ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੀ ਮੋਦੀ ਸਰਕਾਰ ਤੋਂ ਅੱਛੇ ਦਿਨਾਂ ਦੀ ਆਸ ਨਹੀਂ ਕੀਤੀ ਜਾ ਸਕਦੀ : ਅਰਸ਼ੀ

ਅਖੌਤੀ ਦੇਸ਼ ਵਿਕਾਸ ਦੇ ਨਾਅਰੇ ਮਾਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ, ਜੋ ਕਾਰਪੋਰੇਟ ਘਰਾਣੇ ਅਤੇ ਬਹੁਕੌਮੀ ਕੰਪਨੀਆਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ, ਤੋਂ ਅੱਛੇ ਦਿਨਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ. ਪੀ. ਆਈ. ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸਥਾਨਕ ਸੀ.ਪੀ.ਆਈ. ਦਫ਼ਤਰ ਵਿਖੇ ਜ਼ਿਲ੍ਹਾ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਸੈਂਕੜੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਹੇ।
ਉਹਨਾਂ ਕਿਹਾ ਕਿ ਭਾਜਪਾ ਦੀ ਸਰਦਾਰੀ ਹੇਠ ਬਣੀ ਐਨ.ਡੀ.ਏ. ਹਕੂਮਤ ਸਾਮਰਾਜੀ ਦੇਸ਼ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੇ ਭਾਈਬਾਲਾਂ ਲਈ ਸਾਮਰਾਜੀ ਸੰਸਥਾਵਾਂ ਦੇ ਨਿਰਦੇਸ਼ਾਂ ਤਹਿਤ ਬਣੀਆਂ ਨੀਤੀਆਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆ ਰਹੀ ਹੈ, ਜਿਸ ਦੇ ਸਿੱਟੇ ਵਜੋਂ ਲੋਕ ਖਾਸ ਕਰਕੇ ਕਿਰਤੀ ਵਰਗ ਨੂੰ ਰੁਜ਼ਗਾਰ ਬਰਾਬਰ ਵਿੱਦਿਆ ਸਿਹਤ ਸਹੂਲਤਾਂ ਪੀਣ ਵਾਲੇ ਪਾਣੀ ਗਰੀਬ ਲੋਕਾਂ ਲਈ ਮਕਾਨ ਅਤੇ ਵਾਹੀਯੋਗ ਜ਼ਮੀਨਾਂ ਅੱਧ-ਪਚੱਧ ਸੰਵਿਧਾਨਿਕ ਤੇ ਜਮਹੂਰੀ ਅਧਿਕਾਰਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ, ਜਦ ਕਿ ਦੂਜੇ ਪਾਸੇ ਅਕਾਲੀ-ਬੀ.ਜੇ.ਪੀ. ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਧਨਾਢਾਂ ਦੀਆਂ ਜਾਇਦਾਦਾਂ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਰਿਹਾ ਹੈ।
ਗਰੀਬ ਗਰੀਬ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਭੁੱਖਮਰੀ ਲਗਾਤਾਰ ਵਧ ਰਹੇ ਹਨ। ਉਹਨਾਂ ਚੰਡੀਗੜ੍ਹ ਵਿਖੇ ਹੋਣ ਵਾਲੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਤੇਰ੍ਹਵੇਂ ਇਜਲਾਸ ਦੀ ਤਿਆਰੀ ਦੇ ਸੰਬੰਧ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ 18 ਸਤੰਬਰ ਨੂੰ ਹੋਣ ਵਾਲੀ ਰੈਲੀ ਇਤਿਹਾਸਕ ਸਿੱਧ ਹੋਵੇਗੀ ਅਤੇ ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਕਿਰਤੀ ਅਤੇ ਮਜ਼ਦੂਰ ਵਰਗ ਆਪਣੇ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਸ਼ਾਮਲ ਹੋਣ। ਸੀ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਡਾ. ਜੋਗਿੰਦਰ ਦਿਆਲ ਨੇ ਹਾਜ਼ਰ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਮੀਨ ਅਧਿ-ਗ੍ਰਹਿਣ ਕਾਨੂੰਨ ਕਿਰਤ ਕਾਨੂੰਨਾਂ ਵਿੱਚ ਸੋਧਾਂ, ਮਨਰੇਗਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ, ਅਣ ਮਨੁੱਖੀ ਠੇਕਾ ਭਰਤੀ, ਜਨ ਸੇਵਾਵਾਂ ਦੇ ਕਰੂਰ ਨਿੱਜੀ ਕਰਨ, ਜਨਤਕ ਜਾਇਦਾਦਾਂ ਨੂੰ ਵੇਚਣ ਅਤੇ ਘੋਲਾਂ ਦੇ ਦਮਨ ਖਿਲਾਫ ਵਿਸ਼ਾਲ ਲੋਕ ਰਾਇ ਬਣਾਉਣ ਵਿੱਚ ਸਹਿਯੋਗ ਕਰਨ। ਉਹਨਾਂ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਖੱਬੇ ਪੱਖੀ ਜਮਹੂਰੀ ਸੰਘਰਸ਼ ਨੂੰ ਤੇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਖੇਤ ਮਜ਼ਦੂਰ ਸਭਾ ਦੇ ਪੰਜਾਬ ਇਕਾਈ ਦੇ ਸਕੱਤਰ ਗੁਲਜਾਰ ਸਿੰਘ ਗੋਰੀਆ ਅਤੇ ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ 60 ਸਾਲ ਦੇ ਵਿਅਕਤੀ ਲਈ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਕਾਨੂੰਨ ਬਣਾਉਣ, ਗਰੀਬ ਅਤੇ ਦਲਿਤ ਲੋਕਾਂ ਲਈ 10-10 ਮਰਲੇ ਦੇ ਪਲਾਟ ਦੇਣ ਅਤੇ ਉਸਾਰੀ ਲਈ 3 ਲੱਖ ਰੁਪਏ ਦੀ ਗਰਾਂਟ ਦੇਣ, ਮਨਰੇਗਾ ਨੂੰ ਠੀਕ ਢੰਗ ਨਾਲ ਲਾਗੂ ਕਰਨ, ਜਨਤਕ ਵੰਡ ਪ੍ਰਣਾਲੀ ਰਾਹੀਂ 35 ਕਿਲੋ ਅਨਾਜ ਸਾਰੇ ਲੋਕਾਂ ਲਈ ਦੇਣਾ ਯਕੀਨੀ ਬਣਾਉਣ ਅਤੇ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣਾ ਆਦਿ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਜਥੇਬੰਦੀ ਦੇ ਇਜਲਾਸ ਨੂੰ ਕਾਮਯਾਬ ਕਰਨ ਲਈ ਸਾਥੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ।
ਵੇਦ ਪ੍ਰਕਾਸ਼ ਬੁਢਲਾਡਾ, ਜਗਰਾਜ ਹੀਰਕੇ, ਰੂਪ ਸਿੰਘ ਢਿੱਲੋਂ ਅਤੇ ਰਤਨ ਭੋਲਾ ਦੇ ਪ੍ਰਧਾਨਗੀ ਮੰਡਲ ਹੇਠ ਕੀਤੀ ਜਾ ਰਹੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ। ਵਰਕਰਾਂ ਦੇ ਹੌਸਲੇ ਤੇ ਜਜ਼ਬਾਤ ਸਾਹਮਣੇ ਸਾਰੇ ਪ੍ਰਬੰਧ ਬੌਣੇ ਦਿਖਾਈ ਦੇ ਰਹੇ ਸਨ।
ਇਸ ਮੌਕੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾ. ਕ੍ਰਿਸ਼ਨ ਚੌਹਾਨ ਨੇ ਜਥੇਬੰਦੀ ਦੀ ਕਾਨਫਰੰਸ ਨੂੰ ਹਰ ਪੱਖ ਤੋਂ ਕਾਮਯਾਬ ਕਰਨ ਅਤੇ ਇੱਕ ਹਜ਼ਾਰ ਤੋਂ ਜ਼ਿਆਦਾ ਸਾਥੀ ਰੈਲੀ ਵਿੱਚ ਲੈ ਕੇ ਜਾਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਸਮੇਂ ਬਰਾਂਚ ਬੱਪੀਆਣਾ ਵੱਲੋਂ ਕਾ. ਹਰਦੇਵ ਸਿੰਘ ਅਰਸ਼ੀ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ ਮੀਟਿੰਗ ਦੌਰਾਨ ਸਾਬਕਾ ਵਿਧਾਇਕ ਕਾ. ਬੂਟਾ ਸਿੰਘ ਕਾਮਰੇਡ ਨਿਹਾਲ ਸਿੰਘ, ਡਾ. ਆਤਮਾ ਸਿੰਘ ਆਤਮਾ, ਕਾ. ਸੀਤਾ ਰਾਮ ਗੋਬਿੰਦਪੁਰਾ, ਮਾਸਟਰ ਗੁਰਬਚਨ ਮੰਦਰਾਂ ਕਾ. ਰਾਏਕੇ, ਮਨਜੀਤ ਕੌਰ ਗਾਮੀਵਾਲਾ, ਬੂਟਾ ਸਿੰਘ ਐਫ.ਸੀ.ਆਈ, ਰਜਿੰਦਰ ਭੁੱਲਰ, ਐਡਵੋਕੇਟ ਰੇਖਾ ਸ਼ਰਮਾ, ਕਿਰਨਾ ਰਾਣੀ ਐਮ.ਸੀ., ਕਰਨੈਲ ਕੌਰ ਐਮ.ਸੀ., ਮੁਕੰਦ ਸਿੰਘ ਐਮ.ਸੀ., ਸੁਰਜੀਤ ਝੁਨੀਰ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਸਨ।