ਪਾਕਿਸਤਾਨ ਪ੍ਰਮਾਣੂ ਬੰਬ ਦੀ ਧਮਕੀ ਨਾ ਦੇਵੇ : ਫਾਰੂਕ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਸਰਤਾਜ ਅਜ਼ੀਜ਼ ਵੱਲੋਂ ਪ੍ਰਮਾਣੂ ਬੰਬ ਦੀ ਧਮਕੀ 'ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਧਮਕੀ ਨਹੀਂ ਚੱਲੇਗੀ। ਉਨ੍ਹਾ ਕਿਹਾ ਕਿ ਦੋਹਾਂ ਦੇਸ਼ਾਂ ਦੇ ਆਪਸੀ ਮੁੱਦਿਆਂ ਨੂੰ ਸਿਰਫ਼ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਜੇ ਦਿਲ ਸਾਫ਼ ਹੋਵੇਗਾ ਤਾਂ ਕੋਈ ਨਾ ਕੋਈ ਰਾਹ ਜ਼ਰੂਰ ਨਿਕਲ ਆਵੇਗਾ। ਉਨ੍ਹਾ ਕਿਹਾ ਕਿ ਪ੍ਰਮਾਣੂ ਬੰਬ ਦੀ ਕਦੇ ਵਰਤੋਂ ਨਹੀਂ ਹੋਵੇਗੀ ਅਤੇ ਨਾ ਹੀ ਪਾਕਿਸਤਾਨ ਕਦੇ ਜੰਗ ਕਰੇਗਾ।
ਜ਼ਿਕਰਯੋਗ ਹੈ ਕਿ ਸਰਤਾਜ ਅਜ਼ੀਜ਼ ਦੇ ਬਿਆਨ ਮਗਰੋਂ ਪਾਕਿਸਤਾਨੀ ਫ਼ੌਜ ਦੇ ਸਾਬਕਾ ਤਰਜਮਾਨ ਅਤਹਰ ਅਬਾਸ ਨੇ ਇੱਕ ਟੈਲੀਵੀਜ਼ਨ ਪ੍ਰੋਗਰਾਮ 'ਤੇ ਚੱਲ ਰਹੀ ਬਹਿਸ 'ਚ ਹਿੱਸਾ ਲੈਂਦਿਆਂ ਭਾਰਤ ਨੂੰ ਪ੍ਰਮਾਣੂ ਜੰਗ ਦੀ ਧਮਕੀ ਦਿੱਤੀ ਸੀ। ਅਬਦੁੱਲਾ ਦੀ ਟਿਪਣੀ ਦੇ ਜੁਆਬ 'ਚ ਅਤਹਰ ਅਬਾਸ ਨੇ ਕਿਹਾ ਕਿ ਭਾਰਤ ਲਗਾਤਾਰ ਭੜਕਾਹਟ ਪੈਦਾ ਕਰਨ ਵਾਲੀਆਂ ਹਰਕਤਾਂ ਕਰ ਰਿਹਾ ਹੈ ਅਤੇ ਅਜਿਹੀ ਹਾਲਤ 'ਚ ਕੋਈ ਉਪਾਅ ਨਹੀਂ ਰਹਿ ਜਾਂਦਾ।