ਬੈਂਕਾਕ 'ਚ ਫੇਰ ਬੰਬ ਧਮਾਕਾ

ਬੈਂਕਾਕ ਵਿੱਚ ਸੋਮਵਾਰ ਨੂੰ ਹੋਏ ਬੰਬ ਧਮਾਕੇ ਮਗਰੋਂ ਮੰਗਲਵਾਰ ਨੂੰ ਫੇਰ ਬੰਬ ਧਮਾਕਾ ਹੋਇਆ ਅਤੇ ਇਹ ਬੰਬ ਸਥੋਰਨ ਘਾਟ 'ਤੇ ਬਣੇ ਪੁਲ ਤੋਂ ਸੁੱਟਿਆ ਗਿਆ। ਇਸ ਧਮਾਕੇ ਵਿੱਚ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੋਏ ਬੰਬ ਧਮਾਕੇ ਵਿੱਚ 22 ਵਿਅਕਤੀ ਮਾਰੇ ਗਏ ਸਨ ਅਤੇ 120 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ।
ਪ੍ਰਤੱਖਦਰਸ਼ੀਆਂ ਅਨੁਸਾਰ ਸਥਾਨਕ ਸਮੇਂ ਅਨੁਸਾਰ 1 ਵੱਜ ਕੇ 20 ਮਿੰਟ 'ਤੇ ਸਥੋਰਨ ਬ੍ਰਿਜ ਤੋਂ ਪਾਰਕਿੰਗ ਵੱਲ ਵਿਸਫੋਟਕ ਸੁੱਿਟਆ ਗਿਆ, ਪਰ ਇਹ ਵਿਸਫੋਟਕ ਪਾਣੀ ਵਿੱਚ ਜਾ ਕੇ ਡਿੱਗਿਆ ਅਤੇ ਉਥੇ ਹੀ ਧਮਾਕਾ ਹੋ ਗਿਆ। ਧਮਾਕੇ ਵਿੱਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਅਤੇ ਧਮਾਕੇ ਮਗਰੋਂ ਇਸ ਘਾਟ ਨੂੰ ਬੰਦ ਨਹੀਂ ਕੀਤਾ ਗਿਆ, ਪਰ ਘਾਟ ਦੇ ਨੇੜੇ ਇੱਕ ਸੜਕ 'ਤੇ ਆਵਾਜਾਈ ਰੋਕ ਦਿੱਤੀ ਗਈ।
ਟਰਾਂਸਪੋਰਟ ਮੰਤਰੀ ਜੰਤੋਰਾ ਨੇ ਕਿਹਾ ਕਿ ਇਹ ਬੰਬ ਆਧੁਨਿਕ ਧਮਾਕਾਖੇਜ ਸਮਗਰੀ ਤੋਂ ਬਣਾਇਆ ਗਿਆ ਸੀ। ਉਨ੍ਹਾ ਕਿਹਾ ਕਿ ਸਥੋਰਨ ਇੱਕ ਪ੍ਰਸਿੱਧ ਸੈਰ-ਸਪਾਟਾ ਕੇਂਦਰ ਹੈ, ਜਿੱਥੇ ਚੀਨੀ ਸੈਲਾਨੀ ਵੱਡੀ ਗਿਣਤੀ ਵਿੱਚ ਆਉਂਦੇ ਹਨ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੋਮਵਾਰ ਨੂੰ ਬੈਂਕਾਕ ਦੇ ਬ੍ਰਹਮ ਮੰਦਰ ਨੇੜੇ ਹੋਏ ਬੰਬ ਧਮਾਕੇ 'ਚ ਹੁਣ ਤੱਕ ਕਿਸੇ ਭਾਰਤੀ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸੇ ਦੌਰਾਨ ਥਾਈਲੈਂਡ ਦੇ ਅਧਿਕਾਰੀਆਂ ਨੇ ਉਸ ਸ਼ੱਕੀ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ 'ਤੇ ਉਨ੍ਹਾਂ ਨੂੰ ਭਗਵਾਨ ਬ੍ਰਹਮਾ ਦੇ ਮੰਦਰ 'ਚ ਬੰਬ ਰੱਖਣ ਦਾ ਸ਼ੱਕ ਹੈ। ਜ਼ਿਕਰਯੋਗ ਹੈ ਕਿ ਮੱਧ ਬੈਂਕਾਕ ਦੇ ਭੀੜ-ਭੜੱਕੇ ਵਾਲੇ ਇਲਾਕੇ 'ਚ ਸਥਿਤ ਇਸ ਮੰਦਰ 'ਚ ਹੋਏ ਧਮਾਕੇ 'ਚ ਘੱਟੋ-ਘੱਟ 20 ਲੋਕ ਮਾਰੇ ਗਏ ਸਨ ਅਤੇ 123 ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਥਾਈਲੈਂਡ ਦੀ ਰਾਜਧਾਨੀ 'ਚ ਇਹ ਪਹਿਲਾ ਅਜਿਹਾ ਹਮਲਾ ਹੈ।
ਪ੍ਰਧਾਨ ਮੰਤਰੀ ਚਾਨ ਉਚਾ ਨੇ ਕਿਹਾ ਕਿ ਧਮਾਕੇ ਵਾਲੀ ਥਾਂ ਨੇੜੇ ਸੀ ਸੀ ਟੀ ਵੀ 'ਚ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ ਹੈ ਅਤੇ ਅਸੀਂ ਇਸ ਵਿਅਕਤੀ ਦੀ ਭਾਲ ਕਰ ਰਹੇ ਹਾਂ। ਉਨ੍ਹਾ ਧਮਾਕੇ ਮਗਰੋਂ ਮੰਤਰੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ। ਉਪ ਪ੍ਰਧਾਨ ਮੰਤਰੀ ਵੋਂਗ ਸੁਆਨ ਨੇ ਕਿਹਾ ਕਿ ਸਾਜ਼ਿਸ਼ਕਾਰਾਂ ਨੇ ਘਟਨਾ ਨੂੰ ਅੰਜ਼ਾਮ ਦੇਣ ਲਈ ਕਈ ਲੋਕਾਂ ਦੀ ਵਰਤੋਂ ਕੀਤੀ। ਥਾਈ ਫ਼ੌਜ ਦੇ ਮੁਖੀ ਜਨਰਲ ਸੀਤਾ ਬਰੂਤ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੂੰ ਬੰਬ ਧਮਾਕੇ ਵਾਲੀ ਥਾਂ ਦੀ ਵੀਡੀਓ ਫੁਟੇਜ਼ ਮਿਲੀ ਹੈ, ਜਿਸ 'ਚ ਇੱਕ ਵਿਅਕਤੀ ਮੌਕੇ 'ਤੇ ਇੱਕ ਬੈਗ ਚੁੱਕੀ ਦਿਸਦਾ ਹੈ ਅਤੇ ਇਸ ਤੋਂ ਤੁਰੰਤ ਮਗਰੋਂ ਧਮਾਕਾ ਹੋ ਗਿਆ।
ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਅਤੇ ਸੈਰ-ਸਪਾਟਾ ਸਨਅਤ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਧਮਾਕਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਜਥੇਬੰਦੀ ਨੇ ਬ੍ਰਹਮਾ ਮੰਦਰ ਅੱਗੇ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।