ਬੇਕਾਬੂ ਟਰੱਕ ਟਰੇਨ 'ਚ ਵੱਜਾ; 6 ਮੌਤਾਂ

ਆਂਧਰਾ ਪ੍ਰਦੇਸ਼ 'ਚ ਬੀਤੀ ਦੇਰ ਰਾਤ ਇੱਕ ਬੇਕਾਬੂ ਟਰੱਕ ਰੇਲਵੇ ਕਰਾਸਿੰਗ 'ਤੇ ਗੁਜ਼ਰ ਰਹੀ ਰੇਲ ਗੱਡੀ 'ਚ ਜਾ ਵੱਜਾ, ਜਿਸ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਕਰਨਾਟਕ ਦਾ ਇੱਕ ਕਾਂਗਰਸੀ ਵਿਧਾਇਕ ਵੀ ਸ਼ਾਮਲ ਹੈ।
ਹਾਦਸਾ ਅਨੰਤਪੁਰ ਜ਼ਿਲ੍ਹੇ 'ਚ ਹੋਇਆ, ਜਿੱਥੇ ਗ੍ਰੇਨਾਈਟ ਨਾਲ ਲੱਦੇ ਟਰੱਕ ਦੇ ਡਰਾਈਵਰ ਦਾ ਟਰੱਕ ਤੋਂ ਕੰਟਰੋਲ ਗੁਆਚ ਗਿਆ ਅਤੇ ਟਰੱਕ ਫਾਟਕ ਤੋੜ ਕੇ ਉਥੋਂ ਗੁਜ਼ਰ ਰਹੀ ਨਾਂਦੇੜ ਐਕਸਪ੍ਰੈਸ ਨਾਲ ਟਕਰਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਹਾਦਸੇ 'ਚ 6 ਵਿਅਕਤੀ ਮਾਰੇ ਗਏ ਅਤੇ 20 ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੇਨੂਕੋਂਡਾ ਅਤੇ ਬੰਗਲੌਰ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ 'ਚ ਮਾਰੇ ਗਏ ਏ. ਵੈਂਕਟੇਸ਼ ਨਾਇਕ ਕਰਨਾਟਕ ਦੇ ਰਾਏਚੁਰ ਜ਼ਿਲ੍ਹੇ ਦੇ ਦੇਵਦੁਰਗ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਂਧਰਾ ਪ੍ਰਦੇਸ਼ ਦੇ ਸਿਹਤ ਮੰਤਰੀ ਮੌਕੇ 'ਤੇ ਪੁੱਜ ਗਏ ਅਤੇ ਉਨ੍ਹਾ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੀ ਹਰ ਸੰਭਵ ਸਹਾਇਤਾ ਦਾ ਹੁਕਮ ਦਿੱਤਾ।
ਰੇਲਵੇ ਦੇ ਬੰਗਲੌਰ ਡਵੀਜ਼ਨ ਦੇ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਪੁਲਸ ਅਨੁਸਾਰ ਟਰੇਨ 'ਚ ਸਵਾਰ ਵਿਅਕਤੀਆਂ ਨੂੰ ਉਨ੍ਹਾ ਦੀ ਮੰਜਲ ਤੱਕ ਪਹੁੰਚਾਉਣ ਲਈ 20 ਬੱਸਾਂ ਦਾ ਪ੍ਰਬੰਧ ਕੀਤਾ ਗਿਆ।
ਉਨ੍ਹਾ ਦਸਿਆ ਕਿ ਹਾਦਸੇ ਮਗਰੋਂ ਰੇਲਵੇ ਆਵਾਜਾਈ 'ਚ ਰੁਕਾਵਟ ਆ ਗਈ, ਜਿਸ ਨੂੰ ਬਹਾਲ ਕਰਨ ਲਈ ਯਤਨ ਜਾਰੀ ਹਨ।
ਪੁਲਸ ਅਨੁਸਾਰ ਇਹ ਹਾਦਸਾ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ।