ਪੰਜਾਬ ਦੇ ਹੱਦੋਂ ਵੱਧ ਵਿਗੜ ਰਹੇ ਹਾਲਾਤ

'ਰਾਜ ਨਹੀਂ, ਸੇਵਾ'’ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਸੇ ਵੱਖਰੀ ਦੁਨੀਆ ਵਿੱਚ ਵਿਚਰਦੇ ਨਜ਼ਰ ਆ ਰਹੇ ਹਨ। ਲੋਕਾਂ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਬਾਦਲ ਸਾਹਿਬ ਇਸ ਵਕਤ ਸਰਕਾਰ ਦੇ ਕੰਮਾਂ ਵਿੱਚ ਦਿਲਚਸਪੀ ਨਹੀਂ ਲੈਂਦੇ ਤੇ ਕਮਾਨ ਇਹੋ ਜਿਹੇ ਹੱਥਾਂ ਵਿੱਚ ਦਿੱਤੀ ਹੋਈ ਹੈ, ਜਿਨ੍ਹਾਂ ਲਈ ਅਮਨ-ਕਾਨੂੰਨ ਦਾ ਚੰਗਾ-ਮਾੜਾ ਹੋਣਾ ਕੋਈ ਅਰਥ ਹੀ ਨਹੀਂ ਰੱਖਦਾ। ਇਸ ਲਈ ਹਰ ਪਾਸੇ ਇਹ ਦੁਹਾਈ ਪੈਂਦੀ ਪਈ ਹੈ ਕਿ ਜਿੰਨਾ ਮਾੜਾ ਅਮਨ-ਕਾਨੂੰਨ ਦਾ ਹਾਲ ਇਨ੍ਹਾਂ ਸਾਲਾਂ ਵਿੱਚ ਵੇਖਿਆ ਗਿਆ ਹੈ, ਪਿਛਲੇ ਸਾਰੇ ਸਮਿਆਂ ਵਿੱਚ ਕਦੇ ਏਨਾ ਨਹੀਂ ਵੇਖਿਆ ਗਿਆ। ਬਹੁਤ ਮਾੜੀ ਤਸਵੀਰ ਬਣੀ ਪਈ ਹੈ ਪੰਜਾਬ ਦੀ।
ਪਹਿਲਾਂ ਮੋਗੇ ਦਾ ਕਾਂਡ ਹੋਇਆ ਸੀ, ਜਿਸ ਵਿੱਚ ਬਾਦਲ ਪਰਵਾਰ ਦੀ ਆਪਣੀ ਬੱਸ ਕੰਪਨੀ ਦੇ ਬੰਦਿਆਂ ਨੇ ਕਹਿਰ ਗੁਜ਼ਾਰਿਆ ਸੀ ਤੇ ਜਦੋਂ ਸਾਰਾ ਪੰਜਾਬ ਉੱਬਲਦਾ ਪਿਆ ਸੀ, ਬੀਬੀ ਹਰਸਿਮਰਤ ਕੌਰ ਨੇ ਦਿੱਲੀ ਵਿੱਚ ਕੰਪਨੀ ਦੇ ਨਾਲ ਆਪਣਾ ਕੋਈ ਸੰਬੰਧ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਉਹ ਕੇਸ ਮੁੱਖ ਮੰਤਰੀ ਬਾਦਲ ਨੇ ਆਪਣੇ ਪੱਕੇ ਏਲਚੀਆਂ ਦੇ ਰਾਹੀਂ ਜਾ ਕੇ ਸੰਭਾਲਿਆ ਸੀ। ਪਟਿਆਲੇ ਦੇ ਬਹਾਦਰਗੜ੍ਹ ਥਾਣੇ ਨਾਲ ਜੁੜੀ ਇੱਕ ਘਟਨਾ ਨੇ ਕਈ ਦਿਨ ਪੰਜਾਬ ਦੇ ਮੀਡੀਏ ਵਿੱਚ ਤਰਥੱਲੀ ਮਚਾਈ ਰੱਖੀ, ਪਰ ਬਾਅਦ ਵਿੱਚ ਇੱਕ ਮੰਤਰੀ ਤੇਜ਼ੀ ਨਾਲ ਵਗਿਆ ਤੇ ਮਾਮਲਾ ਸੰਭਾਲ ਲਿਆ ਗਿਆ। ਇਹੋ ਜਿਹੇ ਕੇਸ ਕਿਵੇਂ ਸੰਭਾਲੇ ਜਾਂਦੇ ਹਨ, ਇਸ ਬਾਰੇ ਪੰਜਾਬ ਦੇ ਲੋਕ ਬਹੁਤ ਵਾਰੀ ਵੇਖ ਅਤੇ ਹੰਢਾ ਚੁੱਕੇ ਹਨ, ਪਰ ਜਿਹੜੀ ਗੱਲ ਉਨ੍ਹਾਂ ਨੂੰ ਵੇਖਣ ਨੂੰ ਨਹੀਂ ਮਿਲੀ, ਉਹ ਇਹ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੇਣ ਵਾਲੇ ਬਾਦਲ ਸਾਹਿਬ ਦੇ ਰਾਜ ਵਿੱਚ ਜਾਨ-ਮਾਲ ਦੀ ਗਾਰੰਟੀ ਹੀ ਕੋਈ ਨਹੀਂ ਮਿਲਦੀ। ਘਰੋਂ ਬਾਹਰ ਗਿਆ ਬੰਦਾ ਜਿਵੇਂ ਕਦੇ ਅੱਤਵਾਦ ਦੇ ਦੌਰ ਵਿੱਚ ਘਰ ਮੁੜ ਆਉਣ ਦਾ ਕੋਈ ਯਕੀਨ ਨਹੀਂ ਸੀ ਰੱਖਦਾ, ਹੁਣ ਫਿਰ ਉਹੋ ਜਿਹਾ ਮਾਹੌਲ ਬਣਦਾ ਜਾਂਦਾ ਹੈ। ਪੀ ਜੀ ਆਈ ਵਿੱਚ ਕੱਲ੍ਹ ਦਮ ਤੋੜ ਗਈ ਕੁੜੀ ਬੇਅੰਤ ਕੌਰ ਦੇ ਮਾਪਿਆਂ ਨੂੰ ਨਾ ਕੋਈ ਤਸੱਲੀ ਦੇਣ ਵਾਲਾ ਵੇਲੇ ਸਿਰ ਗਿਆ ਹੈ ਤੇ ਨਾ ਪੁਲਸ ਦਾ ਕੋਈ ਅਫ਼ਸਰ ਵੇਲੇ ਸਿਰ ਬਿਆਨ ਲੈਣ ਗਿਆ ਸੀ। ਉਸ ਪਰਵਾਰ ਦਾ ਦੁੱਖ ਉਹ ਹੀ ਜਾਣਦੇ ਹਨ।
ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਗੱਲ ਸਿਰਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੱਕ ਦੀ ਨਹੀਂ, ਹੁਣ ਪੁਲਸ ਅਤੇ ਅਪਰਾਧੀਆਂ ਦੇ ਗੱਠਜੋੜ ਦੀ ਹੈ। ਬਹੁਤ ਸਾਰੇ ਬਦਨਾਮੀ ਖੱਟ ਚੁੱਕੇ ਪੁਲਸ ਅਫ਼ਸਰ ਬਹੁਤ ਅਹਿਮ ਅਹੁਦਿਆਂ ਉੱਤੇ ਹਨ ਤੇ ਜਿਨ੍ਹਾਂ ਦਾ ਰਿਕਾਰਡ ਚੰਗਾ ਹੈ, ਉਹ ਖੂੰਜੇ ਲੱਗੇ ਪਏ ਹਨ। ਕਦੀ ਭਾਜਪਾ ਦਾ ਕੋਈ ਆਗੂ ਪੁਲਸ ਨਾਲ ਮਿਲ ਕੇ ਪੁੱਠੇ ਕੰਮ ਕਰਦਾ ਚਰਚਾ ਵਿੱਚ ਆ ਜਾਂਦਾ ਹੈ ਤੇ ਕਦੇ ਅਕਾਲੀ ਦਲ ਦਾ ਕੋਈ ਲੀਡਰ ਵੀ ਚਰਚਾ ਦਾ ਕੇਂਦਰ ਬਣ ਜਾਂਦਾ ਹੈ। ਬਾਹਰਲੇ ਲੋਕਾਂ ਵੱਲੋਂ ਕੋਈ ਗੱਲ ਕਹਿਣ ਦੀ ਥਾਂ ਹਾਕਮ ਗੱਠਜੋੜ ਦੇ ਆਪਣੇ ਆਗੂ ਆਪਸ ਵਿੱਚ ਪਰਦੇ ਲਾਹੀ ਜਾਂਦੇ ਹਨ ਅਤੇ ਸਾਰੇ ਦੋਸ਼ਾਂ ਵਿੱਚ ਸੱਚਾਈ ਲੋਕਾਂ ਨੂੰ ਵੀ ਪਤਾ ਹੈ। ਨਹੀਂ ਪਤਾ ਤਾਂ ਸਿਰਫ਼ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਲੱਗ ਰਹੀ ਜਾਪਦੀ। ਕਤਲਾਂ ਦੀ ਗਿਣਤੀ ਵੀ ਵਧੀ ਜਾਂਦੀ ਹੈ ਤੇ ਲੋਕਾਂ ਉੱਤੇ ਇਰਾਦਾ ਕਤਲ ਦੇ ਝੂਠੇ ਕੇਸ ਦਰਜ ਕਰਨ ਪਿੱਛੋਂ ਮੋਟੀ ਮਾਇਆ ਵਸੂਲ ਕੇ ਪਰਚੇ ਰੱਦ ਕਰਨ ਦੀ ਚਰਚਾ ਵੀ ਪੰਜਾਬ ਭਰ ਵਿੱਚ ਹੋਈ ਜਾਂਦੀ ਹੈ। ਮੁੱਖ ਮੰਤਰੀ ਸਾਹਿਬ ਕਹਿਣਗੇ ਕਿ ਮੈਨੂੰ ਇਹ ਪਤਾ ਨਹੀਂ। ਉਹ ਨਵੇਂ ਆਗੂ ਨਹੀਂ, ਅੱਧੀ ਸਦੀ ਤੋਂ ਵੱਧ ਰਾਜਨੀਤੀ ਦਾ ਤਜਰਬਾ ਹੈ ਤੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ।
ਪੰਜਾਬ ਇਸ ਵਕਤ ਇੱਕ ਖ਼ਾਸ ਕਿਸਮ ਦੀ ਦਹਿਸ਼ਤ ਦਾ ਸ਼ਿਕਾਰ ਹੋਇਆ ਪਿਆ ਹੈ, ਜਿਹੜੀ ਸਿਆਸੀ ਮੈਦਾਨ ਵਿਚਲੇ ਲੋਕਾਂ ਨੇ ਪਾ ਛੱਡੀ ਹੈ। ਜਿੱਥੇ ਕਿਤੇ ਕੋਈ ਬੰਦਾ ਕਿਸੇ ਬੁਰਾਈ ਦੇ ਵਿਰੋਧ ਵਿੱਚ ਜ਼ਰਾ ਉੱਚੀ ਸੁਰ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਉਸ ਦੇ ਖ਼ਿਲਾਫ਼ ਕੋਈ ਕੇਸ ਵੀ ਬਣਾਇਆ ਜਾ ਸਕਦਾ ਹੈ ਤੇ ਪੰਜਾਬ ਵਿੱਚ ਇਹੋ ਜਿਹੀਆਂ ਮਿਸਾਲਾਂ ਹਨ, ਜਿੱਥੇ ਸਿਆਸੀ ਆਗੂਆਂ ਦੇ ਕਹਿਣ ਉੱਤੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਝੂਠੇ ਕੇਸ ਪਾ ਕੇ ਜੇਲ੍ਹ ਭੇਜਿਆ ਗਿਆ ਹੈ। ਰਾਜ ਕਰਦੀ ਪਾਰਟੀ ਦੇ ਆਪਣੇ ਕਾਰਿੰਦੇ ਕੀ ਕਰਦੇ ਹਨ, ਇਹ ਖੁਲਾਸਾ ਕੱਲ੍ਹ ਮੋਗਾ ਜ਼ਿਲ੍ਹੇ ਵਿੱਚ ਪਿੰਡ ਭਾਗੀਕੇ ਦੇ ਅਕਾਲੀ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਦੇ ਮੈਂਬਰ ਦੇ ਕੋਲੋਂ ਢਾਈ ਸੌ ਪੇਟੀਆਂ ਸ਼ਰਾਬ ਦੀਆਂ ਫੜੇ ਜਾਣ ਨਾਲ ਹੋ ਗਿਆ ਹੈ। ਲੋਕਾਂ ਕੋਲ ਜਾ ਕੇ ਕਦੀ ਬਾਦਲ ਸਾਹਿਬ ਸਿੱਧਾ ਇਹ ਪੁੱਛ ਲੈਣ ਕਿ ਉਨ੍ਹਾਂ ਦੇ ਘਰਾਂ ਤੱਕ ਨਸ਼ਾ ਕੌਣ ਪੁਚਾ ਰਿਹਾ ਹੈ ਤਾਂ ਲੋਕ ਆਪਣੇ ਆਪ ਮੂੰਹੋਂ ਮੂੰਹ ਦੱਸੀ ਜਾਂਦੇ ਹਨ।
ਅਸੀਂ ਬੜੇ ਸਾਲਾਂ ਤੱਕ ਇਹ ਸੁਣਦੇ ਰਹੇ ਸਾਂ ਕਿ ਯੂ ਪੀ ਅਤੇ ਬਿਹਾਰ ਵਿੱਚ ਅਮਨ-ਕਾਨੂੰਨ ਬਹੁਤ ਮਾੜਾ ਹੈ। ਫਿਰ ਕਦੇ-ਕਦਾਈਂ ਇਹ ਕਿਹਾ ਜਾਣ ਲੱਗਾ ਕਿ ਪੰਜਾਬ ਨੂੰ ਯੂ ਪੀ, ਬਿਹਾਰ ਬਣਾਇਆ ਜਾ ਰਿਹਾ ਹੈ, ਪਰ ਹੁਣ ਇਹ ਗੱਲ ਕਹਿਣ ਦੀ ਲੋੜ ਨਹੀਂ। ਜਿਹੜੀ ਰਫਤਾਰ ਨਾਲ ਪੰਜਾਬ ਦੇ ਅਮਨ-ਕਾਨੂੰਨ ਦਾ ਹਾਲ ਮੰਦਾ ਹੋਈ ਜਾਂਦਾ ਹੈ, ਸ਼ਾਇਦ ਅਗਲੇ ਸਾਲਾਂ ਵਿੱਚ ਯੂ ਪੀ ਅਤੇ ਬਿਹਾਰ ਦੇ ਲੋਕ ਇਹ ਕਹਿਣ ਲੱਗ ਜਾਣਗੇ ਕਿ ਸਾਡੇ ਰਾਜ ਨੂੰ ਪੰਜਾਬ ਬਣਾਇਆ ਜਾ ਰਿਹਾ ਹੈ। ਅਫ਼ਸਰਾਂ, ਆਗੂਆਂ ਤੇ ਅਪਰਾਧੀਆਂ ਦਾ ਗੱਠਜੋੜ ਏਨਾ ਪੱਕਾ ਹੈ ਕਿ ਸਾਰੇ ਇੱਕ ਤਾਣਾ ਜਿਹਾ ਤਣ ਕੇ ਚੱਲਦੇ ਹਨ ਤੇ ਇਸ ਤਾਲਮੇਲ ਵਿੱਚ ਕਿਸੇ ਕਿਸਮ ਦੀ ਕੋਈ ਵਿਰਲ ਹੀ ਕਿਤੇ ਨਹੀਂ ਲੱਭਦੀ। ਇੱਕ ਬਾਕਾਇਦਾ ਜਥੇਬੰਦਕ ਗਰੋਹ ਦਾ ਰੂਪ ਧਾਰਿਆ ਜਾ ਰਿਹਾ ਹੈ। ਮੁੱਖ ਮੰਤਰੀ ਸਾਹਿਬ ਨੇ ਕਦੇ ਇਸ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ। ਇਸ ਦੀ ਥਾਂ ਉਨ੍ਹਾ ਦਾ ਮਨ-ਭਾਉਂਦਾ ਕੰਮ ਸੰਗਤ ਦਰਸ਼ਨ ਹੈ। ਉਸ ਵਿੱਚ ਵੀ ਉਹ ਸੰਗਤਾਂ ਦੇ ਦਰਸ਼ਨ ਕਰਦੇ ਨਹੀਂ, ਰਸਮ ਪੂਰਤੀ ਹੁੰਦੀ ਹੈ, ਪੱਕੇ ਭਗਤਾਂ ਦੇ ਰਾਹੀਂ ਪੇਸ਼ ਕਰਵਾਏ ਜਾਣ ਵਾਲੇ ਲੋਕ ਕੁਝ ਲੈ ਲੈਣ ਤਾਂ ਵੱਖਰੀ ਗੱਲ, ਬਾਕੀ ਸਭ ਲੋਕ ਖ਼ਾਲੀ ਝੋਲੀ ਪਰਤ ਜਾਂਦੇ ਹਨ।
ਬਹੁਤ ਵਿਗੜੀ ਹੋਈ ਤਸਵੀਰ ਜਿੱਦਾਂ ਪੰਜਾਬ ਵਿੱਚ ਲੋਕ ਵੇਖ ਰਹੇ ਹਨ, ਉਹ ਮੁੱਖ ਮੰਤਰੀ ਸਾਹਿਬ ਹੁਣ ਵੀ ਵੇਖਣ ਜਾਂ ਨਾ, ਅਗਲੇ ਸਾਲ ਤਾਂ ਵੇਖਣੀ ਹੀ ਪੈਣੀ ਹੈ। ਉਸ ਘੜੀ ਦਾ ਚੇਤਾ ਰੱਖਣਾ ਚਾਹੀਦਾ ਹੈ।