Latest News
ਗੜਬੜ ਕਿਉਂ ਹੈ ਮੋਦੀ ਦੇ ਗੁਜਰਾਤ ਵਿੱਚ?

Published on 26 Aug, 2015 10:45 AM.

ਤੇਰਾਂ ਸਾਲਾਂ ਬਾਅਦ ਇੱਕ ਵਾਰੀ ਫਿਰ ਉਸ ਗੁਜਰਾਤ ਦੇ ਕਈ ਸ਼ਹਿਰਾਂ ਵਿੱਚ ਕਰਫਿਊ ਲਾਉਣਾ ਪਿਆ ਹੈ, ਜਿੱਥੋਂ ਦੇ ਧੜੱਲੇਦਾਰ ਆਗੂ ਨਰਿੰਦਰ ਮੋਦੀ ਨੂੰ ਇਹ ਕਹਿਣਾ ਚੰਗਾ ਲੱਗਦਾ ਹੈ ਕਿ ਮੇਰਾ ਦੁਨੀਆ ਵਿੱਚ ਡੰਕਾ ਵੱਜ ਰਿਹਾ ਹੈ। ਇੱਕੋ ਦਿਨ ਵਿੱਚ ਓਥੇ ਕਈ ਕੁਝ ਇਹੋ ਜਿਹਾ ਹੋ ਗਿਆ, ਜਿਸ ਦੀ ਆਸ ਨਹੀਂ ਸੀ। ਅੱਧੀ ਰਾਤ ਨੂੰ ਭੜਕੀ ਹੋਈ ਭੀੜ ਨੇ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਰਜਨੀ ਕਾਂਤ ਪਟੇਲ ਦੇ ਘਰ ਪਹਿਲਾਂ ਪੱਥਰ ਮਾਰੇ ਅਤੇ ਫਿਰ ਅੱਗ ਲਾ ਦਿੱਤੀ। ਫਾਇਰ ਬਰਗੇਡ ਵੇਲੇ ਸਿਰ ਨਾ ਪਹੁੰਚ ਜਾਂਦਾ ਤਾਂ ਕੋਠੀ ਸੜ ਸਕਦੀ ਸੀ। ਰੇਲ ਪਟੜੀਆਂ ਕਈ ਥਾਂਈਂ ਪੁੱਟੀਆਂ ਗਈਆਂ ਹਨ ਅਤੇ ਸੜਕਾਂ ਉੱਤੇ ਰੁੱਖ਼ ਅਤੇ ਖੰਭੇ ਸੁੱਟ ਕੇ ਰਾਹ ਰੋਕੇ ਪਏ ਹਨ।
ਇੱਕੋ ਦਿਨ ਵਿੱਚ ਏਨਾ ਕੁਝ ਹੋਣ ਤੋਂ ਪਹਿਲਾਂ ਇਸ ਦੇ ਜਦੋਂ ਹਾਲਾਤ ਬਣ ਰਹੇ ਜਾਪਦੇ ਸਨ, ਭਾਜਪਾ ਦੀ ਰਾਜ ਸਰਕਾਰ ਇਸ ਨੂੰ ਇੱਕ ਗ਼ੈਰ-ਗੰਭੀਰ ਤਮਾਸ਼ੇ ਤੋਂ ਵੱਧ ਨਹੀਂ ਸੀ ਸਮਝਦੀ। ਭਾਜਪਾ ਦੇ ਇੱਕ ਛੋਟੇ ਵਰਕਰ ਦਾ ਬਾਈ ਸਾਲਾਂ ਦਾ ਮੁੰਡਾ ਇਸ ਲਹਿਰ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੇ ਆਪਣੀ ਤਾਕਤ ਦਾ ਵਿਖਾਵਾ ਇੱਕ ਹਫਤਾ ਪਹਿਲਾਂ ਕਰ ਦਿੱਤਾ ਸੀ। ਜਿਸ ਦਿਨ ਆਬੂ ਧਾਬੀ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਹ ਹਜ਼ਾਰ ਲੋਕਾਂ ਦੀ ਭੀੜ ਸਾਹਮਣੇ ਬੋਲਣ ਵਿੱਚ ਖੁਸ਼ੀ ਮਹਿਸੂਸ ਕਰ ਰਿਹਾ ਸੀ, ਉਸੇ ਦਿਨ ਗੁਜਰਾਤ ਵਿੱਚ ਹੀਰਿਆਂ ਦੇ ਸ਼ਹਿਰ ਸੂਰਤ ਵਿੱਚ ਇਹ ਬਾਈ ਸਾਲਾਂ ਦਾ ਮੁੰਡਾ ਪੰਜ ਲੱਖ ਲੋਕਾਂ ਦੀ ਭੀੜ ਸਾਹਮਣੇ ਬੋਲ ਰਿਹਾ ਸੀ ਤੇ ਨੌਂ ਕਿਲੋਮੀਟਰ ਲੰਮੀ ਰੈਲੀ ਵਿੱਚ ਉਸ ਦੇ ਪਟੇਲ ਭਾਈਚਾਰੇ ਦੇ ਲੋਕ ਉਸ ਨੂੰ ਸੁਣਨ ਪੁੱਜੇ ਸਨ। ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਵੀ ਨਰਿੰਦਰ ਮੋਦੀ ਕਦੀ ਪੰਜ ਲੱਖ ਲੋਕਾਂ ਦੇ ਇਕੱਠ ਨੂੰ ਇੱਕੋ ਵਕਤ ਸੰਬੋਧਨ ਨਹੀਂ ਕਰ ਸਕਿਆ ਸੀ ਤੇ ਮੁੰਡਾ ਪੰਜ ਤੋਂ ਬਾਅਦ ਪੰਝੀ ਲੱਖ ਦੀ ਰੈਲੀ ਕਰਨ ਦਾ ਐਲਾਨ ਓਦੋਂ ਹੀ ਕਰ ਗਿਆ ਸੀ। ਅਗਲੀ ਰੈਲੀ ਉਸ ਨੇ ਕੱਲ੍ਹ ਕੀਤੀ, ਜਿਸ ਵਿੱਚ ਉਹ ਖ਼ੁਦ ਪੰਝੀ ਲੱਖ ਲੋਕ ਕਹਿੰਦਾ ਹੈ, ਪਰ ਮੀਡੀਆ ਰਿਪੋਰਟਾਂ ਹਨ ਕਿ ਨੌਂ ਲੱਖ ਦੇ ਕਰੀਬ ਲੋਕ ਮੌਜੂਦ ਸਨ। ਦੇਸ਼ ਦੇ ਕਿਸੇ ਹੋਰ ਰਾਜ ਵਿੱਚ ਕਿਸੇ ਲੀਡਰ ਨੇ ਨੌਂ ਲੱਖ ਲੋਕਾਂ ਨੂੰ ਸੰਬੋਧਨ ਕਦੋਂ ਕੀਤਾ ਸੀ, ਇਸ ਦੀ ਖੋਜ ਵਿੱਚ ਗੁਗਲ ਦਾ ਸਰਚ ਇੰਜਣ ਵੀ ਸ਼ਾਇਦ ਮਦਦ ਨਹੀਂ ਕਰ ਸਕੇਗਾ।
ਮੁੱਦਾ ਕੀ ਚੁੱਕਿਆ ਗਿਆ ਹੈ? ਬਾਈ ਸਾਲ ਉਮਰ ਦਾ ਬੀ-ਕਾਮ ਪਾਸ ਨੌਜਵਾਨ ਹਾਰਦਿਕ ਪਟੇਲ ਕੂਕਦਾ ਹੈ ਕਿ ਗੁਜਰਾਤ ਦੇ ਮਹਾਨ ਆਗੂ ਸਰਦਾਰ ਵੱਲਭ ਭਾਈ ਪਟੇਲ ਦਾ ਨਾਂਅ ਲੈ ਕੇ ਰਾਜਨੀਤੀ ਕੀਤੀ ਜਾਂਦੀ ਹੈ, ਪਰ ਅਮਲ ਵਿੱਚ ਪਟੇਲ ਭਾਈਚਾਰਾ ਰੋਲਿਆ ਪਿਆ ਹੈ। ਸਾਰਿਆਂ ਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਲਾਨ ਹੈ ਕਿ ਗੁਜਰਾਤ ਵਿੱਚ ਸਰਦਾਰ ਪਟੇਲ ਦਾ ਏਡਾ ਵੱਡਾ ਬੁੱਤ ਲਾ ਦੇਣਾ ਹੈ ਕਿ ਅਮਰੀਕਾ ਵਿਚਲਾ ਸਟੈਚੂ ਆਫ਼ ਲਿਬਰਟੀ ਵਾਲਾ ਬੁੱਤ ਵੀ ਉਸ ਦੇ ਅੱਗੇ ਬੌਣਾ ਸਾਬਤ ਹੋ ਜਾਵੇਗਾ। ਹਾਰਦਿਕ ਪਟੇਲ ਨਾਂਅ ਦਾ ਨੌਜਵਾਨ ਕਹਿੰਦਾ ਹੈ ਕਿ ਸਾਨੂੰ ਮੂਰਤੀਆਂ ਨਹੀਂ ਚਾਹੀਦੀਆਂ, ਖਾਣ ਵਾਸਤੇ ਰੋਟੀ ਚਾਹੀਦੀ ਹੈ। ਉਹ ਇਹ ਕਹਿੰਦਾ ਹੈ ਕਿ ਅਮੀਰ ਬਣ ਚੁੱਕੇ ਕੁਝ ਚੁਣੇ ਹੋਏ ਪਟੇਲ ਭਾਈਚਾਰੇ ਦੇ ਨਾਂਵਾਂ ਨੂੰ ਉਛਾਲ ਕੇ ਦੱਸਿਆ ਜਾਂਦਾ ਹੈ ਕਿ ਖੁਸ਼ਹਾਲੀ ਬਹੁਤ ਹੈ, ਪਰ ਗੁਜਰਾਤ ਦੇ ਖੇਤੀ ਕਿੱਤੇ ਦੀ ਰੀੜ੍ਹ ਦੀ ਹੱਡੀ ਗਿਣਿਆ ਜਾਣ ਵਾਲਾ ਪਟੇਲ ਭਾਈਚਾਰਾ ਮੰਦਹਾਲੀ ਨਾਲ ਜੂਝਦਾ ਪਿਆ ਹੈ। ਬਹੁਤ ਸਾਰੇ ਪਟੇਲ ਕਿਸਾਨ ਖ਼ੁਦਕੁਸ਼ੀਆਂ ਕਰ ਗਏ ਅਤੇ ਕਈ ਜ਼ਮੀਨਾਂ ਵੇਚਣ ਪਿੱਛੋਂ ਮਜ਼ਦੂਰ ਬਣ ਕੇ ਦਿਹਾੜੀਆਂ ਕਰਨ ਲਈ ਸਵੇਰੇ ਸ਼ਹਿਰਾਂ ਦੇ ਚੌਕਾਂ ਵਿੱਚ ਖੜੇ ਹੁੰਦੇ ਹਨ।
ਇਹ ਸਾਰੀ ਹਾਲਤ ਓਦੋਂ ਹੈ, ਜਦੋਂ ਗੁਜਰਾਤ ਦੀ ਮੁੱਖ ਮੰਤਰੀ ਵੀ ਪਟੇਲ ਭਾਈਚਾਰੇ ਵਿੱਚੋਂ ਹੈ, ਪਰ ਇਸ ਨੂੰ ਪਟੇਲ ਭਾਈਚਾਰੇ ਦੀ ਥਾਂ ਜਮਾਤੀ ਪੱਖ ਤੋਂ ਵੇਖਣ ਦੀ ਲੋੜ ਹੈ। ਜਿਹੜੇ ਮੰਤਰੀ ਅਤੇ ਵੱਡੇ ਕਾਰੋਬਾਰੀ ਬਣ ਕੇ ਖੁਸ਼ਹਾਲ ਹੋ ਗਏ, ਉਨ੍ਹਾਂ ਲਈ ਮੋਦੀ ਵੱਲੋਂ ਲਾਇਆ ਜਾ ਰਿਹਾ ਸਰਦਾਰ ਪਟੇਲ ਦਾ ਬੁੱਤ ਵੀ ਕਾਫ਼ੀ ਹੈ। ਹੋਰ ਲੋਕ ਹਰ ਪਾਸੇ ਦੁਖੀ ਹਨ ਅਤੇ ਉਹ ਹਾਰਦਿਕ ਪਟੇਲ ਦੇ ਸੱਦੇ ਉੁੱਤੇ ਉੱਠ ਤੁਰੇ ਹਨ। ਅਸੀਂ ਇਹ ਸਾਫ਼ ਕਰ ਦੇਈਏ ਕਿ ਹਾਰਦਿਕ ਪਟੇਲ ਦੀਆਂ ਮੰਗਾਂ ਨਾਲ ਅਸੀਂ ਸਹਿਮਤੀ ਪ੍ਰਗਟ ਨਹੀਂ ਕਰ ਸਕਦੇ, ਕਿਉਂਕਿ ਉਹ ਖ਼ੁਦ ਵੀ ਇਸ ਬਾਰੇ ਸਪੱਸ਼ਟ ਨਹੀਂ। ਇੱਕੋ ਸਾਹੇ ਉਹ ਇਸ ਪਟੇਲ ਭਾਈਚਾਰੇ ਲਈ ਰਿਜ਼ਰਵੇਸ਼ਨ ਵੀ ਮੰਗੀ ਜਾਂਦਾ ਹੈ ਤੇ ਇਹ ਵੀ ਕਹੀ ਜਾਂਦਾ ਹੈ ਕਿ ਜੇ ਸਾਨੂੰ ਨਹੀਂ ਮਿਲਣੀ ਤਾਂ ਬਾਕੀ ਲੋਕਾਂ ਦੀ ਰਿਜ਼ਰਵੇਸ਼ਨ ਵੀ ਬੰਦ ਕਰੋ। ਇਹ ਉਸ ਦੇ ਕੱਚ-ਘਰੜ ਹੋਣ ਦਾ ਸਬੂਤ ਹੈ। ਕੱਚ-ਘਰੜ ਲਹਿਰਾਂ ਵੀ ਸਿਸਟਮ ਵੱਲ ਲੋਕਾਂ ਦੀ ਨਾਰਾਜ਼ਗੀ ਦੇ ਪ੍ਰਗਟਾਵੇ ਵਜੋਂ ਓਦੋਂ ਉੱਠਦੀਆਂ ਹਨ, ਜਦੋਂ ਕਿਸੇ ਦੇਸ਼ ਵਿੱਚ ਲੋਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਬੁੱਤਾਂ ਦੇ ਚੋਂਚਲੇ ਕਰਨ ਅਤੇ ਕਦੇ ਤਿੰਨ-ਤਿੰਨ ਲੱਖ ਬੈਂਕ ਖਾਤੇ ਵਿੱਚ ਭੇਜਣ ਦੇ ਫੋਕੇ ਲਾਲੀਪਾਪ ਵਿਖਾ ਕੇ ਮੁੱਕਰਿਆ ਜਾਂਦਾ ਹੈ।
ਲਹਿਰ ਇਹ ਕੱਚ-ਘਰੜ ਹੀ ਸਹੀ, ਪਰ ਗੁਜਰਾਤ ਤੋਂ ਉੱਠੀ ਹੈ ਅਤੇ ਇਸ ਵਿੱਚ ਸਿੱਧੀ ਚੁਣੌਤੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ ਹੋਈ ਹੈ। ਹਾਰਦਿਕ ਪਟੇਲ ਨੇ ਕਿਹਾ ਹੈ ਕਿ ਮੋਦੀ ਪਿੱਛੋਂ ਆਇਆ ਸੀ ਤੇ ਕਾਂਗਰਸ ਦਾ ਪੰਜਾ ਅਸੀਂ ਪਟੇਲਾਂ ਨੇ ਅੱਗੇ ਲੱਗ ਕੇ ਪੁੱਟਿਆ ਸੀ। ਇਹ ਸੰਕੇਤ ਕੇਸ਼ੂ ਭਾਈ ਪਟੇਲ ਦੇ ਆਗੂ ਹੋਣ ਦੇ ਦਿਨਾਂ ਵੱਲ ਹੈ, ਜਿਸ ਨੂੰ ਨਰਿੰਦਰ ਮੋਦੀ ਨੇ ਖੂੰਜੇ ਲਾ ਦਿੱਤਾ ਸੀ। ਦੂਸਰੀ ਗੱਲ ਹਾਰਦਿਕ ਨੇ ਇਹ ਆਖੀ ਹੈ ਕਿ ਅੱਗੇ ਅਸੀਂ ਪੰਜਾ ਪੁੱਟ ਦਿੱਤਾ ਸੀ, ਅਗਲੀ ਵਾਰੀ ਕਮਲ ਵੀ ਉੱਗਣ ਨਹੀਂ ਦੇਵਾਂਗੇ। ਹੋਰ ਗੱਲਾਂ ਦੇ ਨਾਲ ਉਸ ਨੇ ਇਹ ਵੀ ਕਹਿ ਦਿੱਤਾ ਕਿ ਸਾਨੂੰ ਅੱਖੋਂ ਪਰੋਖੇ ਕਰਨ ਵਾਲੇ ਦੀ ਅਸੀਂ ਲੰਕਾ ਵੀ ਸਾੜ ਦੇਵਾਂਗੇ। ਏਡੀ ਸਿੱਧੀ ਚੁਣੌਤੀ ਹੁਣ ਤੱਕ ਕਿਸੇ ਹੋਰ ਆਗੂ ਨੇ ਸ਼ਾਇਦ ਨਹੀਂ ਦਿੱਤੀ ਹੋਵੇਗੀ, ਜਿੱਦਾਂ ਦੀ ਗੁਜਰਾਤ ਦੇ ਇਸ ਨੌਜਵਾਨ ਨੇ ਦੇ ਦਿੱਤੀ ਹੈ। ਅਸਮਾਨ ਵਿੱਚ ਭੌਂਦੇ ਫਿਰਦੇ ਮੋਦੀ ਸਾਹਿਬ ਨੂੰ ਹੁਣ ਹੇਠਾਂ ਵੇਖਣ ਦੀ ਲੋੜ ਮਹਿਸੂਸ ਹੋਵੇਗੀ।
ਦਿੱਲੀ ਚੋਣਾਂ ਵਿੱਚ ਮੋਦੀ ਨੇ ਕਿਹਾ ਸੀ ਕਿ ਮੈਂ ਗੁਜਰਾਤ ਦਾ ਰਾਜ ਚਲਾ ਕੇ ਵਿਖਾ ਦਿੱਤਾ ਹੈ। ਬਿਹਾਰ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਮੇਰੇ ਗੁਜਰਾਤ ਵਿੱਚ ਹੋਈ ਤਰੱਕੀ ਤੇ ਖੁਸ਼ਹਾਲੀ ਵੇਖ ਲਵੋ। ਦਿੱਲੀ ਵਾਲੇ ਸਿਆਣੇ ਲੋਕਾਂ ਨੇ ਫੋਕੀਆਂ ਟਾਹਰਾਂ ਨੂੰ ਬਾਕੀ ਰਾਜਾਂ ਵਾਲੇ ਲੋਕਾਂ ਤੋਂ ਪਹਿਲਾਂ ਸੁੰਘ ਲਿਆ ਤੇ ਭਾਜਪਾ ਦੇ ਭਾਂਡੇ ਮੂਧੇ ਮਾਰ ਦਿੱਤੇ ਸਨ। ਬਿਹਾਰ ਦੀ ਚੋਣ ਮੁਹਿੰਮ ਦਾ ਚੱਕਾ ਹੁਣ ਗੁਜਰਾਤ ਦੇ ਤਾਜ਼ਾ ਹਾਲਾਤ ਵਿੰਗਾ ਕਰ ਸਕਦੇ ਹਨ।

1156 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper