ਲੋਕ ਰਾਜ ਦੇ ਨਾਂਅ ਉੱਤੇ ਲੋਕਾਂ ਨਾਲ ਧੋਖਾ

ਸਿਆਸਤ ਦੀ ਖ਼ਾਤਰ ਸਿਆਸਤ ਵਿੱਚ ਕੁਝ ਤੀਰ ਦਾਗੇ ਅਤੇ ਕੁਝ ਝੱਲ ਲਏ, ਇਸ ਨਾਲ ਪਾਰਲੀਮੈਂਟ ਦਾ ਇੱਕ ਹੋਰ ਸਮਾਗਮ ਖ਼ਤਮ ਹੋ ਗਿਆ। ਦੇਸ਼ ਦਾ ਨੇਤਾ ਇਸ ਪਾਰਲੀਮੈਂਟ ਦੇ ਲੋਕਾਂ ਵੱਲੋਂ ਚੁਣੇ ਹੋਏ ਹਾਊਸ ਦੇ ਵਿੱਚ ਦੋ ਸੌ ਬਹੱਤਰ ਦੀ ਬਹੁ-ਸੰਮਤੀ ਤੋਂ ਦਸ ਵਧਾ ਕੇ ਦੋ ਸੌ ਬਿਆਸੀ ਸੀਟਾਂ ਜਿੱਤਣ ਦੇ ਬਾਵਜੂਦ ਹਾਜ਼ਰੀ ਵੀ ਲਵਾਉਣ ਦੀ ਲੋੜ ਨਹੀਂ ਸਮਝਦਾ। ਉਹ ਸਿਰਫ਼ ਆਪਣੀ ਗੱਲ ਕਹਿਣੀ ਜਾਣਦਾ ਹੈ, ਸੁਣਦਾ ਨਹੀਂ। ਜਿੱਥੇ ਕਿਧਰੇ ਇਹੋ ਜਿਹਾ ਅੰਦੇਸ਼ਾ ਹੋਵੇ ਕਿ ਅੱਗੋਂ ਚਾਰ ਕੌੜੇ-ਫਿੱਕੇ ਬੋਲ ਸੁਣਨੇ ਅਤੇ ਜਵਾਬ ਦੇਣਾ ਪੈ ਜਾਣਾ ਹੈ, ਓਧਰ ਜਾਣ ਤੋਂ ਕੰਨੀ ਕਤਰਾ ਜਾਂਦਾ ਹੈ। ਇਸ ਵਾਰੀ ਵੀ ਏਸੇ ਤਰ੍ਹਾਂ ਡੰਗ ਸਾਰ ਗਿਆ ਹੈ।
ਉਂਜ ਵੀ ਉਸ ਨੂੰ ਓਥੇ ਜਾਣ ਦੀ ਇਸ ਕਰ ਕੇ ਲੋੜ ਨਹੀਂ ਸੀ ਕਿ ਕਟਹਿਰੇ ਵਿੱਚ ਖੜੋਣ ਵਾਲੇ ਉਸ ਦੀ ਪਾਰਟੀ ਦੇ ਤਿੰਨ ਵੱਡੇ ਆਗੂ ਉਸ ਦੀ ਅੱਖ ਵਿੱਚ ਕੁੱਕਰੇ ਵਾਂਗ ਰੜਕਦੇ ਸਨ। ਵਿਦੇਸ਼ ਮੰਤਰੀ ਬਣਾਈ ਸੁਸ਼ਮਾ ਦੇ ਬਾਰੇ ਉਹ ਇਹ ਗੱਲ ਨਹੀਂ ਭੁੱਲ ਸਕਦਾ ਕਿ ਜਦੋਂ ਉਸ ਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਬਣਾਇਆ ਜਾਣਾ ਸੀ, ਇਹ ਵਿਰੋਧ ਕਰਨ ਵਾਲੇ ਅਡਵਾਨੀ ਧੜੇ ਨਾਲ ਖੜੀ ਹੋਈ ਸੀ। ਮੱਧ ਪ੍ਰਦੇਸ਼ ਵਿਚਲਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹਿਲਾਂ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਤੋਂ ਵੱਧ ਸਫ਼ਲ ਕਹਿੰਦਾ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਝਾਕਦਾ ਸੀ। ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਇੱਕ ਵਕਤ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਪ੍ਰਮੋਦ ਮਹਾਜਨ ਦੇ ਨਾਲ ਖੜੋ ਕੇ ਮੋਦੀ ਦਾ ਅਸਤੀਫਾ ਵੀ ਮੰਗਣ ਵਾਲਿਆਂ ਵਿੱਚ ਸ਼ਾਮਲ ਰਹਿ ਚੁੱਕੀ ਸੀ। ਇਹ ਤਿੰਨੇ ਜਣੇ ਫਸੇ ਸਨ ਤਾਂ ਫਸੇ ਰਹਿਣ, ਨਰਿੰਦਰ ਮੋਦੀ ਬਾਹਰ ਰਿਹਾ।
ਸਾਰੇ ਸਮਾਗਮ ਦੌਰਾਨ ਬਹੁਤ ਹਾਸੋਹੀਣੇ ਹਾਲਾਤ ਦੇ ਦਰਸ਼ਨ ਹੁੰਦੇ ਰਹੇ। ਬੰਗਲਾ ਦੇਸ਼ ਨਾਲ ਸਮਝੌਤੇ ਦੀ ਤਜਵੀਜ਼ ਪੇਸ਼ ਕਰਦੇ ਸਮੇਂ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਇਹ ਆਖਿਆ ਗਿਆ ਕਿ ਇਸ ਬਿੱਲ ਵਿੱਚ ਇੱਕ ਵੀ ਅੱਖਰ ਨਹੀਂ ਬਦਲਿਆ, ਇਹ ਸਾਰਾ ਪਿਛਲੀ ਮਨਮੋਹਨ ਸਿੰਘ ਸਰਕਾਰ ਵਾਲਾ ਹੀ ਹੈ। ਵਿਰੋਧੀ ਧਿਰ ਨੇ ਪੁੱਛ ਲਿਆ ਕਿ ਫਿਰ ਇਹ ਵੀ ਦੱਸ ਦਿਓ ਕਿ ਜਦੋਂ ਇਹੋ ਬਿੱਲ ਇਸ ਤੋਂ ਪਿਛਲੀ ਸਰਕਾਰ ਨੇ ਪੇਸ਼ ਕੀਤਾ ਸੀ, ਓਦੋਂ ਭਾਜਪਾ ਨੇ ਇਸ ਦਾ ਵਿਰੋਧ ਕਿਉਂ ਕੀਤਾ ਸੀ ਤੇ ਹੁਣ ਪਾਸ ਕਿਉਂ ਕਰ ਰਹੇ ਹੋ? ਹਾਸੋਹੀਣਾ ਜਵਾਬ ਇਹ ਸੀ ਕਿ ਹੁਣ ਪ੍ਰਸਥਿਤੀਆਂ ਬਦਲ ਗਈਆਂ ਹਨ। ਪ੍ਰਸਥਿਤੀਆਂ ਸਿਰਫ਼ ਇਹ ਬਦਲ ਗਈਆਂ ਕਿ ਓਦੋਂ ਉਹ ਵਿਰੋਧੀ ਧਿਰ ਵਿੱਚ ਸਨ ਅਤੇ ਹੁਣ ਰਾਜ ਕਰਦੇ ਹਨ। ਇਸ ਦਾ ਅਰਥ ਹੈ ਕਿ ਬਿੱਲ ਕਾਂਗਰਸ ਲਾਗੂ ਕਰੇ ਤਾਂ ਗ਼ਲਤ ਤੇ ਭਾਜਪਾ ਲਾਗੂ ਕਰੇ ਤਾਂ ਠੀਕ ਹੋ ਜਾਂਦਾ ਹੈ। ਇਹ ਕੂਟਨੀਤੀ ਦਾ ਇੱਕ ਦਮ ਨਵਾਂ ਰੂਪ ਵੇਖਣ ਵਿੱਚ ਆਇਆ ਹੈ।
ਬਹੁਤਾ ਸਮਾਂ ਇਸ ਸੈਸ਼ਨ ਦਾ ਸੁਸ਼ਮਾ ਸਵਰਾਜ ਵੱਲੋਂ ਕ੍ਰਿਕਟ ਦੇ ਮਹਾਂ ਘੋਟਾਲੇਬਾਜ਼ ਲਲਿਤ ਮੋਦੀ ਵਾਸਤੇ ਬ੍ਰਿਟੇਨ ਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਤੋਂ ਚੋਰੀ ਕੀਤੇ ਗਏ ਫੋਨ ਦੇ ਮੁੱਦੇ ਉੱਤੇ ਪਏ ਰੌਲੇ ਨੇ ਖਾ ਲਿਆ। ਇਸ ਵਿੱਚੋਂ ਅੰਤ ਵਿੱਚ ਨਿਕਲਿਆ ਕੁਝ ਵੀ ਨਹੀਂ। ਸਵਾਲ ਕੀਤੇ ਅਤੇ ਜਵਾਬ ਵਿੱਚ ਮਿਹਣੇ ਸੁਣ ਕੇ ਗੱਲ ਖ਼ਤਮ। ਅੱਜ ਕੱਲ੍ਹ ਕਾਲਜਾਂ ਵਿੱਚ ਇੱਕ ਅੰਤਾਕਸ਼ਰੀ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਇੱਕ ਬੱਚਾ ਕਿਸੇ ਕਵਿਤਾ ਦੀ ਕੋਈ ਲਾਈਨ ਬੋਲਦਾ ਹੈ ਤੇ ਜਦੋਂ ਉਹ ਚੁੱਪ ਕਰ ਜਾਵੇ, ਉਸੇ ਲਾਈਨ ਦੇ ਆਖਰੀ ਅੱਖਰ ਨੂੰ ਚੁੱਕ ਕੇ ਦੂਸਰਾ ਬੱਚਾ ਕੋਈ ਕਵਿਤਾ ਬੋਲਣ ਲੱਗ ਜਾਂਦਾ ਹੈ। ਪਾਰਲੀਮੈਂਟ ਸਮਾਗਮ ਦੇ ਬਹੁਤ ਭਖਵੇਂ ਦਿਨ ਸੁਸ਼ਮਾ ਸਵਰਾਜ ਅਤੇ ਰਾਹੁਲ ਗਾਂਧੀ ਦੀ ਮਿਹਣੇਬਾਜ਼ੀ ਨੂੰ ਬਹੁਤ ਸਾਰੇ ਮੀਡੀਆ ਚੈਨਲਾਂ ਨੇ ਸਿਆਸੀ ਅੰਤਾਕਸ਼ਰੀ ਦਾ ਨਾਂਅ ਦਿੱਤਾ ਅਤੇ ਇਸ ਨੂੰ ਚਸਕੇ ਲੈਣ ਵਾਲੇ ਢੰਗ ਨਾਲ ਪੇਸ਼ ਕੀਤਾ ਹੈ। ਉਹ ਵੀ ਖੁਸ਼ ਤੇ ਉਹ ਵੀ ਖੁਸ਼। ਭਾਰਤ ਦੇ ਲੋਕਾਂ ਨੇ ਇਨ੍ਹਾਂ ਨੂੰ ਓਥੇ ਅੰਤਾਕਸ਼ਰੀ ਪੇਸ਼ ਕਰਨ ਤੇ ਇਨ੍ਹਾਂ ਦੇ ਸਮੱਰਥਕ ਮੈਂਬਰਾਂ ਨੂੰ ਕਿਸੇ ਕਵਾਲ ਦੇ ਪਿੱਛੇ ਤਾੜੀਆਂ ਮਾਰਨ ਦੀ ਭੂਮਿਕਾ ਨਿਭਾਉਣ ਲਈ ਨਹੀਂ ਭੇਜਿਆ। ਇਹ ਨਜ਼ਾਰੇ ਬਾਹਰ ਵੀ ਪੇਸ਼ ਹੁੰਦੇ ਰਹਿੰਦੇ ਹਨ। ਅਮਲ ਵਿੱਚ ਮੌਨਸੂਨ ਸਮਾਗਮ ਦੀ ਕੋਈ ਪ੍ਰਾਪਤੀ ਲੱਭਣੀ ਹੋਵੇ ਤਾਂ ਇਸ ਦੀ ਖੋਜ ਕਰਨ ਵਾਲਾ ਮੱਥਾ ਪਿੱਟਦਾ ਰਹੇਗਾ ਤੇ ਉਸ ਦੇ ਪੱਲੇ ਫਿਰ ਵੀ ਕੁਝ ਨਹੀਂ ਪਵੇਗਾ। ਬਹੁਤ ਹੀ ਬੇਲੋੜੀ ਕਸਰਤ ਬਣ ਗਿਆ ਸੀ ਇਹ ਅਜਲਾਸ।
ਅਸੀਂ ਇਸ ਵਿੱਚ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਮੰਨਦੇ, ਹਾਲਾਂਕਿ ਅਜਲਾਸ ਚੱਲਦਾ ਰੱਖਣ ਦੀ ਵੱਡੀ ਜ਼ਿੰਮੇਵਾਰੀ ਰਾਜ ਕਰਦੀ ਧਿਰ ਦੀ ਹੁੰਦੀ ਹੈ, ਸਗੋਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਪਿਰਤ ਪੈ ਚੁੱਕੀ ਹੈ, ਜੇ ਇਹ ਏਦਾਂ ਹੀ ਜਾਰੀ ਰਹੀ ਤਾਂ ਅੱਗੋਂ ਇਸ ਵਿੱਚ ਕਿਸੇ ਸੁਧਾਰ ਦੀ ਆਸ ਨਹੀਂ ਹੋ ਸਕਦੀ। ਭਾਜਪਾ ਲੀਡਰਸ਼ਿਪ ਅੱਜ ਇਹ ਕਹਿੰਦੀ ਹੈ ਕਿ ਵਿਰੋਧੀ ਧਿਰ ਨੇ ਪਾਰਲੀਮੈਂਟ ਨਹੀਂ ਚੱਲਣ ਦਿੱਤੀ, ਪਰ ਭਾਜਪਾ ਆਗੂ ਜਦੋਂ ਵਿਰੋਧ ਦੀ ਧਿਰ ਦੇ ਅਗਵਾਨੂੰ ਹੁੰਦੇ ਸਨ, ਓਦੋਂ ਇਹ ਵੀ ਇਹੋ ਕੁਝ ਕਰਦੇ ਹੁੰਦੇ ਸਨ। ਕਦੀ ਕਿਸੇ ਮੰਤਰੀ ਉੱਤੇ ਦੋਸ਼ ਲਾਏ ਜਾਂਦੇ ਸਨ ਅਤੇ ਕਦੀ ਕਿਸੇ ਲੀਡਰ ਦੇ ਰਿਸ਼ਤੇਦਾਰਾਂ ਦਾ ਰੌਲਾ ਪੈਂਦਾ ਸੀ ਅਤੇ ਜਦੋਂ ਪੁੱਛਿਆ ਜਾਂਦਾ ਸੀ ਤਾਂ ਕਹਿ ਦਿੱਤਾ ਕਰਦੇ ਸਨ ਕਿ ਸਾਡੇ ਮੁੱਦੇ ਜਾਇਜ਼ ਹਨ। ਮੁੱਦੇ ਸੱਚਮੁੱਚ ਜਾਇਜ਼ ਹੁੰਦੇ ਸਨ, ਅਤੇ ਓਦੋਂ ਵਾਂਗ ਹੁਣ ਵੀ ਮੁੱਦੇ ਜਾਇਜ਼ ਹਨ। ਸੁਸ਼ਮਾ ਸਵਰਾਜ ਦੇ ਪਤੀ ਅਤੇ ਧੀ ਉੱਤੇ ਦੋਸ਼ ਲੱਗ ਗਿਆ, ਵਸੁੰਧਰਾ ਰਾਜੇ ਖ਼ੁਦ ਤੇ ਉਸ ਦੇ ਪੁੱਤਰ ਉੱਤੇ ਦੋਸ਼ ਲੱਗਦਾ ਹੈ, ਸ਼ਿਵਰਾਜ ਸਿੰਘ ਚੌਹਾਨ ਅਤੇ ਉਸ ਦੀ ਪਤਨੀ ਉੱਤੇ ਦੋਸ਼, ਇਨ੍ਹਾਂ ਵਿੱਚੋਂ ਕੋਈ ਇੱਕ ਮੁੱਦਾ ਗ਼ਲਤ ਨਹੀਂ ਕਿਹਾ ਜਾ ਸਕਦਾ। ਜਿਹੜੇ ਮਿਆਰ ਭਾਜਪਾ ਵਾਲਿਆਂ ਨੂੰ ਕਾਂਗਰਸ ਵੇਲੇ ਚੇਤੇ ਆਉਂਦੇ ਸਨ, ਹੁਣ ਵੀ ਉਹ ਚੇਤੇ ਰੱਖਣੇ ਚਾਹੀਦੇ ਸਨ, ਪਰ ਹਮੇਸ਼ਾ ਰਾਜ ਕਰਦੀ ਧਿਰ ਆਪਣੇ ਲਈ ਮਰਜ਼ੀ ਦੇ ਨਿਯਮ ਵਰਤਣ ਦੀ ਕੋਸ਼ਿਸ਼ ਕਰਦੀ ਹੈ ਤੇ ਭਾਜਪਾ ਨੇ ਵੀ ਇਸ ਵਾਰੀ ਇਹੋ ਕੀਤਾ ਹੈ। ਲੋਕ ਰਾਜ ਦੇ ਨਾਂਅ ਉੱਤੇ ਇਹ ਲੋਕਾਂ ਨਾਲ ਸਿੱਧਾ ਧੋਖਾ ਹੈ, ਜਿਹੜਾ ਵਾਰੀਆਂ ਬਦਲ-ਬਦਲ ਕੇ ਦੋਵੇਂ ਪਾਰਟੀਆਂ ਕਰੀ ਜਾਂਦੀਆਂ ਹਨ ਅਤੇ ਲੋਕ ਅਜੇ ਵੀ ਕਦੇ ਇਸ ਵੱਲ ਅਤੇ ਕਦੀ ਉਸ ਵੱਲ ਆਸ ਦੀ ਨਜ਼ਰ ਨਾਲ ਝਾਕੀ ਜਾਂਦੇ ਹਨ।