Latest News

ਪ੍ਰਾਈਵੇਟ ਖੰਡ ਮਿੱਲਾਂ ਬੰਦ ਕਰਨ ਦੇ ਐਲਾਨ ਨਾਲ ਕਿਸਾਨਾਂ 'ਚ ਮਚੀ ਹਾਹਾਕਾਰ : ਕਾਨਿਆਂਵਾਲੀ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜਗਦੇਵ ਸਿੰਘ ਕਾਨਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਆਗੂਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਜਗਦੇਵ ਸਿੰਘ ਕਾਨਿਆਂਵਾਲੀ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲ ਮਾਲਕਾਂ ਵੱਲੋਂ ਮਿੱਲਾ ਬੰਦ ਕਰਨ ਦੇ ਐਲਾਨ ਨਾਲ ਕਿਸਾਨਾਂ ਵਿਚ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾ ਕਿਹਾ ਕਿ ਜੇਕਰ ਮਿੱਲਾਂ ਬੰਦ ਕਰਨੀਆਂ ਸਨ ਤਾਂ ਗੰਨੇ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਨੋਟਿਸ ਦੇ ਕੇ ਗੰਨਾ ਬੀਜਣ ਤੋਂ ਰੋਕ ਦਿੰਦੇ, ਪਰ ਹੁਣ ਕੁਝ ਸਮੇਂ ਬਾਅਦ ਗੰਨੇ ਦੀ ਪਿੜਾਈ ਸ਼ੁਰੂ ਹੋਣ ਵਾਲੀ ਹੈ, ਜੋ ਕਿ ਕਿਸਾਨਾਂ ਲਈ ਬਹੁਤ ਮੰਦਭਾਗਾ ਹੈ। ਉਨ੍ਹਾ ਮੰਗ ਕੀਤੀ ਕਿ ਕਿਸਾਨਾਂ ਸਿਰ ਚੜੇ ਕਰਜ਼ੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਮੁਆਫ਼ ਕਰੇ, ਕਿਉਂਕਿ ਕਰਜ਼ੇ ਕਿਸਾਨ ਨੇ ਨਹੀਂ ਚੜਾਏ ਬਲਕਿ ਸਰਕਾਰ ਦੀ ਖੇਤੀਬਾੜੀ ਨੀਤੀ ਨਾ ਹੋਣ ਕਾਰਨ ਚੜੇ ਹਨ, ਬਾਸਮਤੀ ਦੀ ਸਰਕਾਰੀ ਖਰੀਦ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਕਰਵਾਏ ਅਤੇ ਬਾਸਮਤੀ ਦੀ ਸਹਾਇਕ ਕੀਮਤ ਤਹਿ ਕੀਤੀ ਜਾਵੇ, ਸੇਮ ਏਰੀਏ ਦੀਆਂ ਸੇਮ ਨਾਲੀਆਂ ਡੂੰਘੀਆਂ ਤੇ ਚੌੜੀਆਂ ਕੀਤੀਆਂ ਜਾਣ, ਮੋਟਰਾਂ ਦੇ ਲੋਡ ਵਧਾਉਣ ਦੀ ਬਿਨਾਂ ਖਰਚੇ ਤੋਂ ਖੁੱਲ੍ਹ ਦਿੱਤੀ ਜਾਵੇ, ਖੇਤੀ ਸੰਦਾਂ 'ਤੇ ਸਬਸਿਡੀ ਦਿੱਤੀ ਜਾਵੇ, ਸਪਰੇਅ ਪੰਪ ਆਦਿ ਸੰਦ ਦੁਕਾਨਾਂ ਦੀ ਬਜਾਏ ਖੇਤੀਬਾੜੀ ਦਫ਼ਤਰਾਂ ਵਿਚ ਮਿਲਣੇ ਯਕੀਨੀ ਬਣਾਏ ਜਾਣ, ਜਿਣਸਾਂ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇ। ਇਸ ਮੌਕੇ ਗੁਰਦਰਸ਼ਨ ਸਿੰਘ ਰੁਪਾਣਾ, ਗੁਰਤੇਜ ਸਿੰਘ ਉਦੇਕਰਨ, ਦਲਜੀਤ ਸਿੰਘ ਰੰਧਾਵਾ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਲੁੰਡੇਆਣਾ, ਬੇਅੰਤ ਸਿੰਘ ਬਲਮਗੜ੍ਹ, ਗੁਰਜੰਟ ਸਿੰਘ ਬਾਮ, ਜਰਨੈਲ ਸਿੰਘ ਚੌਂਤਰਾ, ਜੋਗਿੰਦਰ ਸਿੰਘ ਆਸਾ ਬੁੱਟਰ ਅਤੇ ਰਾਮ ਲਾਲ ਸ਼ਰਮਾ ਆਦਿ ਹਾਜ਼ਰ ਸਨ।

898 Views

e-Paper