ਗ਼ਦਰੀ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਹੋਏਗਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ, ਸਾਕਾ ਫੇਰੂ ਸ਼ਹਿਰ, ਸਿੰਗਾਪੁਰ ਫੌਜੀ ਬਗ਼ਾਵਤ ਅਤੇ 1915 'ਚ ਸ਼ਹਾਦਤਾਂ ਪਾਉਣ ਅਤੇ ਆਜ਼ਾਦੀ ਸੰਗਰਾਮ 'ਚ ਅਮਿੱਟ ਕੁਰਬਾਨੀਆਂ ਕਰਨ ਵਾਲੇ ਸਮੂਹ ਸੰਗਰਾਮੀਆਂ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ (1915-2015) ਨੂੰ ਸਮਰਪਿਤ ਮੇਲਾ ਗ਼ਦਰੀ ਬਾਬਿਆਂ ਦਾ 30 ਅਕਤੂਬਰ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ 2 ਨਵੰਬਰ ਸਰਘੀ ਵੇਲੇ ਤੱਕ ਨਿਰੰਤਰ ਚੱਲੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ ਟਰੱਸਟ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਅਤੇ ਮੀਤ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ ਮੇਲੇ ਦੇ ਸਿਖਰਲੇ ਦਿਨ ਇੱਕ ਨਵੰਬਰ ਨੂੰ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਟਰੱਸਟੀ ਗੁਰਮੀਤ ਅਦਾ ਕਰਨਗੇ।
ਇਸ ਉਪਰੰਤ ਝੰਡੇ ਦਾ ਗੀਤ, ਸਾਰਾ ਦਿਨ ਸਾਰੀ ਰਾਤ ਨਾਟਕ, ਗੀਤ, ਸੰਗੀਤ, ਵਿਚਾਰ-ਚਰਚਾ ਦੀਆਂ ਬਹੁ-ਵੰਨਗੀਆਂ ਹੋਣਗੀਆਂ। ਇਸ ਵਾਰ ਇਤਿਹਾਸ ਅਤੇ ਸਾਹਿਤ ਦੇ ਖੇਤਰ ਦੀਆਂ ਨਾਮਵਰ ਹਸਤੀਆਂ ਨੂੰ ਦਿਨ ਅਤੇ ਰਾਤ ਦੇ ਮੇਲੇ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ 'ਤੇ ਬੁਲਾਇਆ ਜਾ ਰਿਹਾ ਹੈ।
ਇਸ ਤੋਂ ਪਹਿਲੇ ਦਿਨਾਂ 'ਚ 30 ਅਕਤੂਬਰ ਨੂੰ ਸਵੇਰੇ 10 ਵਜੇ ਸ਼ਮ੍ਹਾ ਰੌਸ਼ਨ ਕਰਕੇ ਮੇਲੇ ਦਾ ਆਗਾਜ਼ ਹੋਏਗਾ। ਇਸ ਦਿਨ ਗਾਇਨ ਅਤੇ ਭਾਸ਼ਨ ਮੁਕਾਬਲੇ ਹੋਣਗੇ। 31 ਅਕਤੂਬਰ ਨੂੰ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਹੋਣਗੇ। ਦੋਵੇਂ ਦਿਨ ਸ਼ਾਮ ਨੂੰ ਸੱਭਿਆਚਾਰਕ ਸਮਾਗਮ ਅਤੇ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ।
ਦੇਸ਼ ਭਗਤ ਯਾਦਗਾਰ ਹਾਲ ਨੂੰ ਮੇਲੇ ਦੇ ਦਿਨਾਂ 'ਚ 'ਸ਼ਹੀਦ ਕਰਤਾਰ ਸਿੰਘ ਸਰਾਭਾ ਨਗਰ' ਦਾ ਨਾਂਅ ਦਿੱਤਾ ਜਾਏਗਾ।
ਵੱਖ-ਵੱਖ ਪੰਡਾਲਾਂ ਨੂੰ ਸਿੰਗਾਪੁਰ ਬਗ਼ਾਵਤ, ਸਾਕਾ ਫੇਰੂ ਸ਼ਹਿਰ ਦਾ ਨਾਂਅ ਦਿੱਤਾ ਜਾਏਗਾ। ਹਾਲ ਦੀਆਂ ਦੀਵਾਰਾਂ ਅਤੇ ਪੰਡਾਲ ਸ਼ਹੀਦਾਂ ਦੀਆਂ ਤਸਵੀਰਾਂ, ਗ਼ਦਰੀ ਦੇਸ਼ ਭਗਤਾਂ ਦੇ ਬਿਆਨ ਅਤੇ ਨਾਂਵਾਂ ਦੇ ਵੇਰਵੇ ਨਾਲ ਸਜਾਏ ਜਾਣਗੇ। ਅੱਜ ਦੀ ਮੀਟਿੰਗ 'ਚ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਖੜੇ ਹੋ ਕੇ ਸ਼ਰਧਾਂਜਲੀ ਅਰਪਨ ਕੀਤੀ ਗਈ। ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਾਮਰੇਡ ਜਗਜੀਤ ਸਿੰਘ ਆਨੰਦ ਦੇ ਜੀਵਨ ਸਫ਼ਰ ਉਪਰ ਝਾਤ ਪੁਆਈ।
ਮੀਟਿੰਗ 'ਚ ਕਮੇਟੀ ਦੀ ਰਹਿਨੁਮਾਈ 'ਚ ਹੋਈਆਂ ਸਰਗਰਮੀਆਂ ਦਾ ਵੇਰਵਾ ਜਨਰਲ ਸਕੱਤਰ ਡਾ. ਰਘਬੀਰ ਕੌਰ, ਇਤਿਹਾਸ ਕਮੇਟੀ ਦੇ ਕਨਵੀਨਰ ਕਾਮਰੇਡ ਨੌਨਿਹਾਲ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਗੁਰਮੀਤ ਨੇ ਪੇਸ਼ ਕੀਤਾ।