ਭਾਰਤ-ਪਾਕਿ 'ਚ ਮੀਟਿੰਗ ਰੱਦ ਕਰਨ ਦੀ ਹਿੰਮਤ ਨਹੀਂ : ਉਮਰ

ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹੁਰੀਅਤ ਆਗੂਆਂ ਦੀ ਗ੍ਰਿਫ਼ਤਾਰੀ ਬਾਰੇ ਸਵਾਲ ਉਠਾਉਂਦਿਆਂ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾ ਲਗਾਤਾਰ ਟਵੀਟ ਕਰਕੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਉਪਰੋਂ ਆਏ ਹੁਕਮਾਂ ਤਹਿਤ ਗ੍ਰਿਫ਼ਤਾਰੀ ਕਰਾਉਣ ਵਾਲੇ ਮੁਫ਼ਤੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਅਬਦੁੱਲਾ ਨੇ ਕਿਹਾ ਕਿ ਮੁਫ਼ਤੀ ਕੋਲ ਆਪਣੇ ਆਕਾ ਦੀ ਗੱਲ ਮੰਨ ਕੇ ਹੁਰੀਅਤ ਆਗੂਆਂ ਨੂੰ ਨਜ਼ਰਬੰਦ ਕਰਨ ਤੋਂ ਬਗ਼ੈਰ ਕੋਈ ਕੰਮ ਨਹੀਂ ਹੈ। ਉਮਰ ਨੇ ਇੱਕ ਹੋਰ ਟਵੀਟ 'ਚ ਲਿਖਿਆ ਹੈ ਕਿ ਜੰਮੂ-ਕਸ਼ਮੀਰ ਸਰਕਾਰ ਨੇ ਪਹਿਲਾਂ ਕਦੇ ਵੀ ਹੁਰੀਅਤ ਆਗੂਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾ ਕਿਹਾ ਕਿ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਮਿਲਣ ਤੋਂ ਰੋਕਣ ਲਈ ਹੁਰੀਅਤ ਆਗੂਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਉਮਰ ਨੇ ਕਿਹਾ ਕਿ ਜੇ ਸਰਕਾਰ ਹੁਰੀਅਤ ਆਗੂਆਂ ਨੂੰ ਸਰਤਾਜ ਅਜ਼ੀਜ਼ ਨਾਲ ਮਿਲਣ ਤੋਂ ਰੋਕਣ ਲਈ ਆਗੂਆਂ ਨੂੰ ਖੁਦ ਨਜ਼ਰਬੰਦ ਹੋਣ ਲਈ ਕਿਹਾ ਜਾ ਸਕਦਾ ਸੀ।
ਉਮਰ ਨੇ ਐਨ ਐਸ ਏ ਮੀਟਿੰਗ ਬਾਰੇ ਸਵਾਲ ਉਠਾਏ ਹਨ। ਅਬਦੁੱਲਾ ਨੇ ਕਿਹਾ ਕਿ ਉਨ੍ਹਾ ਨੇ ਭਾਰਤ-ਪਾਕਿਸਤਾਨ 'ਚ ਅਜਿਹੀ ਕੋਈ ਗੱਲਬਾਤ ਨਹੀਂ ਵੇਖੀ ਹੈ, ਜਿਸ ਨੂੰ ਰੱਦ ਕਰਨ ਲਈ ਦੋਹਾਂ ਮੁਲਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਦੋਹੇਂ ਹੀ ਮੁਲਕ ਗੱਲਬਾਤ ਨੂੰ ਰੱਦ ਕਰਨ ਲਈ ਬਹਾਨੇ ਬਣਾ ਰਹੇ ਹਨ।
ਉਮਰ ਅਬਦੁੱਲਾ ਨੇ ਪਾਕਿਸਤਾਨ ਅਤੇ ਭਾਰਤ ਦੋਹਾਂ ਮੁਲਕਾਂ ਉੱਪਰ ਹਮਲਾ ਬੋਲਦਿਆਂ ਕਿਹਾ ਹੈ ਕਿ ਗੋਲੀਬਾਰੀ, ਘੁਸਪੈਠ ਅਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਹੁਰੀਅਤ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਸਾਫ਼ ਜ਼ਾਹਿਰ ਹੈ ਕਿ ਕੋਈ ਵੀ ਮੁਲਕ ਗੱਲਬਾਤ ਨਹੀਂ ਕਰਨਾ ਚਾਹੁੰਦਾ, ਪਰ ਉਨ੍ਹਾ 'ਚ ਮੀਟਿੰਗ ਨੂੰ ਰੱਦ ਕਰਨ ਦੀ ਹਿੰਮਤ ਵੀ ਨਹੀਂ ਹੈ। ਉਮਰ ਲਿਖਿਆ ਹੈ ਕਿ ਪਹਿਲਾਂ ਉਫਾ 'ਚ ਮੁਲਾਕਾਤ ਅਤੇ ਹੁਣ ਐਨ ਐਸ ਏ ਮੀਟਿੰਗ ਕੌਮਾਂਤਰੀ ਦਬਾਅ ਹੇਠ ਹੋ ਰਹੀ ਹੈ ਅਤੇ ਹੁਣ ਦੋਵੇਂ ਹੀ ਮੁਲਕ ਚਾਹੁੰਦੇ ਹਨ ਕਿ ਕੋਈ ਮੀਟਿੰਗ ਰੱਦ ਕਰ ਦੇਵੇ।