ਹੁਰੀਅਤ ਆਗੂਆਂ ਨੂੰ ਵੀ ਮਿਲਣਗੇ ਅਜ਼ੀਜ਼


ਭਾਰਤ ਅਤੇ ਪਾਕਿਸਤਾਨ ਵਿਚਾਲੇ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਫਿਰ ਫਸਦੀ ਨਜ਼ਰ ਆ ਰਹੀ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਹੁਰੀਅਤ ਆਗੂਆਂ ਨੂੰ ਨਵੀਂ ਦਿੱਲੀ 'ਚ ਮਿਲ ਸਕਦੇ ਹਨ ਅਤੇ ਇਸ ਤੋਂ ਬਾਅਦ ਉਹ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕਰਨਗੇ।
ਰਿਪੋਰਟ ਮੁਤਾਬਕ ਹੁਰੀਅਤ ਆਗੂਆਂ ਨੂੰ ਮੁੜ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਅਜ਼ੀਜ਼ 23 ਅਗਸਤ ਨੂੰ ਹੁਰੀਅਤ ਆਗੂਆਂ ਨੂੰ ਮਿਲਣਗੇ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਹੁਰੀਅਤ ਆਗੂਆਂ ਨਾਲ ਡਿਨਰ ਕਰਨਗੇ ਅਤੇ 24 ਅਗਸਤ ਨੂੰ ਉਹ ਡੋਭਾਲ ਨਾਲ ਗੱਲਬਾਤ ਕਰਨਗੇ।
ਜ਼ਿਕਰਯੋਗ ਹੈ ਕਿ ਵੱਖਵਾਦੀ ਕਸ਼ਮੀਰੀ ਆਗੂਆਂ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ ਉਮਰ ਫਾਰੂਕ ਸਮੇਤ ਕਈ ਆਗੂਆਂ ਨੂੰ ਨਜ਼ਰਬੰਦ ਕੀਤਾ ਸੀ ਅਤੇ ਕੁਝ ਘੰਟਿਆਂ ਬਾਅਦ ਛੱਡ ਦਿੱਤਾ ਸੀ।
ਇਸ ਕਾਰਵਾਈ ਨੂੰ ਅਜ਼ੀਜ਼ ਅਤੇ ਡੋਭਾਲ ਵਿਚਾਲੇ 24 ਨੂੰ ਹੋ ਰਹੀ ਮੀਟਿੰਗ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਸ ਨੇ ਵੀਰਵਾਰ ਸਵੇਰੇ ਹੁਰੀਅਤ ਕਾਨਫਰੰਸ ਦੇ ਨਰਮ ਧੜੇ ਦੇ ਮੁਖੀ ਮੀਰਵਾਇਜ, ਮੌਲਾਨਾ ਮੁਹੰਮਦ ਅੰਬਾਸ ਅੰਸਾਰੀ, ਮੁਹੰਮਦ ਅਸ਼ਰਫ, ਸ਼ਬੀਰ ਅਹਿਮਦ ਸ਼ਾਹ ਅਤੇ ਅਯਾਜ ਅਕਬਰ ਸਮੇਤ ਕਈ ਵੱਖਵਾਦੀ ਆਗੂਆਂ ਦੀਆਂ ਸਰਗਰਮੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਪਹਿਲਾਂ ਹੀ ਨਜ਼ਰਬੰਦ ਹੁਰੀਅਤ ਦੇ ਗਰਮ ਧੜੇ ਦੇ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਘਰ ਦੇ ਬਾਹਰ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਸਨ।
ਜੇ ਕੇ ਐੱਲ ਐੱਫ ਦੇ ਮੁਖੀ ਯਾਸੀਨ ਮਲਿਕ ਨੂੰ ਇਹਤਿਆਦ ਵਜੋਂ ਹਿਰਾਸਤ ਵਿੱਚ ਲਿਆ ਗਿਆ ਅਤੇ ਕੋਠੀ ਬਾਗ ਥਾਣੇ 'ਚ ਬੰਦ ਕਰ ਦਿੱਤਾ ਗਿਆ ਸੀ।