Latest News
ਹੋਣਾ ਤਾਂ ਇਹੋ ਸੀ

Published on 24 Aug, 2015 10:26 AM.

ਭਾਰਤ-ਪਾਕਿਸਤਾਨ ਵਿਚਾਲੇ ਇੱਕ ਵਾਰੀ ਫਿਰ ਗੱਲਾਂ ਦਾ ਗੇੜ ਫ਼ੇਲ੍ਹ ਹੋ ਗਿਆ ਹੈ। ਅਸਲ ਵਿੱਚ ਇਸ ਦੇ ਚੱਲਣ ਦੀ ਨੌਬਤ ਹੀ ਨਹੀਂ ਆਈ, ਸਿਰਫ਼ ਮੁੱਢਲੇ ਤਾਲਮੇਲ ਦਾ ਚੱਕਰ ਹੀ ਚੱਲ ਕੇ ਗੇਅਰ ਫਸ ਗਿਆ ਤੇ ਫਿਰ ਭਾਰਤ ਨੂੰ ਉਡੀਕਦਾ ਛੱਡ ਕੇ ਪਾਕਿਸਤਾਨੀ ਧਿਰ ਨੇ ਇਨਕਾਰ ਕਰ ਦਿੱਤਾ ਹੈ। ਸਿਰੇ ਜਾ ਕੇ ਗੱਲ ਟੁੱਟੀ ਹੈ। ਹੋਣਾ ਇਹੋ ਹੀ ਸੀ, ਬਾਕੀ ਦੀਆਂ ਸਾਰੀਆਂ ਆਸਾਂ ਤਾਂ ਐਵੇਂ ਹੀ ਰੱਖੀਆਂ ਜਾ ਰਹੀਆਂ ਸਨ।
ਸਵਾ ਸਾਲ ਪੂਰਾ ਨਹੀਂ ਹੋਇਆ ਤੇ ਭਾਰਤ-ਪਾਕਿ ਸੰਬੰਧਾਂ ਨੇ ਬੇਸੁਰੀ ਫ਼ਿਲਮ ਦੇ ਕਈ ਦ੍ਰਿਸ਼ ਦੁਨੀਆ ਦੇ ਅੱਖਾਂ ਸਾਹਮਣੇ ਪੇਸ਼ ਕਰ ਦਿੱਤੇ ਹਨ। ਇਨ੍ਹਾਂ ਦਾ ਮੁੱਢ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੁਦੇ ਲਈ ਸਹੁੰ ਚੁੱਕਣ ਦੇ ਸਮਾਗਮ ਤੋਂ ਹੋਇਆ ਸੀ। ਅਚਾਨਕ ਉਨ੍ਹਾ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲ ਸੱਦਾ ਭੇਜ ਦਿੱਤਾ। ਜਿੰਨੀ ਤੇਜ਼ੀ ਨਾਲ ਸੱਦਾ ਦਿੱਤਾ ਗਿਆ, ਓਨੀ ਤੇਜ਼ੀ ਨਾਲ ਹਾਮੀ ਭਰੀ ਗਈ। ਨਵਾਜ਼ ਸ਼ਰੀਫ਼ ਦੇ ਆਉਣ ਦਾ ਚਾਅ ਵੀ ਬੜਾ ਕੀਤਾ ਅਤੇ ਜਾਣ ਵੇਲੇ ਉਸ ਦੀ ਅੰਮੀ ਜਾਨ ਲਈ ਇੱਕ ਸ਼ਾਲ ਉਚੇਚ ਨਾਲ ਭੇਜ ਕੇ ਇੱਕ ਨਰੋਈ ਸ਼ੁਰੂਆਤ ਵੀ ਕਰ ਦਿੱਤੀ। ਅੱਗੋਂ ਉਸ ਦੀ ਅੰਮੀ ਜਾਨ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਤਾ ਜੀ ਲਈ ਇੱਕ ਸਾੜ੍ਹੀ ਭੇਜ ਦਿੱਤੀ ਅਤੇ ਭਾਰਤ ਦੀ ਰਾਜ ਕਰਦੀ ਧਿਰ ਖੁਸ਼ ਹੋ ਗਈ। ਦੋ ਦੇਸ਼ਾਂ ਦੇ ਵਿਚਾਲੇ ਰਿਸ਼ਤੇ ਸ਼ਾਲ ਤੇ ਸਾੜ੍ਹੀ ਦੇ ਨਾਲ ਨਹੀਂ ਚੱਲਦੇ। ਇਹ ਕਈ ਹੋਰ ਗੱਲਾਂ ਨਾਲ ਬੱਝੇ ਹੁੰਦੇ ਹਨ। ਇਸ ਸੁਹਿਰਦਤਾ ਦੀ ਝਲਕ ਅਗਲੇ ਦਿਨੀਂ ਹੱਦਾਂ ਉੱਤੇ ਉਨ੍ਹਾਂ ਗੋਲੀਆਂ ਦੀ ਗੂੰਜ ਤੇ ਧੂੰਏਂ ਵਿੱਚ ਗਵਾਚ ਗਈ, ਜਿਸ ਦੀ ਸ਼ੁਰੂਆਤ ਫਿਰ ਪਾਕਿਸਤਾਨ ਵਾਲੇ ਪਾਸਿਓਂ ਕੀਤੀ ਗਈ ਅਤੇ ਇਸ ਦਾ ਜਵਾਬ ਭਾਰਤ ਨੇ ਦਿੱਤਾ ਨਹੀਂ, ਦੇਣਾ ਪਿਆ।
ਫਿਰ ਪੂਰਾ ਸਾਲ ਕਾਲੇ-ਚਿੱਟੇ ਪ੍ਰਛਾਵੇਂ ਗਿਣਦਿਆਂ ਲੰਘ ਗਿਆ। ਅਮਰੀਕਾ ਜਾ ਕੇ ਦੋਵੇਂ ਪ੍ਰਧਾਨ ਮੰਤਰੀਆਂ ਨੇ ਆਪੋ ਵਿੱਚ ਗੱਲ ਤੱਕ ਕਰਨ ਦੀ ਲੋੜ ਨਹੀਂ ਜਾਣੀ ਅਤੇ ਨੇਪਾਲ ਵਿੱਚ ਸਾਰਕ ਦੇਸ਼ਾਂ ਦੇ ਸਮਾਗਮ ਦੇ ਪਹਿਲੇ ਦਿਨ ਵੀ ਆਪੋ ਵਿੱਚ ਅੱਖ ਤੱਕ ਨਹੀਂ ਮਿਲਾਈ। ਕਿਸੇ ਤੀਸਰੀ ਧਿਰ ਦੇ ਕਹਿਣ ਉੱਤੇ ਦੋਵਾਂ ਜਣਿਆਂ ਨੇ ਅਗਲੇ ਦਿਨ ਆਪੋ ਵਿੱਚ ਹੱਥ ਫੜ ਕੇ ਫੋਟੋ ਖਿਚਾਉਣ ਦਾ ਫਰਜ਼ ਨਿਭਾ ਦਿੱਤਾ, ਪਰ ਗੱਲ ਅੱਗੇ ਨਹੀਂ ਸੀ ਵਧੀ। ਇਹ ਓਦੋਂ ਅੱਗੇ ਵਧੀ, ਜਦੋਂ ਰੂਸ ਵਿੱਚ ਇੱਕ ਹੋਰ ਸੰਸਾਰ ਪੱਧਰ ਦਾ ਸਮਾਗਮ ਹੋਇਆ। ਭਾਰਤ ਦੇ ਪ੍ਰਧਾਨ ਮੰਤਰੀ ਦੀ ਪਹਿਲ ਕਦਮੀ ਉੱਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਓਥੇ ਮਿਲਣ ਲਈ ਸਹਿਮਤ ਹੋ ਗਿਆ ਅਤੇ ਅਸੀਂ ਫਿਰ ਵੱਡੀ ਆਸ ਰੱਖ ਬੈਠੇ। ਇਹ ਚੇਤਾ ਅਸੀਂ ਨਹੀਂ ਸੀ ਰੱਖਿਆ ਕਿ ਨਵਾਜ਼ ਸ਼ਰੀਫ਼ ਉਸ ਦੇਸ਼ ਦੀ ਅਸਲੀ ਹਾਈ ਕਮਾਨ ਨਹੀਂ, ਵਿਖਾਵੇ ਦੀ ਹਸਤੀ ਹੈ, ਅਸਲੀ ਕਮਾਨ ਫ਼ੌਜ ਕੋਲ ਹੈ ਤੇ ਉਹ ਸਹਿਮਤ ਨਹੀਂ।
ਫਿਰ ਵੀ ਕਿਉਂਕਿ ਰੂਸ ਦੇ ਉਫਾ ਸ਼ਹਿਰ ਵਿੱਚ ਉਨ੍ਹਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਕਹਿ ਦਿੱਤਾ ਸੀ ਕਿ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲ ਕਰ ਲਵਾਂਗੇ, ਅਸੀਂ ਵੱਡੀ ਆਸ ਰੱਖ ਬੈਠੇ। ਦਿੱਲੀ ਵਿਚਲਾ ਪਾਕਿਸਤਾਨ ਦਾ ਹਾਈ ਕਮਿਸ਼ਨਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਦੂਤ ਨਹੀਂ, ਖੁਫੀਆ ਏਜੰਸੀ ਆਈ ਐੱਸ ਆਈ ਵੱਲੋਂ ਮਿਥਿਆ ਪਿਆਦਾ ਹੈ ਤੇ ਉਹ ਇਸ ਗੱਲਬਾਤ ਨੂੰ ਅੱਗੇ ਨਹੀਂ ਸੀ ਵਧਣ ਦੇ ਸਕਦਾ। ਪਹਿਲਾਂ ਵੀ ਦੋ ਦੇਸ਼ਾਂ ਦੀ ਗੱਲ ਹਰ ਵਾਰ ਉਹ ਹੀ ਅੜਿੱਕਾ ਪਾ ਕੇ ਖ਼ਰਾਬ ਕਰਦਾ ਸੀ, ਇਸ ਵਾਰ ਵੀ ਓਸੇ ਨੇ ਕੀਤੀ ਹੈ। ਉਸ ਨੇ ਪਤਾ ਹੋਣ ਦੇ ਬਾਵਜੂਦ ਕਿ ਇਸ ਤੋਂ ਭਾਰਤ ਦੇ ਲੋਕ ਭੜਕ ਸਕਦੇ ਹਨ, ਫਿਰ ਕਸ਼ਮੀਰੀ ਵੱਖਵਾਦੀ ਆਗੂਆਂ ਨੂੰ ਸੱਦਾ ਭੇਜਣ ਦੀ ਚੁਸਤੀ ਕਰ ਦਿੱਤੀ। ਅੱਗੋਂ ਉਹ ਵੀ ਝੱਟ ਤਿਆਰ ਹੋ ਗਏ। ਭਾਰਤ ਨੇ ਕਿਹਾ ਕਿ ਅੱਗੇ ਵੀ ਗੱਲ ਇਸੇ ਲਈ ਟੁੱਟੀ ਸੀ ਕਿ ਵਿਚਾਲੇ ਕਸ਼ਮੀਰੀ ਵੱਖਵਾਦੀ ਸੱਦਣ ਦੀ ਹਰਕਤ ਹੋਈ ਸੀ, ਇਸ ਲਈ ਗੱਲ ਅੱਗੇ ਵਧਾਉਣੀ ਹੈ ਤਾਂ ਭਾਰਤ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨੂੰ ਸੱਦੇ ਨਾ ਭੇਜੋ, ਪਰ ਪਾਕਿਸਤਾਨੀ ਧਿਰ ਨੇ ਪਹਿਲਾਂ ਇਹ ਸੁਝਾਅ ਮੰਨ ਕੇ ਫਿਰ ਇਹੋ ਕੁਝ ਕਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਜਾਣ-ਬੁੱਝ ਕੇ ਗੱਲ ਤੋੜਨ ਦਾ ਬਹਾਨਾ ਪੈਦਾ ਕੀਤਾ ਹੈ। ਸੰਸਾਰ ਦੇ ਲੋਕ ਇਸ ਗੱਲੋਂ ਕਾਫ਼ੀ ਹੱਦ ਤੱਕ ਹੈਰਾਨ ਹੋ ਸਕਦੇ ਹਨ ਕਿ ਪਾਕਿਸਤਾਨ ਦੇ ਆਗੂਆਂ ਨੇ ਜਾਣ-ਬੁੱਝ ਕੇ ਇਸ ਤਰ੍ਹਾਂ ਅੜਿੱਕਾ ਕਿਉਂ ਪਾਇਆ ਹੈ, ਪਰ ਭਾਰਤ ਦੇ ਲੋਕਾਂ ਨੂੰ ਹੈਰਾਨ ਹੋਣ ਦੀ ਲੋੜ ਨਹੀਂ।
ਸਾਨੂੰ ਇਹ ਗੱਲ ਪਤਾ ਹੈ ਕਿ ਦੋਵਾਂ ਧਿਰਾਂ ਦੇ ਸੁਰੱਖਿਆ ਸਲਾਹਕਾਰ ਮਿਲਣ ਮੌਕੇ ਸਾਡੇ ਵੱਲੋਂ ਉਸ ਦੇਸ਼ ਦੇ ਪ੍ਰਤੀਨਿਧ ਨੂੰ ਦਾਊਦ ਇਬਰਾਹੀਮ ਦੇ ਪੱਕੇ ਪਤੇ ਅਤੇ ਉਸ ਦੀ ਪਤਨੀ ਦੇ ਨਾਂਅ ਵਾਲੇ ਟੈਲੀਫੋਨ ਕੁਨੈਕਸ਼ਨ ਦੇ ਨਾਲ ਪਾਕਿਸਤਾਨੀ ਪਾਸਪੋਰਟਾਂ ਦੇ ਨੰਬਰ ਵੀ ਪੇਸ਼ ਕੀਤੇ ਜਾਣੇ ਸਨ। ਉਹ ਕਹਿੰਦੇ ਸਨ ਕਿ ਉਹ ਭਾਰਤ ਨੂੰ ਕੁਝ ਇਹੋ ਜਿਹੇ ਪੱਖ ਪੇਸ਼ ਕਰ ਸਕਦੇ ਹਨ, ਜਿਨ੍ਹਾਂ ਤੋਂ ਪਾਕਿਸਤਾਨ ਵਿਚਲੀ ਦਹਿਸ਼ਤਗਰਦੀ ਦੇ ਪਿੱਛੇ ਭਾਰਤ ਦੇ ਰੋਲ ਦੀ ਗੱਲ ਨਿਕਲਦੀ ਹੋਵੇ। ਭਾਰਤ ਨੇ ਕਿਹਾ ਕਿ ਉਹ ਸਬੂਤ ਤਾਂ ਪੇਸ਼ ਕਰਨ, ਭਾਰਤ ਖੜੇ ਪੈਰ ਕਾਰਵਾਈ ਲਈ ਤਿਆਰ ਹੈ। ਪਾਕਿਸਤਾਨ ਵਿੱਚ ਹੋਏ ਕਿਸੇ ਇੱਕ ਵੀ ਜੁਰਮ ਨਾਲ ਸੰਬੰਧਤ ਦੋਸ਼ੀ ਦੱਸਣ, ਭਾਰਤ ਪੇਸ਼ ਕਰਨ ਤੋਂ ਝਿਜਕ ਨਹੀਂ ਵਿਖਾਵੇਗਾ। ਏਦਾਂ ਕਰਨਾ ਪਾਕਿਸਤਾਨ ਲਈ ਸੰਭਵ ਹੀ ਨਹੀਂ ਸੀ। ਗੱਲਬਾਤ ਹੋਣ ਵਿੱਚ ਸਿਰਫ਼ ਦੋ ਦਿਨ ਜਦੋਂ ਬਾਕੀ ਰਹਿ ਗਏ ਤਾਂ ਪਾਕਿਸਤਾਨੀ ਪ੍ਰਸ਼ਾਸਨ ਤੇ ਖੁਫੀਆ ਏਜੰਸੀਆਂ ਨੇ ਇਸ ਬਾਰੇ ਮੀਟਿੰਗਾਂ ਦਾ ਲੰਮਾ ਚੱਕਰ ਚਲਾ ਕੇ ਇਹ ਸਿੱਟਾ ਕੱਢਿਆ ਕਿ ਇਸ ਮੀਟਿੰਗ ਵਿੱਚ ਪਾਕਿਸਤਾਨ ਦੀ ਗੱਡੀ ਚਿੱਕੜ ਵਿੱਚ ਫਸ ਜਾਵੇਗੀ। ਇਸ ਲਈ ਚੰਗਾ ਇਹੋ ਹੈ ਕਿ ਕੋਈ ਬਹਾਨਾ ਲਾ ਕੇ ਮੀਟਿੰਗ ਤੋਂ ਪਾਸਾ ਵੱਟ ਲਿਆ ਜਾਵੇ। ਇੱਕ ਵਾਰੀ ਆਗਰੇ ਵਿੱਚ ਪ੍ਰਧਾਨ ਮੰਤਰੀ ਵਾਜਪਾਈ ਅਤੇ ਫ਼ੌਜੀ ਰਾਸ਼ਟਰਪਤੀ ਜਨਰਲ ਮੁਸ਼ੱਰਫ਼ ਸਿਰੇ ਲੱਗੀ ਗੱਲ ਪਿੱਛੋਂ ਜਦੋਂ ਦਸਖਤ ਕਰਨ ਵਾਲੇ ਸਨ, ਤਿਆਰ ਹੋਇਆ ਐਲਾਨਨਾਮਾ ਛੱਡ ਕੇ ਮੁਸ਼ੱਰਫ਼ ਇਹ ਕਹਿ ਕੇ ਤੁਰ ਗਿਆ ਸੀ ਕਿ ਉਸ ਨੂੰ ਇਹ ਮਨਜ਼ੂਰ ਨਹੀਂ। ਉਸ ਤਜਰਬੇ ਨੂੰ ਯਾਦ ਰੱਖਣਾ ਚਾਹੀਦਾ ਸੀ। ਮੁੜ-ਮੁੜ ਕੇ ਕੂੜੀ ਆਸ ਰੱਖਣੀ ਤੇ ਫਿਰ ਗਾਂ ਦੇ ਛੜ ਮਾਰਨ ਵਾਂਗ ਪਾਕਿਸਤਾਨ ਦਾ ਇਨਕਾਰ ਸੁਣਨਾ ਸਾਡੇ ਲੋਕ ਚੰਗਾ ਨਹੀਂ ਸਮਝਦੇ। ਬਿਨਾਂ ਅਗੇਤੇ ਹੋਮ-ਵਰਕ ਤੋਂ ਹੁਣ ਅੱਗੇ ਤੋਂ ਕਾਹਲੀ ਵਿੱਚ ਮੀਟਿੰਗਾਂ ਨਹੀਂ ਰੱਖਣੀਆਂ ਚਾਹੀਦੀਆਂ ਤੇ ਓਨੀ ਦੇਰ ਕੋਈ ਨਵੀਂ ਮੀਟਿੰਗ ਨਹੀਂ ਰੱਖਣੀ ਚਾਹੀਦੀ, ਜਦੋਂ ਤੱਕ ਹਾਲਾਤ ਕੋਈ ਸੁਖਾਵਾਂ ਮੋੜਾ ਨਹੀਂ ਕੱਟ ਜਾਂਦੇ।

966 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper