ ਕਦਰ ਕਰਦਾ ਹਾਂ।
ਸੰਗਤ ਦਰਸ਼ਨ ਦੌਰਾਨ ਬਾਬਾ ਬਕਾਲਾ, ਵਡਾਲਾ ਕਲਾਂ, ਸਠਿਆਲਾ, ਬੁਤਾਲਾ ਅਤੇ ਕਰਤਾਰਪੁਰ ਵਿਖੇ ਬਾਦਲ ਨੇ ਕਰੀਬ 32 ਪਿੰਡਾਂ ਦੀਆਂ ਪੰਚਾਇਤਾਂ ਨਾਲ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਮਸਲੇ ਵਿਚਾਰੇ ਅਤੇ ਗਰਾਂਟਾਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਐੱਸ. ਐੱਸ. ਪੀ. ਜਸਦੀਪ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ ਰੂਬੀ, ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਐਡਵੋਕੇਟ ਨਵਤੇਜ ਸਿੰਘ ਚਾਹਲ, ਗਗਨਦੀਪ ਸਿੰਘ ਜੱਜ, ਜਥੇਦਾਰ ਜੀਤ ਸਿੰਘ ਧਿਆਨਪੁਰ ਅਤੇ ਹੋਰ ਸ਼ਖਸੀਅਤਾਂ ਵੀ ਸੰਗਤ ਦਰਸ਼ਨ ਵਿਚ ਹਾਜ਼ਰ ਰਹੀਆਂ।