ਕਾਂਗਰਸ ਨੇ ਫੇਰ ਨਾ ਚੱਲਣ ਦਿੱਤੀ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਦਾ ਆਖਰੀ ਹਫ਼ਤਾ ਸ਼ੁਰੂ ਹੋ ਗਿਆ, ਪਰ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਇਸ ਸੈਸ਼ਨ 'ਚ ਸੰਸਦ ਇੱਕ ਵਾਰ ਵੀ ਪੂਰਾ ਦਿਨ ਨਹੀਂ ਚੱਲ ਸਕੀ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਭੋਂ-ਪ੍ਰਾਪਤੀ ਬਿੱਲ ਇਸ ਸੈਸ਼ਨ 'ਚ ਵੀ ਪੇਸ਼ ਨਹੀਂ ਕੀਤਾ ਜਾ ਸਕੇਗਾ। ਅੱਜ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਕਾਂਗਰਸ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਬੋਲਣ ਦਿੱਤਾ ਜਾਵੇ।
ਉਨ੍ਹਾ ਕਿਹਾ ਕਿ ਜੇ ਕਾਂਗਰਸ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਮਾਜਵਾਦੀ ਪਾਰਟੀ ਉਸ ਦਾ ਸਾਥ ਨਹੀਂ ਦੇਵੇਗੀ।
ਲਲਿਤ ਮੋਦੀ ਦੀ ਮਦਦ ਦੇ ਦੋਸ਼ਾਂ 'ਤੇ ਸੁਸ਼ਮਾ ਸਵਰਾਜ ਦੇ ਅਸਤੀਫ਼ੇ ਦੀ ਮੰਗ 'ਤੇ ਅੜੀ ਕਾਂਗਰਸ ਦੇ ਮੈਂਬਰਾਂ ਨੇ ਸੋਮਵਾਰ ਨੂੰ ਵੀ ਸੰਸਦ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੰਗਾਮਾ ਸ਼ੁਰੂ ਕਰ ਦਿੱਤਾ, ਜਿਸ ਮਗਰੋਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਕਾਂਗਰਸ ਮੈਂਬਰਾਂ ਨੇ ਅੱਜ ਫੇਰ ਲੋਕ ਸਭਾ 'ਚ ਸਪੀਕਰ ਦੇ ਆਸਨ ਕੋਲ ਆ ਕੇ ਤਖ਼ਤੀਆਂ ਦਿਖਾਈਆਂ ਅਤੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਅਜਿਹਾ ਕਰਨ 'ਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਾਂਗਰਸ ਦੇ 25 ਮੈਂਬਰਾਂ ਨੂੰ 5 ਦਿਨਾਂ ਲਈ ਲੋਕ ਸਭਾ ਦੀ ਕਾਰਵਾਈ 'ਚੋਂ ਮੁਅੱਤਲ ਕਰ ਦਿੱਤਾ ਸੀ, ਜਿਸ 'ਤੇ ਕਾਂਗਰਸ ਦੇ ਬਾਕੀ ਮੈਂਬਰਾਂ ਨੇ ਵੀ ਲੋਕ ਸਭਾ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ ਸੀ। ਮੁਅੱਤਲੀ ਮਗਰੋਂ ਅੱਜ ਉਹ ਪਹਿਲੀ ਵਾਰ ਲੋਕ ਸਭਾ 'ਚ ਆਏ ਅਤੇ ਅੱਜ ਵੀ ਉਨ੍ਹਾ ਨੇ ਪਹਿਲਾਂ ਵਾਂਗ ਬਾਹਾਂ 'ਤੇ ਕਾਲੀਆਂ ਪਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਤਖ਼ਤੀਆਂ ਦਿਖਾ ਕੇ ਸਰਕਾਰ ਵਿਰੁੱਧ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ।
ਉਧਰ ਰਾਜ ਸਭਾ 'ਚ ਵੀ ਕਾਂਗਰਸ ਮੈਂਬਰਾਂ ਨੇ ਹੰਗਾਮਾ ਕੀਤੀ। ਜਿਉਂ ਹੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਦੇ ਸੁਆਲਾਂ ਦਾ ਜੁਆਬ ਦੇਣ ਲਈ ਖੜੇ ਹੋਏ ਤਾਂ ਕਾਂਗਰਸ ਦੇ ਮੈਂਬਰ ਚੇਅਰਮੈਨ ਸਾਹਮਣੇ ਆ ਗਏ ਅਤੇ ਉਨ੍ਹਾ ਨੇ ਉਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਆਜ਼ਾਦ ਨੇ ਰਾਜ ਸਭਾ 'ਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਭਾਸ਼ਾ ਠੀਕ ਨਹੀਂ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ਭਾਸ਼ਾ ਸੁਧਾਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਮੈਂਬਰਾਂ ਨੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ। ਕਾਂਗਰਸ ਮੈਂਬਰਾਂ ਨੇ ਪਹਿਲਾਂ ਵਾਂਗ ਹੀ ਲਲਿਤ ਮੋਦੀ ਅਤੇ ਵਿਆਪਮ ਮੁੱਦੇ 'ਤੇ ਕੰਮ ਰੋਕੂ ਮਤੇ ਦਾ ਨੋਟਿਸ ਦਿੱਤਾ, ਪਰ ਸਪੀਕਰ ਸੁਮਿਤਰਾ ਮਹਾਜਨ ਨੇ ਕਾਂਗਰਸ ਮੈਂਬਰਾਂ ਦਾ ਨੋਟਿਸ ਖਾਰਜ ਕਰ ਦਿੱਤਾ। ਇਸ ਮਗਰੋਂ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਜਿਹੜਾ ਕੰਮ ਕੀਤਾ, ਉਹ ਦੇਸ਼ ਹਿੱਤ 'ਚ ਨਹੀਂ ਹੈ ਅਤੇ ਉਨ੍ਹਾ ਨੇ ਇੱਕ ਭਗੌੜੇ ਦੀ ਸਹਾਇਤਾ ਕੀਤੀ।