ਸੱਚਾਈ ਛੁਪ ਨਹੀਂ ਸਕਦੀ : ਰਾਧੇ ਮਾਂ

ਦਾਜ ਲਈ ਪ੍ਰੇਸ਼ਾਨ ਕਰਨ ਅਤੇ ਅਸ਼ਲੀਲਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਰਾਧੇ ਮਾਂ ਨੇ ਇੱਕ ਵਾਰ ਫੇਰ ਖੁਦ ਨੂੰ ਬੇਕਸੂਰ ਦਸਿਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਬਾਰੇ ਸੁਆਲਾਂ ਦਾ ਸ਼ਾਇਰਾਨਾ ਅੰਦਾਜ਼ 'ਚ ਜੁਆਬ ਦਿੰਦਿਆਂ ਰਾਧੇ ਮਾਂ ਨੇ ਕਿਹਾ ਕਿ 'ਸੱਚਾਈ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ, ਖੁਸ਼ਬੂ ਆ ਨਹੀਂ ਸਕਤੀ ਕਾਗਜ਼ ਕੇ ਫੁਲੋਂ ਸੇ'। ਇਥੇ ਹੀ ਬੱਸ ਨਹੀਂ ਰਾਧੇ ਮਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਪਵਿੱਤਰ ਅਤੇ ਸ਼ੁੱਧ ਹੈ। ਉਨ੍ਹਾ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸ ਵਿਰੁੱਧ ਲਾਏ ਗਏ ਦੋਸ਼ਾਂ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ। ਜਦੋਂ ਰਾਧੇ ਮਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਨ੍ਹਾ ਦੇ ਭਗਤ ਵਿੱਚ ਵਿੱਚ ਉਨ੍ਹਾ ਦੇ ਹੱਕ 'ਚ ਨਾਅਰੇਬਾਜ਼ੀ ਕਰ ਰਹੇ ਸਨ। ਜਿਉਂ ਹੀ ਰਾਧੇ ਮਾਂ ਨੇ ਆਪਣੀ ਗੱਲ ਪੂਰੀ ਕੀਤੀ, ਉਸ ਦੇ ਭਗਤਾਂ ਨੇ ਪਰਦਾ ਸੁੱਟ ਦਿੱਤਾ। ਜ਼ਿਕਰਯੋਗ ਹੈ ਕਿ ਰਾਧੇ ਮਾਂ ਦੀਆਂ ਸਕਰਟ ਵਾਲੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਕੁਝ ਥਾਵਾਂ 'ਤੇ ਉਨ੍ਹਾ ਵਿਰੁੱਧ ਅਸ਼ਲੀਲਤਾ ਫੈਲਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ। ਰਾਧੇ ਮਾਂ 'ਤੇ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਉਹ ਉਸ ਦੇ ਸਹੁਰਿਆਂ ਤੋਂ ਉਸ 'ਤੇ ਤਸ਼ੱਦਦ ਕਰਵਾ ਰਹੀ ਹੈ।