ਅਕਾਲੀ ਆਗੂ ਤੇ ਉਸ ਦੇ ਪੁੱਤਰ ਤੋਂ 255 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ

ਮੋਗਾ ਪੁਲਸ ਵਲੋਂ ਅੱਜ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਨੇਤਾ, ਬਲਾਕ ਸੰਮਤੀ ਮੈਂਬਰ ਤੇ ਸਾਬਕਾ ਸਰਪੰਚ ਤੇ ਉਸ ਦੇ ਪੁੱਤਰ ਤੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ। ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਨਵਨਿਯੁਕਤ ਐੱਸ.ਐੱਸ.ਪੀ ਚਰਨਜੀਤ ਸਿੰਘ ਨੇ ਅਹੁਦਾ ਸੰਭਾਲਦਿਆਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਅਧਿਕਾਰੀਆਂ ਤੇ ਥਾਣਾ ਮੁਖੀਆਂ ਨਾਲ ਮੀਟਿੰਗ ਕਰਕੇ ਨਿਰਦੇਸ਼ ਜਾਰੀ ਕੀਤੇ ਸਨ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੁਲਸ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗਾ ਤੇ ਨਸ਼ਾ ਤਸਕਰੀ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਸਬ-ਇੰਸਪੈਕਟਰ ਰਾਜਿੰਦਰ ਸਿੰਘ ਵੱਲੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਹਲਕਾ ਨਿਹਾਲ ਸਿੰਘ ਵਾਲਾ ਦੇ ਭਾਗੀਕੇ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਭਾਗੀਕੇ ਮੈਂਬਰ ਬਲਾਕ ਸੰਮਤੀ ਤੇ ਉਸ ਦੇ ਪੁੱਤਰ ਹਰਮੰਦਰਜੀਤ ਸਿੰਘ ਤੋਂ ਲੱਖਾਂ ਰੁਪਏ ਮੁੱਲ ਦੀ 255 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਮਾਮਲੇ ਵਿੱਚ ਦੋਨੋਂ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਅਕਾਲੀ ਨੇਤਾ ਹਰਪ੍ਰੀਤ ਸਿੰਘ ਭਾਗੀਕੇ ਸ਼ਰਾਬ ਦਾ ਨਜਾਇਜ਼ ਕਾਰੋਬਾਰ ਚਲਾ ਕੇ ਐਕਸਾਈਜ਼ ਵਿਭਾਗ ਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਿਹਾ ਹੈ ਤੇ ਉਹ ਦੋ ਗੱਡੀਆਂ ਵਿੱਚ ਸ਼ਰਾਬ ਭਰ ਕੇ ਲਿਆ ਰਿਹਾ ਹੈ, ਜਿਸ ਦੇ ਚੱਲਦਿਆਂ ਥਾਣਾ ਇੰਚਾਰਜ ਵੱਲੋਂ ਪੁਲਸ ਪਾਰਟੀ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਈ.ਟੀ.ਓ ਬਲਵਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਸਹਿਤ ਪਿੰਡ ਭਾਗੀਕੇ ਨੇੜੇ ਨਾਕਾਬੰਦੀ ਕਰਕੇ ਇਕ ਸਕਾਰਪੀਓ ਗੱਡੀ ਤੇ ਮਹਿੰਦਰਾ ਪਿਕਅਪ ਵੈਨ ਨੂੰ ਰੋਕ ਕੇ ਤਲਾਸ਼ੀ ਦੌਰਾਨ 168 ਪੇਟੀਆਂ ਰਸਭਰੀ, ਰਾਇਲ ਸਟੈਗ 18 ਪੇਟੀਆਂ, ਰਾਇਲ ਚੈਲੇਂਜ 12 ਪੇਟੀਆਂ, ਐੱਸ.ਪੀ ਰੀਅਲ 18 ਪੇਟੀਆਂ ਤੇ ਖਾਸਾ ਦੇਸੀ 39 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ। ਇਸ ਸੰਬੰਧ ਵਿਚ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਕਥਿਤ ਦੋਸ਼ੀ ਅਕਾਲੀ ਨੇਤਾ ਹਰਪ੍ਰੀਤ ਸਿੰਘ ਤੇ ਉਸ ਦੇ ਪੁੱਤਰ ਦੇ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਜਲਦ ਹੀ ਭਗੋੜੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।