ਅਗਲੇ ਮਹੀਨੇ ਤੋਂ ਪਹਿਲਾਂ ਨਹੀਂ ਘਟੇਗਾ ਪਿਆਜ਼ ਦਾ ਭਾਅ : ਪਾਸਵਾਨ

ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਪਹਿਲਾਂ ਪਿਆਜ਼ ਦੇ ਭਾਅ ਘਟਣ ਦੇ ਕੋਈ ਅਸਾਰ ਨਹੀਂ ਹਨ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਸੂਬਾ ਸਰਕਾਰਾਂ ਦੀਆਂ ਨਾਕਾਮੀਆ ਕਾਰਨ ਪਿਆਜ਼ ਦੇ ਭਾਅ ਵਧੇ ਹਨ। ਪਾਸਵਾਨ ਨੇ ਕਿਹਾ ਕਿ ਸੂਬਾ ਸਰਕਾਰਾਂ ਨੇ ਜਮ੍ਹਾਂਖੋਰਾਂ ਅਤੇ ਕਾਲਾਬਜ਼ਾਰੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਹੈ। ਜਦੋਂ ਇਹ ਪੁੱਛਿਆ ਗਿਆ ਕਿ ਪਿਆਜ਼ ਦੀ ਫ਼ਸਲ ਘੱਟ ਹੋਈ ਸੀ ਤਾਂ ਪਿਆਜ਼ ਦੀ ਬਰਾਮਦ ਦੀ ਆਗਿਆ ਕਿਵੇਂ ਦੇ ਦਿੱਤੀ ਗਈ ਤਾਂ ਮੰਤਰੀ ਨੂੰ ਕੋਈ ਜਵਾਬ ਨਹੀਂ ਅਹੁੜਿਆ। ਪਿਆਜ਼ ਦੀਆਂ ਕੀਮਤਾਂ ਇਹਨੀਂ ਦਿਨੀਂ ਅਸਮਾਨ 'ਤੇ ਚੜ੍ਹੀਆਂ ਹੋਈਆਂ ਹਨ ਅਤੇ ਇਹ ਕਾਬੂ ਹੇਠ ਆਉਂਦੀਆਂ ਨਜ਼ਰ ਨਹੀਂ ਆ ਰਹੀਆਂ। ਪਿਆਜ਼ ਦੇ ਭਾਅ ਇਸ ਵੇਲੇ 60-70 ਰੁਪਏ ਪ੍ਰਤੀ ਕਿਲੋ ਨੂੰ ਪਹੁੰਚ ਗਏ ਹਨ ਅਤੇ ਇਸ ਦੇ ਹੋਰ ਚੜ੍ਹਨ ਦੇ ਵੀ ਆਸਾਰ ਹਨ। ਭਾਵੇਂ ਪਿਆਜ਼ ਬਾਹਰੋਂ ਮੰਗਵਾਇਆ ਵੀ ਗਿਆ ਹੈ, ਪਰ ਫੇਰ ਵੀ ਪਿਆਜ਼ ਦੀਆਂ ਕੀਮਤਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ। ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਇਹ ਕਹਿ ਕੇ ਲੋਕਾਂ ਦੇ ਜ਼ਖ਼ਮਾਂ 'ਤੇ ਹੋਰ ਨਮਕ ਛਿੜਕ ਦਿੱਤਾ ਹੈ ਕਿ ਪਿਆਜ਼ ਦੀਆਂ ਕੀਮਤਾਂ ਅਜੇ ਨਹੀਂ ਘੱਟਣਗੀਆਂ।