ਪਿੰਡ ਸਹੌਰ 'ਚੋਂ ਦੋ ਬੱਚੇ ਭੇਦ-ਭਰੀ ਹਾਲਤ 'ਚ ਲਾਪਤਾ

ਪਿੰਡ ਸਹੌਰ ਦੇ ਇਕ ਕਿਸਾਨ ਪਰਵਾਰ ਨਾਲ ਸੰਬੰਧਤ ਦੋ ਨਬਾਲਿਗ ਬੱਚਿਆਂ ਦੇ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦਾ ਪਤਾ ਲੱਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਵਾਸੀ ਸਹੌਰ ਨੇ ਦੱਸਿਆ ਕਿ ਉਸ ਦੀ ਪੁੱਤਰੀ ਮਨਪ੍ਰੀਤ ਕੌਰ (13), ਪੁੱਤਰ ਹਰਪ੍ਰੀਤ ਸਿੰਘ ਉਰਫ ਕਾਕਾ (8) ਕੱਲ੍ਹ ਸ਼ਾਮ 4 ਵਜੇ ਕਰੀਬ ਘਰ ਦੇ ਨੇੜੇ ਹੀ ਕਿਤੇ ਖੇਡਣ ਗਏ, ਪਰ ਵਾਪਸ ਨਹੀਂ ਆਏ। ਉਨ੍ਹਾਂ ਨੇ ਬੱਚਿਆਂ ਦੀ ਭਾਲ ਲਈ ਪਿੰਡ ਹਮੀਦੀ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ 'ਚ ਅਨਾਊਂਸਮੈਂਟ ਕਰਵਾਈ ਅਤੇ ਆਪਣੀਆਂ ਰਿਸ਼ਤੇਦਾਰੀਆਂ 'ਚੋਂ ਵੀ ਪਤਾ ਕੀਤਾ, ਪਰ ਹਾਲੇ ਤੱਕ ਗੁੰਮ ਹੋਏ ਬੱਚਿਆਂ ਸੰਬੰਧੀ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਇਸ ਸੰਬੰਧੀ ਪੁਲਸ ਥਾਣਾ ਠੁੱਲ੍ਹੀਵਾਲ 'ਚ ਰਿਪੋਰਟ ਦਰਜ ਕਰਵਾ ਦਿੱਤੀ। ਡੀ.ਐਸ.ਪੀ. ਮਹਿਲ ਕਲਾਂ ਸੁਰਿੰਦਰਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਐਸ.ਐਚ.ਓ. ਠੁੱਲੀਵਾਲ ਬਲਜੀਤ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਦੀ ਡਿਉਟੀ ਲਗਾਈ ਗਈ, ਜੋ ਬੜੀ ਮੁਸ਼ਤੈਦੀ ਨਾਲ ਬੱਚਿਆਂ ਦੀ ਭਾਲ਼ ਵਿਚ ਜੁਟੇ ਹੋਏ ਹਨ। ਖ਼ਬਰ ਲਿਖੇ ਜਾਣ ਤੱਕ ਗੁੰਮ ਹੋਏ ਬੱਚਿਆਂ ਸੰਬੰਧੀ ਕੋਈ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਬੱਚਿਆਂ ਦੇ ਭੇਦਭਰੀ ਹਾਲਤ 'ਚ ਅਚਾਨਕ ਗੁੰਮ ਹੋਣ ਕਾਰਨ ਪਿੰਡ 'ਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।