ਧੀਆਂ ਨੂੰ ਸੁਰੱਖਿਆ ਦੇਣ 'ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ, ਫੌਜ ਤਾਇਨਾਤ ਹੋਵੇ : ਡਾ. ਨਵਜੋਤ ਸਿੱਧੂ

ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਵਿੱਚ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਤੁਰੰਤ ਫੌਜ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਇਸ ਵੇਲੇ ਸਿਆਸੀ ਦਬਾ ਹੇਠ ਲੋਕਾਂ ਨੂੰ ਇਨਸਾਫ ਦੇਣ ਤੋਂ ਅਸਮਰੱਥ ਹੈ ਅਤੇ ਲੋਕ ਇਨਸਾਫ ਨਾ ਮਿਲਣ ਕਾਰਨ ਖੁਦਕਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਦੀ ਲੜਕੀ ਨੇ ਮਸਟੰਡਿਆਂ ਦੀ ਰੋਜ਼-ਰੋਜ਼ ਦੀ ਛੇੜਖਾਨੀ ਤੋਂ ਤੰਗ ਆ ਕੇ ਜਿਸ ਤਰੀਕੇ ਨਾਲ ਆਪਣੇ 'ਤੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਉਸ ਦੀ ਪੀ.ਜੀ.ਆਈ ਚੰਡੀਗੜ੍ਹ ਵਿਖੇ ਮੌਤ ਹੋ ਜਾਣ 'ਤੇ ਡਾ. ਨਵਜੋਤ ਕੌਰ ਸਿੱਧੂ ਨੇ ਗਹਿਰਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਜਿਥੇ ਰੁਜ਼ਗਾਰ ਮੰਗਦੀਆਂ ਧੀਆਂ ਦੀਆਂ ਗੁੱਤਾਂ ਪੁੱਟ ਕੇ ਬੇਇੱਜ਼ਤ ਕੀਤਾ ਜਾਂਦਾ ਹੈ, ਉਥੇ ਇੱਕ ਅਬਲਾ ਨੂੰ ਇਨਸਾਫ ਨਾ ਮਿਲਣ ਕਾਰਨ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। 17 ਸਾਲਾ ਅਬਲਾ ਕਾਲਬੰਜਾਰਾ ਪਿੰਡ ਦੀ ਰਹਿਣ ਵਾਲੀ ਦਸਵੀਂ ਕਲਾਸ ਦੀ ਵਿਦਿਆਰਥਣ ਹਰ ਰੋਜ਼ ਆਪਣੇ ਘਰੋਂ 10 ਕਿਲੋਮੀਟਰ ਸਕੂਲ ਪੜ੍ਹਨ ਜਾਂਦੀ ਸੀ ਤੇ ਰਸਤੇ ਵਿੱਚ ਮਸਟੰਡੇ ਤੇ ਵੱਡੇ ਘਰਾਂ ਦੇ ਵਿਗੜੇ ਹੋਏ ਕਾਕੇ ਉਸ ਨੂੰ ਹਰ ਰੋਜ਼ ਤੰਗ-ਪ੍ਰੇਸ਼ਾਨ ਕਰਦੇ ਸਨ, ਪਰ ਆਪਣੇ ਘਰ ਇਸ ਦੀ ਸ਼ਿਕਾਇਤ ਇਸ ਕਰਕੇ ਨਹੀਂ ਕਰਦੀ ਸੀ, ਕਿਉਂਕਿ ਉਸ ਨੂੰ ਖਤਰਾ ਸੀ ਕਿ ਉਸ ਦੇ ਘਰ ਵਾਲੇ ਉਸ ਨੂੰ ਪੜ੍ਹਾਈ ਤੋਂ ਹਟਾ ਲੈਣਗੇ। ਉਹਨਾਂ ਕਿਹਾ ਕਿ ਇਹਨਾਂ ਵਿਗੜੇ ਕਾਕਿਆਂ ਦੀ ਦਲੇਰੀ ਇੰਨੀ ਵਧ ਗਈ ਕਿ 6 ਅਗਸਤ ਵਾਲੇ ਦਿਨ ਇਹਨਾਂ ਨੇ ਕੁੜੀ ਦਾ ਗੁੱਟ ਫੜ ਕੇ ਉਸ ਨੂੰ ਜਬਰੀ ਮੋਟਰਸਾਈਕਲ 'ਤੇ ਬਿਠਾਉਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਥੋਂ ਤਾਂ ਉਹ ਮਸਟੰਡਿਆਂ ਕੋਲੋਂ ਛੁੱਟ ਕੇ ਘਰ ਆ ਗਈ, ਪਰ ਘਰ ਆ ਕੇ ਉਸ ਦਾ ਸਬਰ ਦਾ ਪਿਆਲਾ ਉਸ ਵੇਲੇ ਟੁੱਟ ਗਿਆ, ਜਦਂੋ ਉਸ ਨੇ ਆਪਣੇ ਆਪ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਉਹ 70 ਫੀਸਦੀ ਅੱਗ ਨਾਲ ਸੜ ਗਈ ਤੇ ਡਾਕਟਰਾਂ ਨੇ ਉਸ ਨੂੰ ਤੁਰੰਤ ਚੰਡੀਗੜ ਵਿਖੇ ਪੀ.ਜੀ.ਆਈ ਭੇਜ ਦਿੱਤਾ, ਜਿਥੇ ਉਹ ਜ਼ਖਮਾਂ ਦੀ ਤਾਬ ਨਾ ਸਹਾਰਦੀ ਹੋਈ ਦਮ ਤੋੜ ਗਈ। ਡਾ. ਸਿੱਧੂ ਨੇ ਕਿਹਾ ਕਿ ਧੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਨੰਨ੍ਹੀ ਛਾਂ ਨੇ ਧੀਆਂ ਦੀ ਰੱਖਿਆ ਕਰਨ ਦੇ ਵਾਅਦੇ ਵੀ ਪੂਰੀ ਤਰ੍ਹਾਂ ਹਰਨ ਹੋ ਗਏ ਹਨ। ਉਹਨਾਂ ਕੇਂਦਰ ਦੀ ਮੋਦੀ ਸਰਕਾਰ ਤਂੋ ਮੰਗ ਕੀਤੀ ਕਿ ਪੰਜਾਬ ਵਿੱਚ ਮਾਹੌਲ ਪੁਲਸ ਦੀ ਪਕੜ ਤੋਂ ਪੂਰੀ ਤਰ੍ਹਾਂ ਬਾਹਰ ਚਲਾ ਗਿਆ ਹੈ, ਇਸ ਲਈ ਪੰਜਾਬ ਦੇ ਮਾਹੌਲ ਨੂੰ ਠੀਕ ਕਰਨ 'ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਬਿਨਾਂ ਕਿਸੇ ਦੇਰੀ ਦੇ ਪੰਜਾਬ ਵਿੱਚ ਫੌਜ ਤਾਇਨਾਤ ਕੀਤੀ ਜਾਵੇ। ਖੁਦਕੁਸ਼ੀ ਕਰਨ ਵਾਲੀ ਅਬਲਾ ਦੇ ਦੋਸ਼ੀਆਂ ਖਿਲਾਫ ਤੁਰੰਤ ਕਤਲ ਦਾ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਹੋਰ ਅਬਲਾ ਇਹਨਾਂ ਦੀ ਗੁੰਡਾਗਰਦੀ ਦਾ ਨਿਸ਼ਾਨਾ ਨਾ ਬਣ ਸਕੇ। ਉਹਨਾਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰ ਵੀ ਸਰਕਾਰ ਦੀਆਂ ਸਮਾਜ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ, ਪਰ ਸਰਕਾਰ ਇਹਨਾਂ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਵਾਲੀ ਸਥਿਤੀ ਬਣੀ ਹੋਈ ਹੈ ਤੇ ਇਨਸਾਫ ਨਾਂਅ ਦੀ ਵਸਤੂ ਇਥੋਂ ਪਰ ਲਗਾ ਕੇ ਉੱਡ ਚੁੱਕੀ ਹੈ, ਇਸ ਲਈ ਫੌਜ ਤਾਇਨਾਤ ਕਰਨੀ ਬਹੁਤ ਜ਼ਰੂਰੀ ਹੈ।

ਛੇੜਖਾਨੀ ਤੋਂ ਤੰਗ ਆ ਕੇ ਆਤਮਦਾਹ ਕਰਨ ਵਾਲੀ ਲੜਕੀ ਦੀ ਮੌਤ
ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਛੇੜਖਾਨੀ ਤੋਂ ਤੰਗ ਆ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਦੀ ਨਾਬਾਲਗ ਲੜਕੀ ਦੀ ਪੀ ਜੀ ਆਈ ਚੰਡੀਗੜ੍ਹ 'ਚ ਮੌਤ ਹੋ ਗਈ। ਅੱਗ ਲਗਾਉਣ ਕਾਰਨ ਇਸ 17 ਸਾਲਾ ਲੜਕੀ ਦਾ ਸਰੀਰ ਕਰੀਬ 70 ਫੀਸਦੀ ਝੁਲਸ ਗਿਆ ਸੀ।
ਘਟਨਾ ਸੰਗਰੂਰ ਜ਼ਿਲ੍ਹੇ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਕਾਲਬੰਜਾਰਾ ਦੀ ਸੀ। ਪੀੜਤ ਲੜਕੀ ਜੋ ਪਿੰਡ ਤੋਂ 10 ਕਿਲੋਮੀਟਰ ਦੂਰੀ 'ਤੇ ਲਹਿਰਾਗਾਗਾ ਦੇ ਸਰਕਾਰੀ ਗਰਲਜ਼ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹੈ। ਲੜਕੀ ਮੁਤਾਬਕ ਪਿੰਡ ਤੇ ਬਾਹਰਲੇ ਮੁੰਡੇ ਪਿਛਲੇ ਪੰਜ ਮਹੀਨਿਆ ਤੋਂ ਉਸ ਨਾਲ ਛੇੜਖਾਨੀ ਕਰ ਰਹੇ ਸਨ। ਉਸ ਨੂੰ ਹਰ ਰੋਜ਼ ਭੱਦੀਆਂ ਟਿੱਪਣੀਆਂ ਕਰਦੇ ਤੇ ਜ਼ਬਰਦਸਤੀ ਆਪਣੇ ਮੋਬਾਈਲ 'ਤੇ ਗੱਲ ਕਰਨ ਲਈ ਕਹਿੰਦੇ ਸਨ। ਮੋਟਰ ਸਾਈਕਲਾਂ 'ਤੇ ਸਵਾਰ ਉਹ ਉਸ ਦਾ ਰਸਤਾ ਰੋਕਦੇ ਸਨ। 6 ਅਗਸਤ ਨੂੰ ਤਾਂ ਉਨ੍ਹਾਂ ਹੱਦ ਹੀ ਕਰ ਦਿੱਤੀ ਤੇ। ਜ਼ਬਰਦਸਤੀ ਉਸ ਦਾ ਹੱਥ ਫੜ ਲਿਆ, ਜਿਸ ਤੋਂ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਹੋ ਕੇ ਉਸ ਨੇ ਸ਼ਾਮ ਨੂੰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ। ਲੜਕੀ ਮੁਤਾਬਿਕ ਉਹ ਪੜ੍ਹਨਾ ਚਾਹੁੰਦੀ ਸੀ। ਉਸ ਨੂੰ ਡਰ ਸੀ ਕਿ ਜੇਕਰ ਉਹ ਛੇੜਖਾਨੀ ਬਾਰੇ ਆਪਣੇ ਘਰਦਿਆਂ ਨੂੰ ਦੱਸ ਦੇਵੇਗੀ ਤਾਂ ਉਸ ਨੂੰ ਸਕੂਲੋਂ ਹਟਾ ਲਿਆ ਜਾਵੇਗਾ। ਉਸ ਦੇ ਭਰਾ ਨੇ ਦੋਸ਼ ਲਾਇਆ ਕਿ ਪੁਲਸ ਦੋਸ਼ੀਆਂ ਨਾਲ ਮਿਲੀ ਹੋਈ ਹੈ, ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਪੂਰੇ ਪਰਵਾਰ ਸਮੇਤ ਆਤਮਦਾਹ ਕਰ ਲਵੇਗਾ। ਇਸ ਤੋਂ 16 ਸਾਲ ਦੀ ਲੜਕੀ ਨੇ ਮੌਤ ਤੋਂ ਪਹਿਲਾਂ ਦੇ ਆਪਣੇ ਬਿਆਨ 'ਚ ਕਿਹਾ ਕਿ ਉਸ ਦੇ ਪਿੰਡ ਦੇ ਮੁੰਡੇ ਮਨੀ, ਸਵਰਨ ਅਤੇ ਗੁਰਪਿਆਰ, ਉਸ ਦੇ ਭਰਾ ਨਾਲ ਗੁੱਸੇ ਸਨ ਅਤੇ ਉਸੇ ਦਾ ਬਦਲਾ ਲੈਣ ਲਈ ਉਹ ਛੇੜਖਾਨੀ ਕਰਦੇ ਸਨ ਅਤੇ ਅਜਿਹਾ ਤਕਰੀਬਨ ਇੱਕ ਹਫ਼ਤਾ ਚਲਦਾ ਰਿਹਾ, ਪਰ ਉਸ ਨੇ ਘਰ ਨਹੀਂ ਦਸਿਆ, ਕਿਉਂਕਿ ਉਹ ਜਾਣਦੀ ਸੀ ਕਿ ਘਰ ਵਾਲੇ ਉਸ ਦਾ ਸਕੂਲ ਜਾਣਾ ਬੰਦ ਕਰ ਦੇਣਗੇ। ਪੀੜਤ ਲੜਕੀ ਨੇ ਦਸਿਆ ਕਿ 4 ਅਗਸਤ ਨੂੰ ਉਹ ਬੱਸ ਚੜ੍ਹ ਰਹੀ ਸੀ ਤਾਂ ਮਨੀ ਨੇ ਉਸ ਨੂੰ ਖਿੱਚ ਕੇ ਲਾਹ ਲਿਆ ਤੇ ਕੱਪੜੇ ਪਾੜ ਸੁੱਟੇ ਅਤੇ ਥੱਪੜ ਵੀ ਮਾਰੇ, ਜਿਸ ਕਰਕੇ ਉਹ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਅਤੇ ਖੁਦ ਨੂੰ ਅੱਗ ਲਾ ਲਈ। ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਅਜਿਹੀ ਹਰਕਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇ। ਮ੍ਰਿਤਕ ਲੜਕੀ ਦੇ ਭਰਾ ਜਗਸੀਰ ਸਿੰਘ ਜੱਗੀ ਨੇ ਕਿਹਾ ਕਿ ਦੋਸ਼ੀਆਂ ਦੇ ਪੁਲਸ ਨਾਲ ਚੰਗੇ ਸੰਬੰਧ ਹਨ। ਉਸ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਪੂਰਾ ਪਰਵਾਰ ਆਤਮਦਾਹ ਕਰ ਲਵੇਗਾ।