ਦੇਸ਼ ਤੇ ਵਿਦੇਸ਼ ਅੰਦਰ ਅਮਨ-ਸ਼ਾਂਤੀ ਕਾਇਮ ਰੱਖਣਾ ਇਕ ਵੱਡੀ ਚੁਣੌਤੀ : ਨਕਵੀ

ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 30ਵੀਂ ਬਰਸੀ 'ਤੇ ਮੰਡੀ ਵਿਚ ਆਯੋਜਿਤ ਸ਼ਹੀਦੀ ਸਮਾਗਮ ਸਮੇਂ ਬੋਲਦਿਆਂ ਕੇਂਦਰੀ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਪੱਧਰ 'ਤੇ ਅਮਨ-ਸ਼ਾਂਤੀ ਕਾਇਮ ਰੱਖਣਾ ਇਕ ਬਹੁਤ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਕਿਸੇ ਦੇਸ਼ ਜਾਂ ਖਿੱਤੇ ਵਿਚ ਕਾਇਮ ਨਹੀਂ ਰਹਿੰਦੀ ਤਾਂ ਉਥੇ ਵਿਕਾਸ ਹੋਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਸ਼ਹਾਦਤ ਦਿੱਤੀ।
ਇਸ ਸੰਕਲਪ ਨੂੰ ਅਸੀਂ ਅੱਗੇ ਤੋਰਦੇ ਹੋਏ ਪੰਜਾਬ ਅਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾ 'ਤੇ ਚਲਾਉਣ ਦੇ ਯਤਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਮਨ ਅਤੇ ਵਿਕਾਸ ਦੇ ਰਾਹ ਵਿਚ ਕੁਝ ਸ਼ਕਤੀਆਂ ਰੋੜਾ ਅਟਕਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ, ਉਹ ਆਪਣੇ ਮਨਸੂਬਿਆਂ ਵਿਚ ਸਫਲ ਨਹੀਂ ਹੋ ਸਕਣਗੀਆਂ।
ਸ੍ਰੀ ਨਕਵੀ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਦੇ ਇਕ ਵੱਡੇ ਆਗੂ ਨੇ ਪੰਜਾਬ ਦੇ 90 ਫ਼ੀਸਦੀ ਨੌਜਵਾਨਾਂ ਨੂੰ ਨਸ਼ੇੜੀ ਹੋਣ ਦੀ ਗੱਲ ਕਰਕੇ ਉਨ੍ਹਾਂ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ, ਜਿਨ੍ਹਾਂ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਅੰਦਰ ਅਮਨ-ਸ਼ਾਂਤੀ ਕਾਇਮ ਕਰਨ ਲਈ ਸ਼ਹਾਦਤਾਂ ਦਿੱਤੀਆਂ।
ਕਾਂਗਰਸ ਦੇ ਇਕ ਹੋਰ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਪਾਰਲੀਮੈਂਟ ਅੰਦਰ ਕਾਂਗਰਸ ਪਾਰਟੀ ਦੇ ਉਪ ਨੇਤਾ ਹਨ, ਪਰ ਪਾਰਲੀਮੈਂਟ ਦੇ ਮੈਂਬਰ ਉਨ੍ਹਾਂ ਬਾਰੇ ਜਾਣਦੇ ਹੀ ਨਹੀਂ ਕਿ ਉਹ ਕੌਣ ਹਨ ਤੇ ਉਹ ਕਿੱਥੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਬਹੁਤ ਬੇਇਨਸਾਫੀ ਹੋਈ ਹੈ ਐਨ ਡੀ ਏ ਦੀ ਸਰਕਾਰ ਵਿਚ ਪੰਜਾਬ ਨੂੰ ਬਣਦਾ ਮਾਣ-ਸਨਮਾਨ ਤੇ ਵਿਕਾਸ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ।
Êਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਹਰਚੰਦ ਸਿਘ ਲੌਂਗੋਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਇਕ ਵਿਅਕਤੀ ਨਹੀਂ ਸਗੋਂ ਇਕ ਇੰਸਟੀਚਿਊਟ ਸਨ। ਉਨ੍ਹਾਂ ਕਿਹਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਾਰੇ ਪੱਖਾਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਲਈ ਉਹ ਯੋਗਦਾਨ ਪਾਉਦੇ ਰਹੇ। ਸੰਕਟ ਦੇ ਸਮੇਂ ਵਿਚ ਉਨ੍ਹਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਦੀ ਹੈਸੀਅਤ ਵਿਚ ਅਹਿਮ ਭੂਮਿਕਾ ਨਿਭਾਈ। ਸ. ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਪੰਜਾਬ ਨੂੰ ਐਨਾ ਮਾਣ ਤੇ ਸਹਿਯੋਗ ਦਿੱਤਾ ਹੈ, ਜਿਹੜਾ ਕਾਂਗਰਸ ਨੇ ਆਪਣੇ 50 ਸਾਲਾਂ ਵਿਚ ਨਹੀਂ ਦਿੱਤਾ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਮਾਮਲੇ ਵਿਚ ਪੰਜਾਬ 14ਵੇਂ ਨੰਬਰ 'ਤੇ ਚਲਾ ਗਿਆ ਸੀ ਤੇ ਹੁਣ 3 ਨੰਬਰ 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਨੇ ਬਿਜਲੀ ਦੇ ਖੇਤਰ ਵਿਚ ਐਨੀ ਤਰੱਕੀ ਕੀਤੀ ਹੈ ਕਿ ਪੰਜਾਬ ਦੀਆਂ ਲੋੜਾਂ ਤੋਂ ਕਿੱਤੇ ਵਾਧੂ ਬਿਜਲੀ ਪੈਦਾ ਹੋ ਗਈ ਤੇ ਸਾਨੂੰ ਵਾਧੂ ਬਿਜਲੀ ਦੀ ਵਰਤੋਂ ਕਰਨ ਬਾਰੇ ਸੋਚਣਾ ਪੈ ਰਿਹਾ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਵਿਚੋਂ ਦੂਜੇ ਨੰਬਰ 'ਤੇ ਆਉਂਦੀ ਹੈ ਤੇ ਅਕਾਲੀ ਦਲ ਦੇ ਆਗੂਆਂ ਨੇ ਦੇਸ਼ ਦੀ ਆਜ਼ਾਦੀ, ਏਕਤਾ ਤੇ ਅਖੰਡਤਾ ਨੂੰ ਕਾਇਮ ਕਰਨ ਲਈ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਦੇ ਮੁੱਦੇ 'ਤੇ ਰਾਹੁਲ ਗਾਂਧੀ ਨੂੰ ਘੇਰਦਿਆਂ ਉਨ੍ਹਾ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਫੌਜ ਵਿਚ ਭਰਤੀ ਹੋਣ ਸਮੇਂ ਲਏ ਗਏ ਡੋਪ ਟੈਸਟ ਵਿਚ ਕੋਈ ਵੀ ਨੌਜਵਾਨ ਨਸ਼ੇੜੀ ਨਹੀਂ ਪਾਇਆ ਗਿਆ ਤੇ ਕਾਂਗਰਸ ਦੇ ਲੀਡਰ ਝੂਠ ਬੋਲ ਕੇ ਪੰਜਾਬ ਨੂੰ ਬਦਨਾਮ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਨ ਕੈਪਟਨ ਅਮਰਿੰਦਰ ਸਿੰਘ, ਨਾ ਪ੍ਰਤਾਪ ਸਿੰਘ ਬਾਜਵਾ ਤੇ ਨ ਆਮ ਆਦਮੀ ਪਾਰਟੀ ਕੁਝ ਕਰ ਸਕੇਗੀ ਸਗੋਂ ਮੁੜ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਆਗੂ ਸ਼ਰਾਬ ਪੀ ਕੇ ਗੁਰੂ ਘਰ ਵਿਚ ਜਾ ਸਕਦਾ ਹੈ, ਇਸ ਤੋਂ ਪੰਜਾਬ ਦੇ ਲੋਕ ਕੀ ਆਸ ਰੱਖਦੇ ਹਨ।
ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾਜਲੀ ਭੇਟ ਕਰਨ ਲਈ ਅਨਾਜ ਮੰਡੀ ਲੌਗੋਵਾਲ ਵਿਚ ਰੱਖੇ ਸ਼ਰਧਾਂਜਲੀ ਸਮਾਰੋਹ 'ਚ ਲੋਕਾਂ ਦੀ ਸ਼ਮੂਲੀਅਤ ਪਹਿਲਾਂ ਦੇ ਮੁਕਾਬਲੇ ਘੱਟ ਹੀ ਰਹੀ।
ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਮੈਂਬਰ ਪਾਰਲੀਮੈਂਟ ਅਭਿਨਾਸ ਰਾਏ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਪੰਜਾਬੀਆਂ ਦਾ ਗਠਜੋੜ ਕਿਹਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ, ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ, ਸਥਾਨਕ ਆਗੂ ਵਿਧਾਇਕ ਇਕਬਾਲ ਸਿੰਘ ਝੂੰਦਾ, ਫਰਜ਼ਾਨਾ ਆਲਮ, ਬਾਬੂ ਪ੍ਰਕਾਸ਼ ਚੰਦ ਗਰਗ, ਸੰਤ ਬਲਬੀਰ ਸਿੰਘ ਘੁੰਨਸ, ਮਾਰਕਿਟ ਕਮੇਟੀ ਖਨੌਰੀ ਦੇ ਚੇਅਰਮੈਨ ਮਹੀਪਾਲ ਭੂਲਣ, ਸਾਬਕਾ ਮੰਤਰੀ ਬੱਗੇ ਖਾਂ, ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਪਾਵਰਕਾਮ ਦੇ ਪ੍ਰਬੰਧਕੀ ਮੈਂਬਰ ਗੁਰਬਚਨ ਸਿੰਘ ਬਚੀ, ਅਕਾਲੀ ਆਗੂ ਰਾਜਿੰਦਰ ਸਿੰਘ ਕਾਂਝਲਾ, ਸੰਤ ਲੌਂਗੋਵਾਲ ਦੇ ਵਾਰਸ ਵਿਧਾਇਕ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਮੰਚ ਸੰਚਾਲਨ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਸ਼ਿਰਕਤ ਕੀਤੀ।