ਮੁਲਾਇਮ ਸਿੰਘ ਯਾਦਵ ; ਬਲਾਤਕਾਰ ਇੱਕ ਕਰਦਾ ਹੈ ਤੇ ਨਾਂਅ ਚਾਰ ਦਾ ਲਿਆ ਜਾਂਦੈ

ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਦੇ ਇੱਕ ਤਾਜ਼ਾ ਬਿਆਨ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ। ਮੰਗਲਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਠੇ ਮਾਮਲੇ ਉਹਨਾ ਦੀ ਜਾਣਕਾਰੀ 'ਚ ਹਨ, ਜਿਨ੍ਹਾਂ 'ਚ ਔਰਤਾਂ ਨਾਲ ਬਲਾਤਕਾਰ ਇੱਕ ਵਿਅਕਤੀ ਕਰਦਾ ਹੈ ਅਤੇ ਸ਼ਿਕਾਇਤ 'ਚ 4-4 ਵਿਅਕਤੀਆਂ ਦਾ ਨਾਂਅ ਲੈ ਲਿਆ ਜਾਂਦਾ ਹੈ। ਇੰਝ ਅਮਲੀ ਤੌਰ 'ਤੇ ਮੁਮਕਿਨ ਹੀ ਨਹੀਂ। ਉਹ ਸ਼ਾਇਦ ਕਹਿੰਦੇ ਹੋਣਗੇ ਇੱਕ ਦੇਖ ਰਿਹਾ ਸੀ, ਦੂਜਾ ਵੀ ਉੱਥੇ ਸੀ। ਜੇ ਚਾਰ ਭਰਾ ਹੁੰਦੇ ਹਨ ਤਾਂ ਚਾਰਾਂ ਦਾ ਨਾਂਅ ਲੈ ਲਿਆ ਜਾਂਦਾ ਹੈ। ਉਹਨਾਂ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਯੂ ਪੀ 'ਚ ਬਲਾਤਕਾਰ ਦੀਆਂ ਘਟਨਾਵਾਂ ਸਭ ਤੋਂ ਘੱਟ ਹੁੰਦੀਆਂ ਹਨ, ਪ੍ਰੰਤੂ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਪ੍ਰਚਾਰ ਕੀਤਾ ਗਿਆ ਹੈ, ਜਿਵੇਂ ਸਭ ਤੋਂ ਵੱਧ ਬਲਾਤਕਾਰ ਯੂਪੀ 'ਚ ਹੀ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਮੁਲਾਇਮ ਸਿੰਘ ਯਾਦਵ ਇਸ ਤੋਂ ਪਹਿਲਾਂ ਵੀ ਬਲਾਤਕਾਰੀਆਂ ਦਾ ਬਚਾਅ ਕਰਨ ਨੂੰ ਲੈ ਕੇ ਅੰਦੋਲਨ ਕਰਵਾ ਚੁੱਕੇ ਹਨ। ਮੁਲਾਇਮ ਯਾਦਵ ਨੂੰ ਸੂਬੇ ਦੀ ਅਖਿਲੇਸ਼ ਯਾਦਵ ਸਰਕਾਰ ਤੇ ਅਮਨ-ਕਾਨੂੰਨ ਦੀ ਵਿਵਸਥਾ ਅਤੇ ਹੋਰਨਾਂ ਮੋਰਚਿਆਂ 'ਤੇ ਆਪੋਜ਼ੀਸ਼ਨ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੂੰ ਸਿਆਸੀ ਲਾਗਤਬਾਜ਼ੀ ਦੇ ਕਾਰਨ ਬਦਨਾਮ ਕਰਨ ਦੇ ਯਤਨ ਹੁੰਦੇ ਰਹਿੰਦੇ ਹਨ। ਲਖਨਊ ਦੇ ਰਾਮ ਮਨੋਹਰ ਲੋਹੀਆ ਪਾਰਕ 'ਚ ਸੂਬਾ ਸਰਕਾਰ ਵੱਲੋਂ ਰਿਕਸ਼ਾ ਚਾਲਕਾਂ ਨੂੰ ਮੁਫਤ ਈ-ਰਿਕਸ਼ਾ ਵੰਡਣ ਲਈ ਹੋਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਪਾ ਮੁਖੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਹਾਲ ਦੇ ਦਿਨਾਂ 'ਚ ਹੋਏ ਅੱਤਵਾਦੀ ਹਮਲਿਆਂ ਅਤੇ ਗੋਲੀਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਹੱਦ 'ਤੇ ਸਥਿਤੀ ਚਿੰਤਾਜਨਕ ਹੈ।