90 ਫੀਸਦੀ ਤੋਂ ਵੱਧ ਮੁਸਲਿਮ ਮਹਿਲਾਵਾਂ ਬੋਲ ਕੇ ਤਲਾਕ ਦੇਣ ਤੇ ਦੂਜੀ ਪਤਨੀ ਬਣਨ ਦੇ ਵਿਰੁੱਧ

ਮੁਸਲਿਮ ਪਰਵਾਰਕ ਕਾਨੂੰਨ ਬਾਰੇ ਮੁਸਲਮਾਨ ਮਹਿਲਾਵਾਂ ਦੀ ਵਰਤਮਾਨ ਸੋਚ ਬਾਰੇ ਇੱਕ ਰਾਇਸ਼ੁਮਾਰੀ ਕੀਤੀ ਗਈ ਹੈ। ਇਸ ਸਰਵੇ ਤਹਿਤ ਇੱਕ ਗੈਰ-ਕਾਨੂੰਨੀ ਸੰਸਥਾ ਭਾਰਤੀ ਮੁਸਲਿਮ ਮਹਿਲਾ ਅੰਦੋਲਨ ਨੇ ਦੇਸ਼ 'ਚ 471 ਮੁਸਲਿਮ ਮਹਿਲਾਵਾਂ ਦੀ ਰਾਇ ਲਈ। ਸਰਵੇ ਦੌਰਾਨ ਸ਼ਾਦੀ, ਤਲਾਕ, ਇੱਕ ਤੋਂ ਵੱਧ ਵਿਆਹ, ਘਰੇਲੂ ਹਿੰਸਾ ਅਤੇ ਸ਼ਰੀਆ ਅਦਾਲਤਾਂ ਬਾਰੇ ਮਹਿਲਾਵਾਂ ਨੇ ਖੁੱਲ੍ਹ ਕੇ ਰਾਇ ਦਿੱਤੀ।
ਸਰਵੇ 'ਚ ਬਹੁਤੀਆਂ ਮੁਸਲਿਮ ਮਹਿਲਾਵਾਂ ਨੇ ਇੱਕ ਸਾਥ ਬੋਲ ਕੇ ਤਿੰਨ ਵਾਰੀ ਤਲਾਕ ਦੇਣ ਦੀ ਪ੍ਰੰਪਰਾ ਨੂੰ ਬਦਲਣ ਦੀ ਮੰਗ ਕੀਤੀ ਹੈ। ਦੇਸ਼ ਦੀਆਂ 92 ਫੀਸਦੀ ਮੁਸਲਮਾਨ ਮਹਿਲਾਵਾਂ ਨੇ ਕਿਹਾ ਹੈ ਕਿ ਤਿੰਨ ਵਾਰੀ ਤਲਾਕ ਕਹਿਣ ਨਾਲ ਰਿਸ਼ਤਾ ਖਤਮ ਹੋਣ ਦਾ ਨਿਯਮ ਇਕਤਰਫਾ ਹੈ ਅਤੇ ਇਸ ਉਪਰ ਰੋਕ ਲੱਗਣੀ ਚਾਹੀਦੀ ਹੈ।
ਸਰਵੇ 'ਚ ਸ਼ਾਮਲ 55 ਫੀਸਦੀ ਔਰਤਾਂ ਦਾ ਵਿਆਹ 18 ਸਾਲ ਤੋਂ ਘੱਟ ਉਮਰ 'ਚ ਹੋਇਆ ਅਤੇ 44 ਫੀਸਦੀ ਮਹਿਲਾਵਾਂ ਕੋਲ ਆਪਣਾ ਨਿਕਾਹਨਾਮਾ ਨਹੀਂ ਹੈ। ਸਰਵੇ ਮੁਤਾਬਕ 53.2 ਫੀਸਦੀ ਮੁਸਲਿਮ ਮਹਿਲਾਵਾਂ ਘਰੇਲੂ ਹਿੰਸਾ ਦਾ ਸ਼ਿਕਾਰ ਹਨ।
75 ਫੀਸਦੀ ਔਰਤਾਂ ਚਾਹੁੰਦੀਆਂ ਹਨ ਕਿ ਲੜਕੀ ਦਾ ਵਿਆਹ 18 ਸਾਲ ਦੀ ਉਮਰ ਤੋਂ ਬਾਅਦ ਹੋਵੇ, ਸਰਵੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ 40 ਫੀਸਦੀ ਮਹਿਲਾਵਾਂ ਨੂੰ ਇੱਕ ਹਜ਼ਾਰ ਤੋਂ ਘੱਟ ਰਕਮ ਦਾਜ ਦੇ ਰੂਪ 'ਚ ਮਿਲੀ ਹੈ, ਜਦੋਂ ਕਿ 44 ਫੀਸਦੀ ਔਰਤਾਂ ਨੂੰ ਕੁਝ ਵੀ ਨਹੀਂ ਮਿਲਿਆ ਹੈ। ਸਰਵੇ 'ਚ ਸ਼ਾਮਲ 525 ਤਲਾਕਸ਼ੁਦਾ ਔਰਤਾਂ 'ਚੋਂ 65.2 ਫੀਸਦੀ ਦਾ ਜ਼ਬਾਨੀ ਤਲਾਕ ਹੋਇਆ, ਜਦਕਿ 78 ਫੀਸਦੀ ਦਾ ਇਕਤਰਫਾ ਤਰੀਕੇ ਨਾਲ ਤਲਾਕ ਹੋਇਆ। 83.3 ਫੀਸਦੀ ਮੁਸਲਿਮ ਮਹਿਲਾਵਾਂ ਨੂੰ ਲੱਗਦਾ ਹੈ ਕਿ ਮੁਸਲਿਮ ਕਾਨੂੰਨ ਲਾਗੂ ਹੋਵੇ ਤਾਂ ਉਨ੍ਹਾਂ ਦੀਆਂ ਪਰਵਾਰਕ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਇਸ ਅਧਿਐਨ 'ਚ ਸ਼ਾਮਲ 73.1 ਫੀਸਦੀ ਮਹਿਲਾਵਾਂ ਅਜਿਹੀਆਂ ਹਨ, ਜਿਨ੍ਹਾਂ ਦੇ ਪਰਵਾਰ ਦੀ ਸਾਲਾਨਾ ਆਮਦਨ 5 ਹਜ਼ਾਰ ਤੋਂ ਵੀ ਘੱਟ ਹੈ। ਸਰਵੇ 'ਚ ਸ਼ਾਮਲ 95.5 ਫੀਸਦੀ ਮੁਸਲਿਮ ਮਹਿਲਾਵਾਂ ਨੇ ਆਲ ਇੰਡੀਆ ਮੁਸਲਿਮ ਲਾਅ ਬੋਰਡ ਦਾ ਨਾਂਅ ਹੀ ਨਹੀਂ ਸੁਣਿਆ।