ਮਾਨਸੂਨ ਸੈਸ਼ਨ ਬਿਨਾਂ ਕੰਮਕਾਜ ਤੋਂ ਖ਼ਤਮ

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਸੰਸਦ ਦਾ ਮਾਨਸੂਨ ਸੈਸ਼ਨ ਖ਼ਤਮ ਹੋ ਗਿਆ। ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ, ਪਰ ਆਪੋਜ਼ੀਸ਼ਨ ਅਤੇ ਖਾਸ ਤੌਰ 'ਤੇ ਕਾਂਗਰਸ ਦੇ ਹੰਗਾਮੇ ਕਾਰਨ ਕੋਈ ਅਹਿਮ ਕੰਮ ਨਾ ਹੋ ਸਕਿਆ।
ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਨੇ ਆਈ ਪੀ ਐਲ ਦੇ ਸਾਬਕਾ ਮੁਖੀ ਲਲਿਤ ਮੋਦੀ ਦੀ ਕਥਿਤ ਤੌਰ 'ਤੇ ਮਦਦ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਉਨ੍ਹਾ ਨੇ ਮੱਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ਨੂੰ ਲੈ ਕੇ ਵੀ ਹੰਗਾਮਾ ਕੀਤਾ।
ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਅੱਜ ਜਦੋਂ ਹਾਊਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਤਾਂ ਕਾਂਗਰਸ ਮੈਂਬਰ ਹਾਊਸ 'ਚ ਮੌਜੂਦ ਨਹੀਂ ਸਨ।
ਲਲਿਤ ਮੋਦੀ ਕਾਂਡ ਅਤੇ ਵਿਆਪਮ ਘੁਟਾਲੇ 'ਤੇ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜ੍ਹਿਆ ਰਾਜ ਸਭਾ ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਅਤੇ ਰਾਜ ਸਭਾ 'ਚ ਪੂਰੇ ਸੈਸ਼ਨ ਦੌਰਾਨ ਸਿਰਫ਼ 9 ਘੰਟੇ ਹੀ ਕੰਮਕਾਜ ਹੋ ਸਕਿਆ।
ਚੇਅਰਮੈਨ ਹਾਮਿਦ ਅੰਸਾਰੀ ਨੇ ਦੁਪਹਿਰ 12 ਵਜੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਅਤੇ ਉਨ੍ਹਾ ਨੇ ਸੈਸ਼ਨ ਦੇ ਅੰਤ 'ਚ ਦਿੱਤਾ ਜਾਣ ਵਾਲਾ ਭਾਸ਼ਣ ਵੀ ਨਾ ਦਿੱਤਾ।
21 ਜੁਲਾਈ ਨੂੰ ਸ਼ੁਰੂ ਹੋਏ ਇਸ ਸੈਸ਼ਨ 'ਚ ਸਿਰਫ਼ 9 ਘੰਟੇ ਹੀ ਕੰਮ ਹੋ ਸਕਿਆ। ਹਾਊਸ ਦੀਆਂ ਮੀਟਿੰਗਾਂ ਦਾ ਜ਼ਿਆਦਾਤਰ ਸਮਾਂ ਲਲਿਤ ਮੋਦੀ ਮਾਮਲੇ ਅਤੇ ਵਿਆਪਮ ਘੁਟਾਲੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਂਗਰਸ ਅਤੇ ਦੂਜੀਆਂ ਆਪੋਜ਼ੀਸ਼ਨ ਪਾਰਟੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਭੇਟ ਚੜ੍ਹ ਗਿਆ।
ਰਾਜ ਸਭਾ 'ਚ ਇਸ ਦੌਰਾਨ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਲੋਕ ਸਭਾ 'ਚ, 25 ਕਾਂਗਰਸ ਮੈਂਬਰਾਂ ਦੀ 15 ਦਿਨਾਂ ਦੀ ਮੁਅੱਤਲੀ, ਪੂਰਬ ਉੱਤਰ ਖੇਤਰ ਦੇ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਗ਼ੈਰ ਨਾਗਾਲੈਂਡ ਸਮਝੌਤਾ ਕੀਤੇ ਜਾਣ ਅਤੇ ਬਿਹਾਰ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਗ਼ੈਰ ਸੂਬੇ ਦੇ ਰਾਜਪਾਲ ਦੀ ਨਿਯੁਕਤੀ ਨੂੰ ਲੈ ਕੇ ਆਪੋਜ਼ੀਸ਼ਨ ਦੇ ਹੰਗਾਮੇ ਕਾਰਨ ਕਾਰਵਾਈ 'ਚ ਰੁਕਾਵਟ ਪਈ।
ਪੂਰੇ ਸੈਸ਼ਨ ਦੌਰਾਨ ਰੇੜਕੇ ਲਈ ਸੱਤਾਧਾਰੀ ਧਿਰ ਅਤੇ ਆਪੋਜ਼ੀਸ਼ਨ ਨੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਇਆ।