ਉਸਾਰੀ ਦੌਰਾਨ ਲੈਂਟਰ ਡਿੱਗਾ, ਮਿਸਤਰੀ ਦੀ ਦੋ ਪੁੱਤਰਾਂ ਸਮੇਤ ਮਲਬੇ ਹੇਠਾਂ ਆ ਕੇ ਮੌਤ

ਕੱਲ੍ਹ ਰਾਤ ਕਰੀਬ 9.30 ਵਜੇ ਉਸ ਵਕਤ ਸ਼ਹਿਰ ਵਿੱਚ ਮਾਤਮ ਛਾ ਗਿਆ, ਜਦ ਇਕ ਦੁਕਾਨ 'ਤੇ ਨਵਾਂ ਲੈਂਟਰ ਪਾਉਂਦੇ ਸਮੇਂ ਅਚਾਨਕ ਵਾਪਰੇ ਹਾਦਸੇ ਦੌਰਾਨ ਲੈਂਟਰ ਡਿੱਗਣ ਕਰਕੇ ਛੇ ਮਜ਼ਦੂਰ ਮਲਬੇ ਹੇਠ ਦੱਬੇ ਗਏ, ਜਿਨ੍ਹਾਂ ਵਿਚੋਂ ਇੱਕ ਮਿਸਤਰੀ ਅਤੇ ਉਸਦੇ ਦੋ ਪੁੱਤਰ ਮੌਕੇ 'ਤੇ ਹੀ ਦਮ ਤੋੜ ਗਏ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਿਕ ਮੁਹੱਲਾ ਬਾਗ ਵਾਲਾ ਖੂਹ (ਨੇੜੇ ਸਾਬਕਾ ਨਗਰ ਕੌਂਸਲ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦੀ ਫੈਕਟਰੀ) ਦਾ ਵਸਨੀਕ ਗੁਰਚਰਨ ਸਿੰਘ ਉਰਫ ਚੰਨੀ ਆਪਣੀ ਕਰਿਆਨੇ ਦੀ ਛੋਟੀ ਦੁਕਾਨ ਨੂੰ ਵੱਡੀ ਕਰਨ ਲਈ ਲੈਂਟਰ ਪਾ ਰਿਹਾ ਸੀ। ਕਰੀਬ 150 ਸੈਂਕੜੇ ਮਟੀਰੀਅਲ ਵਿਚੋਂ 80% ਲ਼ੈਂਟਰ ਪੈ ਜਾਣ ਤੋਂ ਬਾਅਦ ਸ਼ਟਰਿੰਗ ਦੀ ਇੱਕ ਬੱਲੀ ਖਿਸਕ ਜਾਣ 'ਤੇ ਸਾਰਾ ਹੀ ਲੈਂਟਰ ਥੱਲੇ ਡਿੱਗ ਗਿਆ, ਜਿਸ ਨਾਲ ਮਿਸਤਰੀ ਸਮੇਤ 5 ਮਜ਼ਦੂਰ ਮਲਬੇ ਹੇਠ ਦੱਬੇ ਗਏ। ਲੈਂਟਰ ਡਿੱਗਣ ਤੋਂ ਤੁਰੰਤ ਬਾਅਦ ਰੌਲਾ ਪੈਣ 'ਤੇ ਆਂਢ-ਗੁਆਂਢ ਅਤੇ ਸ਼ਹਿਰ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਮਜ਼ਦੂਰਾਂ ਨੂੰ ਲੈਂਟਰ ਥੱਲਿਓਂ ਕੱਢਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ 'ਤੇ ਤੁਰੰਤ ਪੁਲਸ ਅਧਿਕਾਰੀ ਡੀ.ਐੱਸ.ਪੀ ਭਗਵੰਤ ਸਿੰਘ ਗਿੱਲ, ਡੀ.ਐੱਸ.ਪੀ ਅਮਨਦੀਪ ਕੌਰ, ਐੱਸ.ਐੱਚ.ਓ ਦਵਿੰਦਰ ਸਿੰਘ ਬਾਜਵਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਮਲਬਾ ਤੇ ਲੋਹੇ ਦਾ ਜਾਲ ਜ਼ਿਆਦਾ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਸੀ, ਜਿਸ 'ਤੇ ਪ੍ਰਸ਼ਾਸਨ ਨੇ ਜੇ.ਸੀ.ਬੀ ਅਤੇ ਵੱਡੀ ਕਰੇਨ ਮੰਗਵਾ ਕੇ ਮਲਬੇ ਥੱਲਿਓਂ ਤਿੰਨ ਮਜ਼ਦੂਰਾਂ ਨੂੰ ਕਰੀਬ ਡੇਢ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਜ਼ਖਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ, ਜਿਹਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਅਤੇ ਇਕ ਨੂੰ ਮਾਮੂਲੀ ਸੱਟਾਂ ਲੱਗਣ ਕਰਕੇ ਛੁੱਟੀ ਦੇ ਦਿੱਤੀ ਗਈ, ਪਰ ਮਿਸਤਰੀ 'ਤੇ ਉਸ ਦੇ ਦੋ ਲੜਕੇ ਦੇਰ ਰਾਤ ਕਰੀਬ 2.30 ਵਜੇ ਮਲਬੇ ਥੱਲਿਓਂ ਮ੍ਰਿਤਕ ਕੱਢੇ ਗਏ। ਪੁਲਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ-ਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ। ਐੱਸ. ਐੱਚ. ਓ ਦਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮਕਾਨ ਮਾਲਕਾਂ ਖਿਲਾਫ ਧਾਰਾ 304 ਏ ਅਧੀਨ ਪੁਲਸ ਥਾਣਾ ਜੰਡਿਆਲਾ ਗੁਰੂ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।