ਪਾਕਿ ਵੱਲੋਂ ਧਮਕੀ; ਸਾਡੇ ਕੋਲ ਹਨ ਐਟਮੀ ਹਥਿਆਰ

ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਰੱਦ ਹੋਣ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਲਖੀ ਵਧਦੀ ਜਾ ਰਹੀ ਹੈ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਭਾਰਤ ਨੂੰ ਧਮਕੀ ਭਰੇ ਅੰਦਾਜ਼ 'ਚ ਕਿਹਾ ਹੈ ਕਿ ਪਾਕਿਸਤਾਨ ਐਟਮੀ ਹਥਿਆਰਾਂ ਵਾਲਾ ਦੇਸ਼ ਹੈ ਅਤੇ ਅਸੀਂ ਆਪਣੀ ਰਾਖੀ ਕਰਨਾ ਜਾਣਦੇ ਹਾਂ।
ਪਾਕਿਸਤਾਨੀ ਅਖ਼ਬਾਰ 'ਡਾਨ' 'ਚ ਛਪੀ ਖ਼ਬਰ ਅਨੁਸਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਮੋਦੀ ਸਰਕਾਰ ਪਾਕਿਸਤਾਨ ਨਾਲ ਇਸ ਤਰ੍ਹਾਂ ਸਲੂਕ ਕਰ ਰਹੀ ਹੈ, ਜਿਵੇਂ ਉਹ ਖੇਤਰੀ ਸੁਪਰ ਪਾਵਰ ਹੋਵੇ, ਪਰ ਸਾਡੇ ਕੋਲ ਵੀ ਪ੍ਰਮਾਣੂ ਬੰਬ ਹੈ ਅਤੇ ਅਸੀਂ ਜਾਣਦੇ ਹਾਂ ਕਿ ਆਪਣੀ ਰਾਖੀ ਖੁਦ ਕਿਵੇਂ ਕਰਨੀ ਹੈ। ਇਸ ਦੇ ਨਾਲ ਹੀ ਭਾਰਤੀ ਖ਼ੁਫ਼ੀਆ ਏਜੰਸੀ 'ਰਾਅ' 'ਤੇ ਅੱਤਵਾਦ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਾÀੁਂਦਿਆਂ ਸਰਤਾਜ ਅਜ਼ੀਜ਼ ਨੇ ਕਿਹਾ ਕਿ ਉਨ੍ਹਾ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਰਾਅ ਪਾਕਿਸਤਾਨ 'ਚ ਅੱਤਵਾਦ ਨੂੰ ਬੜ੍ਹਾਵਾ ਦੇ ਰਹੀ ਹੈ। ਉਨ੍ਹਾ ਕਿਹਾ ਕਿ ਖੁਦ ਅੱਤਵਾਦ ਨੂੰ ਬੜ੍ਹਾਵਾ ਦੇਣ ਵਾਲਾ ਭਾਰਤ ਪਾਕਿਸਤਾਨ ਵਿਰੁੱਧ ਭੰਡੀ ਪ੍ਰਚਾਰ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਨੂੰ ਸਬੂਤ ਦੇਣ ਦੀ ਥਾਂ ਭਾਰਤ ਦਾ ਕੰਮ ਸਾਡੇ ਵਿਰੁੱਧ ਭੰਡੀ ਪ੍ਰਚਾਰ ਕਰਨਾ ਹੀ ਰਹਿ ਗਿਆ ਹੈ।
ਇਸ ਦੇ ਨਾਲ ਹੀ ਸਰਤਾਜ ਅਜ਼ੀਜ਼ ਨੇ ਕਿਹਾ ਕਿ ਭਾਵੇਂ ਐਨ ਐਸ ਏ ਪੱਧਰ ਦੀ ਗੱਲਬਾਤ ਰੱਦ ਹੋ ਗਈ ਹੈ, ਪਰ ਬਾਕੀ ਗੱਲਬਾਤਾਂ ਹੋਣਗੀਆਂ। ਉਨ੍ਹਾ ਕਿਹਾ ਕਿ ਪਾਕਿਸਤਾਨ ਰੇਂਜਰ ਅਤੇ ਬੀ ਐਸ ਐਫ਼ ਵਿਚਕਾਰ ਮੀਟਿੰਗ ਹੋਵੇਗੀ। ਡਾਇਰੈਕਟਰ ਜਨਰਲ ਮਿਲਟਰੀ ਓਪਰੇਸ਼ਨਜ਼ ਦੀ ਗੱਲਬਾਤ ਵੀ ਹੋਵੇਗੀ ਤਾਂ ਜੋ ਤਨਾਅ ਘੱਟ ਕਰਨ ਲਈ ਕੋਈ ਤੰਤਰ ਬਣਾਇਆ ਜਾ ਸਕੇ। ਉਨ੍ਹਾ ਕਿਹਾ ਕਿ ਪਾਕਿਸਤਾਨੀ ਰੇਂਜਰਸ ਅਤੇ ਬੀ ਐਸ ਐਫ਼ ਵਿਚਕਾਰ ਮੀਟਿੰਗ 6 ਸਤੰਬਰ ਨੂੰ ਹੋਵੇਗੀ।
ਅਜ਼ੀਜ਼ ਨੇ ਕਿਹਾ ਕਿ ਭਾਰਤ-ਪਾਕਿਸਤਾਨ ਨਾਲ ਹਾਲਾਤ ਸੁਧਾਰਨ ਲਈ ਆਪਣੀਆਂ ਹੀ ਸ਼ਰਤਾਂ ਰੱਖ ਰਿਹਾ ਹੈ, ਉਹ ਵਪਾਰ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨਾ ਚਾਹੁੰਦਾ ਹੈ, ਪਰ ਬਹੁਤ ਘੱਟ। ਉਨ੍ਹਾ ਕਿਹਾ ਕਿ ਜੇ ਭਾਰਤ ਲਈ ਕਸ਼ਮੀਰ ਕੋਈ ਮੁੱਦਾ ਹੀ ਨਹੀਂ ਤਾਂ ਭਾਰਤ ਨੇ ਉਥੇ 7 ਲੱਖ ਫ਼ੌਜੀ ਜਵਾਨ ਕਿਉਂ ਤਾਇਨਾਤ ਕੀਤੇ ਹਨ। ਉਨ੍ਹਾ ਨੇ ਐਨ ਐਸ ਏ ਪੱਧਰ ਦੀ ਗੱਲਬਾਤ ਰੱਦ ਹੋਣ ਲਈ ਭਾਰਤ ਨੂੰ ਦੋਸ਼ੀ ਠਹਿਰਾਇਆ।
ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਭਾਰਤ ਨੂੰ ਜੰਮੂ-ਕਸ਼ਮੀਰ 'ਚ ਛੇਤੀ ਤੋਂ ਛੇਤੀ ਰਾਇਸ਼ੁਮਾਰੀ ਕਰਾਉਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਲੋਕ ਫ਼ੈਸਲਾ ਲੈ ਸਕਣ ਕਿ ਉਹ ਕਿੱਥੇ ਰਹਿਣਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਹੁਣ ਭਾਰਤ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਉਸ ਦਾ ਕੋਈ ਪੈਂਤੜਾ ਕੰਮ ਨਹੀਂ ਕਰੇਗਾ। ਉਨ੍ਹਾ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਪ੍ਰਤੀ ਗੰਭੀਰ ਹੋਣਾ ਪਵੇਗਾ। ਅਜ਼ੀਜ਼ ਨੇ ਸਾਫ਼ ਕੀਤਾ ਕਿ ਅਗਲੇ ਮਹੀਨੇ ਜਦੋਂ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ਼ ਨਿਊਯਾਰਕ 'ਚ ਇਕੱਠੇ ਹੋਣਗੇ ਤਾਂ ਪਾਕਿਸਤਾਨ ਭਾਰਤ ਨਾਲ ਗੱਲਬਾਤ ਦੀ ਪਹਿਲ ਨਹੀਂ ਕਰੇਗਾ। ਉਨ੍ਹਾ ਕਿਹਾ ਕਿ ਇਹ ਭਾਰਤ 'ਤੇ ਨਿਰਭਰ ਕਰਦਾ ਹੈ ਕਿ ਉਹ ਗੱਲਬਾਤ ਦੀ ਪਹਿਲ ਕਰੇ।
ਅੰਡਰ ਵਰਲਡ ਸਰਗਨਾ ਦਾਊਦ ਇਬਰਾਹੀਮ ਦੇ ਪਾਕਿਸਤਾਨ 'ਚ ਹੋਣ ਤੋਂ ਕੋਰੀ ਨਾਂਹ ਕਰਦਿਆਂ ਸਰਤਾਜ ਅਜ਼ੀਜ਼ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਇਸ ਬਾਰੇ ਕੋਈ ਸਬੂਤ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਵਾਰ-ਵਾਰ ਆਖਦਾ ਆ ਰਿਹਾ ਹੈ ਕਿ ਦਾਊਦ ਇਬਰਾਹੀਮ ਪਾਕਿਸਤਾਨ 'ਚ ਹੈ, ਉਸ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ। ਐਨ ਐਸ ਏ ਪੱਧਰ ਦੀ ਮੀਟਿੰਗ 'ਚ ਭਾਰਤ ਨੇ ਜਿਹੜੇ ਲੋੜੀਂਦੇ ਅਪਰਾਧੀਆਂ ਦੀ ਸੂਚੀ ਪਾਕਿਸਤਾਨ ਨੂੰ ਦੇਣੀ ਸੀ, ਉਸ 'ਚ ਦਾਊਦ ਇਬਰਾਹੀਮ ਦਾ ਨਾਂਅ ਸਭ ਤੋਂ ਉੱਪਰ ਹੈ ਅਤੇ ਉਸ ਮਗਰੋਂ ਹੀ ਹਾਫ਼ਿਜ਼ ਸਈਦਾ ਦਾ ਨਾਂਅ ਆਉਂਦਾ ਹੈ।
ਸਰਤਾਜ ਅਜ਼ੀਜ਼ ਦੇ ਬਿਆਨ 'ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਸਾਬਕਾ ਗ੍ਰਹਿ ਸਕੱਤਰ ਅਤੇ ਭਾਜਪਾ ਸੰਸਦ ਮੈਂਬਰ ਆਰ ਕੇ ਸਿੰਘ ਨੇ ਕਿਹਾ ਕਿ ਸਰਤਾਜ ਅਜ਼ੀਜ਼ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਮਾਣੂ ਬੰਬ ਕੋਈ ਖਿਡੌਣਾ ਨਹੀਂ ਹੈ। ਉਨ੍ਹਾ ਕਿਹਾ ਕਿ ਸਰਤਾਜ ਅਜ਼ੀਜ਼ ਵੱਲੋਂ ਗ਼ੈਰ-ਜ਼ਿੰਮੇਵਾਰੀ ਵਾਲੀ ਬਿਆਨਬਾਜ਼ੀ ਨਾਲ ਮਾਹੌਲ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਇਹ ਬੇਹੱਦ ਗੰਭੀਰ ਗੱਲ ਹੈ। ਜ਼ਿਕਰਯੋਗ ਹੈ ਕਿ ਬੁਲੇਟਿਨ ਆਫ਼ ਐਟਾਮਿਕ ਸਾਇੰਟਿਸਟ ਦੀ ਮਾਰਚ ਮਹੀਨੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕੋਲ 110 ਪ੍ਰਮਾਣੂ ਬੰਬ ਹਨ, ਜਦਕਿ ਭਾਰਤ ਕੋਲ 100 ਪ੍ਰਮਾਣੂ ਬੰਬ ਹਨ। ਇਸ ਰਿਪੋਰਟ ਅਨੁਸਾਰ ਚੀਨ ਕੋਲ 250, ਅਮਰੀਕਾ ਕੋਲ 7300 ਅਤੇ ਰੂਸ ਕੋਲ 8000 ਪ੍ਰਮਾਣੂ ਬੰਬ ਹਨ।