ਪ੍ਰਭਾਵਸ਼ਾਲੀ ਕੰਪਨੀਆਂ ਦੇ ਦਬਾਅ ਹੇਠ ਤਬਾਹ ਕੀਤੀਆਂ ਜਾ ਰਹੀਆਂ ਹਨ ਉਪਜਾਊ ਜ਼ਮੀਨਾਂ

ਸਿੱਖ ਧਰਮ ਦੇ ਪੰਜਾਂ ਤਖਤਾਂ ਨੂੰ ਆਪਸ ਵਿੱਚ ਜੋੜਣ ਲਈ ਵਿਛਾਈ ਜਾਣ ਵਾਲੀ ਰੇਲਵੇ ਲਾਈਨ ਦੇ ਪਹਿਲੇ ਸਰਵੇਖਣ ਵਿੱਚ ਪਾਇਆ ਜਾਣ ਵਾਲਾ ਵਲ-ਫੇਰ ਇਲਾਕਾ ਤਲਵੰਡੀ ਨਾਲ ਸੰਬੰਧਤ ਦਰਜਨ ਤੋਂ ਵੱਧ ਪਿੰਡਾਂ ਦੇ ਕਿਸਾਨਾਂ ਵਾਸਤੇ ਤਬਾਹਕੁੰਨ ਸਾਬਤ ਹੋਵੇਗਾ। ਇਹ ਦੋਸ਼ ਲਾਉਂਦਿਆਂ ਪੀੜਤ ਕਿਸਾਨਾਂ ਮੰਗ ਕੀਤੀ ਕਿ ਪੁਰਾਣੇ ਸਰਵੇਖਣ ਮੁਤਾਬਕ ਹੀ ਰੇਲਵੇ ਲਾਈਨ ਸਥਾਪਤ ਕੀਤੀ ਜਾਵੇ। ਬੀਤੇ ਕੱਲ੍ਹ ਬੰਗੀ, ਜੱਜਲ, ਲਾਲੇਆਣਾ, ਤਲਵੰਡੀ ਸਾਬੋ, ਗੁਰੂਸਰ ਜਗ੍ਹਾ, ਜਗ੍ਹਾ ਰਾਮ ਤੀਰਥ, ਫਤਹਿਗੜ੍ਹ ਨੌਅਬਾਦ, ਭਗਵਾਨਪੁਰਾ, ਧਿੰਗੜ, ਕਮਾਲੂ, ਕੋਟਲੀ ਸੱਦਾ ਸਿੰਘ ਵਾਲਾ, ਦਲੀਏਵਾਲੀ ਆਦਿ ਪਿੰਡ ਦੇ ਕਿਸਾਨਾਂ ਦੀ ਇੱਥੇ ਹੋਈ ਇਕੱਤਰਤਾ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਆਪਣੇ ਪਰਵਾਰਾਂ ਦੇ ਉਜਾੜੇ ਵਾਲੀ ਉਕਤ ਰੇਲਵੇ ਲਾਈਨ ਵਿਰੁੱਧ ਉਹ 'ਕਰੋ ਜਾਂ ਮਰੋ' ਦੀ ਤਰਜ਼ 'ਤੇ ਅੰਦੋਲਨ ਚਲਾਉਣਗੇ।
ਪ੍ਰਭਾਵਤ ਕਿਸਾਨਾਂ ਨੇ ਦੱਸਿਆ ਕਿ ਯੂ ਪੀ ਏ ਸਰਕਾਰ ਦੌਰਾਨ ਬਠਿੰਡਾ-ਦਿੱਲੀ ਅਤੇ ਬਠਿੰਡਾ-ਸਿਰਸਾ ਰੇਲਵੇ ਲਾਈਨਾਂ ਨੂੰ ਆਪਸ ਵਿੱਚ ਜੋੜਣ ਲਈ ਜੋ ਸਰਵੇ ਕੀਤਾ ਗਿਆ ਸੀ, ਉਹ ਬਿਲਕੁਲ ਦਰੁਸਤ ਹੈ। ਉਕਤ ਸਰਵੇ ਤੋਂ ਬਾਅਦ, ਕਿਉਂਕਿ ਪੰਜਾਬ ਸਰਕਾਰ ਦੀ ਮਦਦ ਨਾਲ ਕੁਝ ਪ੍ਰਭਾਵਸ਼ਾਲੀ ਕੰਪਨੀਆਂ ਨੇ ਜੋ ਸੋਲਰ ਬਿਜਲੀ ਪ੍ਰੋਜੈਕਟ ਸਥਾਪਤ ਕੀਤੇ ਹਨ, ਉਹਨਾਂ ਨੇ ਵਿਛਾਈ ਜਾਣ ਵਾਲੀ ਰੇਲਵੇ ਲਾਈਨ ਰੋਕ ਲਈ ਹੈ। ਇਹ ਉਕਤ ਕੰਪਨੀਆਂ ਦਾ ਦਬਾਅ ਹੀ ਹੈ ਕਿ ਰੇਲ ਵਿਭਾਗ ਵੱਲੋਂ ਜੋ ਨਵਾਂ ਸਰਵੇਖਣ ਕੀਤਾ ਜਾ ਰਿਹਾ ਹੈ, ਬੇਹੱਦ ਉਪਜਾਊ ਜ਼ਮੀਨਾਂ 'ਚੋਂ ਉਹ ਇਸ ਇਲਾਕੇ ਦੇ ਕਿਸਾਨਾਂ ਲਈ ਤਬਾਹਕੁੰਨ ਸਾਬਤ ਹੋਵੇਗਾ।
ਬਾਅਦ ਵਿੱਚ ਪ੍ਰਭਾਵਤ ਕਿਸਾਨਾਂ ਨੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮੁਹਿੰਦਰ ਸਿੰਘ ਸਿੱਧੂ ਨੂੰ ਮਿਲ ਕੇ ਮੰਗ ਕੀਤੀ ਕਿ ਪੁਰਾਣੇ ਸਰਵੇਖਣ ਮੁਤਾਬਕ ਹੀ ਰੇਲਵੇ ਲਾਈਨ ਵਿਛਾਈ ਜਾਵੇ। ਸ੍ਰੀ ਸਿੱਧੂ ਨੇ ਭਰੋਸਾ ਦਿਵਾਇਆ ਕਿ ਉਹ ਇਹ ਮਾਮਲਾ ਕੇਂਦਰ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਮਾਧਿਅਮ ਰਾਹੀਂ ਕੇਂਦਰ ਸਰਕਾਰ ਕੋਲ ਉਠਾਉਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਸੂਬਾਈ ਕਨਵੀਨਰ ਪ੍ਰੋ: ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਇੱਕ ਪ੍ਰਭਾਵਸ਼ਾਲੀ ਸਿਆਸੀ ਪਰਵਾਰ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਜੋ ਨਵਾਂ ਸਰਵੇਖਣ ਕਰਵਾਇਆ ਜਾ ਰਿਹਾ ਹੈ, ਉਸ ਰਾਹੀਂ ਕੇਂਦਰ ਦੀ ਮੋਦੀ ਸਰਕਾਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਦੇ ਕਿਸਾਨਾਂ ਨੂੰ ਉਜਾੜਣ 'ਤੇ ਤੁਲੀ ਹੋਈ ਹੈ। ਪ੍ਰੋ: ਕੌਰ ਨੇ ਐਲਾਨ ਕੀਤਾ ਕਿ ਉਹਨਾ ਦੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਜ਼ੋਰਦਾਰ ਸੰਘਰਸ਼ ਸ਼ੁਰੂ ਕਰਨ ਜਾ ਰਹੀ ਹੈ।