Latest News

ਵਾਧੂ ਪਾਣੀ ਨੂੰ ਦੇਖਦਿਆਂ ਖੋਲ੍ਹੇ ਭਾਖੜਾ ਡੈਮ ਦੇ ਚਾਰੇ ਹਾਈ ਫਲੱਡ ਗੇਟ

By ਨੰਗਲ (ਸੁਰਜੀਤ ਸਿੰਘ)

Published on 10 Aug, 2015 11:08 AM.

ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਨੂੰ ਜ਼ਿਆਦਾ ਦੇਖਦੇ ਹੋਏ ਵਿਭਾਗ ਵੱਲੋਂ ਹਾਈ ਫਲੱਡ ਗੇਟ ਖੋਲ੍ਹ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਸਤਲੁੱਜ ਦਰਿਆ ਦੇ ਨੇੜੇ ਵਸੇ ਲੋਕਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੰਨ 1988 ਵਿੱਚ ਇਹੋ ਜਿਹੀ ਸਥਿਤੀ ਬਣੀ ਸੀ। ਅੱਜ ਫਿਰ ਇਹੋ ਹਾਲ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਭਾਖੜਾ ਡੈਮ ਨਾਲ ਲਗਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 'ਚ ਵੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਝੀਲ ਵਿਚ ਪਾਣੀ ਦੀ ਤੇਜ਼ੀ ਨਾਲ ਵਧਦੀ ਆਮਦ ਨੂੰ ਦੇਖਦਿਆਂ ਹੋਏ ਅੱਜ ਵਿਭਾਗ ਨੇ ਡੈਮ ਦੇ ਚਾਰੇ ਹਾਈ ਫਲੱਡ ਗੇਟਾਂ ਨੂੰ ਸਵੇਰੇ 11 ਵਜੇ ਖੋਲ੍ਹ ਦਿੱਤਾ। ਫਲੱਡ ਗੇਟਾਂ ਰਾਹੀਂ ਪ੍ਰਤੀ ਸੈਕਿੰਡ 2700 ਕਿਊਸਿਕ ਪਾਣੀ ਨੂੰ ਛੱਡਿਆ ਜਾ ਰਿਹਾ ਹੈ ।
ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 1662.22 ਦਰਜ ਕੀਤਾ ਗਿਆ। ਝੀਲ 'ਚ ਪਾਣੀ ਦੀ ਸਵੇਰੇ ਵੇਲੇ ਆਮਦ ਵੱਧ ਕੇ 87881 ਕਿਊਸਕ ਦਰਜ ਕੀਤੀ ਗਈ। ਇਸ ਵੇਲੇ ਭਾਖੜਾ ਡੈਮ ਤੋਂ ਸਿੰਜਾਈ ਤੇ ਬਿਜਲੀ ਦੇ ਉਤਪਾਦਨ ਲਈ 41350 ਕਿਊਸਕ ਪਾਣੀ ਛੱਢਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿਚ 12500 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿਚ 10150 ਕਿਉੂਸਿਕ ਅਤੇ ਸਤਲੁਜ ਦਰਿਆ ਵਿਚ 19350 ਕਿਊਸਿਕ ਪਾਣੀ ਦੇ ਨਾਲ ਨਾਲ ਫਲੱਡ ਗੇਟਾਂ ਰਾਹੀਂ ਪ੍ਰਤੀ ਸੈਕਿੰਡ 2700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਦੇਰ ਸ਼ਾਮ ਨੂੰ ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਵਧਾ 27250 ਕਿਊਸਿਕ ਕੀਤੀ ਗਈ ਤੇ ਦੇਰ ਰਾਤ ਨੂੰ ਇਸ ਵਿਚ ਹੋਰ ਵਾਧਾ ਕੀਤੇ ਜਾਣ ਦੀ ਵੀ ਪੂਰੀ ਸੰਭਾਵਨਾ ਹੈ। ਸਤਲੁਜ ਦਰਿਆ ਵਿਚ ਛੱਡੇ ਜਾ ਰਹੇ ਵਾਧੂ ਪਾਣੀ ਨਾਲ ਇਲਾਕੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕੱਲ੍ਹ ਬੇਹੱਦ ਪਾਣੀ ਸਤਲੁਜ ਦਰਿਆ ਵਿੱਚ ਸੀ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ।
ਜੇਕਰ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ 1988 ਵਾਲੀ ਸਥਿਤੀ ਬਣ ਸਕਦੀ ਹੈ। ਭਾਵੇਂ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 'ਤੇ ਪਹੁੰਚਣ ਲਈ 17 ਫੁੱਟ ਦਾ ਫਰਕ ਹੈ, ਪਰ ਵਿਭਾਗ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਜ਼ਿਆਦਾ ਆਮਦ ਨੂੰ ਦੇਖਦੇ ਹੋਏ ਕੋਈ ਵੀ ਰਿਸਕ ਲੈਣ ਲਈ ਤਿਆਰ ਨਹੀਂ, ਜਿਸ ਦੇ ਕਾਰਨ ਅੱਜ ਹਾਈ ਫਲੱਡ ਗੇਟ ਖੋਲ੍ਹ ਦਿੱਤੇ ਗਏ।

1490 Views

e-Paper