ਜਾਲ੍ਹਸਾਜ਼ਾਂ ਹਥਿਆ ਲਈ ਜ਼ਮੀਨ, ਨਿਰਮਲ ਜੂਝ ਰਿਹੈ ਪਲੀਤ ਸਿਸਟਮ ਨਾਲ

ਮੌਤ ਦੇ ਮੂੰਹ ਪੈਣ ਤੋਂ ਬਚਿਆ ਨਿਰਮਲ ਸਿੰਘ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋਣ ਵਾਲੇ ਉਹਨਾਂ ਕਿਸਾਨਾਂ ਦੇ ਪ੍ਰਤੀਨਿਧ ਵਜੋਂ ਸਿਸਟਮ ਨਾਲ ਜੂਝ ਰਿਹੈ, ਜਾਲ੍ਹਸਾਜ਼ੀ ਦੇ ਮਾਧਿਅਮ ਰਾਹੀਂ ਠੱਗ ਗਰੋਹ, ਜਿਹਨਾਂ ਦੀਆਂ ਜ਼ਮੀਨਾਂ ਹਥਿਆ ਲੈਂਦੇ ਹਨ।
ਇਸ ਜ਼ਿਲ੍ਹੇ ਦੇ ਰਾਮਾ ਥਾਣਾ ਅਧੀਨ ਪੈਂਦੇ ਪਿੰਡ ਭਗਵਾਨਗੜ੍ਹ ਦਾ ਇੱਕ ਨੌਜਵਾਨ ਨਿਰਮਲ ਸਿੰਘ ਆਤਮ-ਹੱਤਿਆ ਕਰਨ ਲਈ ਜਦ ਰੇਲ ਗੱਡੀ ਨੂੰ ਉਡੀਕ ਰਿਹਾ ਸੀ ਤਾਂ ਉਸਦੀ ਪਰੇਸ਼ਾਨੀ ਨੂੰ ਭਾਂਪਦਿਆਂ ਮਾਰਕਿਟ ਕਮੇਟੀ ਭਗਤਾ ਦੇ ਸਾਬਕਾ ਚੇਅਰਮੈਨ ਸ੍ਰੀ ਸੁਖਚੈਨ ਸਿੰਘ ਸ਼ੇਰਗੜ੍ਹ ਨੇ ਸਮਝਾ-ਬੁਝਾ ਕੇ ਉਸਨੂੰ ਅਜਿਹਾ ਖਤਰਨਾਕ ਕਦਮ ਚੁੱਕਣ ਤੋਂ ਰੋਕਦਿਆਂ ਇਨਸਾਫ ਹਾਸਲ ਕਰਨ ਲਈ ਸੰਘਰਸ਼ ਦੇ ਰਾਹ ਤੋਰ ਦਿੱਤਾ।
ਆਪਣੀ ਵਿਥਿਆ ਨੂੰ ਬਿਆਨ ਕਰਦਿਆਂ ਨਿਰਮਲ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਇੱਕ ਕਿਸਾਨ ਆਗੂ, ਯੂਨੀਅਨ ਦਾ ਮੈਂਬਰ ਹੋਣ ਦੇ ਨਾਤੇ ਕਿਉਂਕਿ ਅਕਸਰ ਹੀ ਜੇਲ੍ਹ ਯਾਤਰਾ ਕਰਦਾ ਰਹਿੰਦਾ ਹੈ, ਇਸ ਲਈ ਪਿੰਡ ਬੁਰਜ ਸੇਮਾ ਦੇ ਵਸਨੀਕ ਇਕਬਾਲ ਸਿੰਘ ਉਰਫ ਬਾਬਾ ਨਾਂਅ ਦੇ ਇੱਕ ਸ਼ਖ਼ਸ ਨਾਲ ਉਸਦੀ ਮਿੱਤਰਤਾ ਹੋ ਗਈ, ਜੋ ਉਮਰ ਕੈਦ ਦੀ ਸਜ਼ਾ ਭੁਗਤ ਰਿਹੈ। ਨਿਰਮਲ ਅਨੁਸਾਰ ਜੇਲ੍ਹ ਤੋਂ ਪੈਰੋਲ ਮਿਲਣ 'ਤੇ ਬਾਬਾ ਇਕਬਾਲ ਆਪਣੇ ਮਿੱਤਰ ਕਿਸਾਨ ਆਗੂ ਨੂੰ ਮਿਲਣ ਲਈ ਉਹਨਾਂ ਦੇ ਪਿੰਡ ਆਇਆ ਕਰਦਾ ਹੈ, ਗੁਆਂਢੀ ਹੋਣ ਕਰਕੇ ਉਮਰ ਕੈਦੀ ਨਾਲ ਉਸਦਾ ਵੀ ਸਹਿਚਾਰ ਹੋ ਗਿਆ।
ਪਿਛਲੇ ਵਰ੍ਹੇ ਦੇ ਜੁਲਾਈ ਮਹੀਨੇ ਦੇ ਸ਼ੁਰੂ 'ਚ ਬਾਬਾ ਇਕਬਾਲ ਤੇ ਪੰਜਾਬ ਪੁਲਸ ਦਾ ਕਰਮਚਾਰੀ ਉਸਦਾ ਭਰਾ ਅਜੀਤਪਾਲ ਕਿਸਾਨ ਆਗੂ ਨੂੰ ਮਿਲਣ ਲਈ ਆਏ ਤਾਂ ਗੱਲਬਾਤ ਦੌਰਾਨ ਉਹਨਾਂ ਦੋਵਾਂ ਨੇ ਨਿਰਮਲ ਨੂੰ ਕੋਈ ਬਿਜ਼ਨੈੱਸ ਕਰਨ ਦੀ ਸਲਾਹ ਦਿੱਤੀ। ਨਿਰਮਲ ਨੇ ਦੱਸਿਆ ਕਿ ਗੈਰ-ਤਜਰਬਾਕਾਰੀ ਦਾ ਹਵਾਲਾ ਦੇ ਕੇ ਜਦ ਉਸਨੇ ਵਪਾਰ ਵਿੱਚ ਸਫ਼ਲਤਾ ਮਿਲਣ 'ਤੇ ਸੁਆਲ ਕੀਤਾ ਤਾਂ ਦੋਵਾਂ ਭਰਾਵਾਂ ਨੇ ਕਿਹਾ ਕਿ ਅਫੀਮ ਦਾ ਬਿਜ਼ਨੈੱਸ ਏਨਾ ਮੁਨਾਫ਼ਾਬਖਸ਼ ਹੈ ਕਿ ਰਕਮ ਦੁੱਗਣੀ ਹੋ ਜਾਂਦੀ ਹੈ।
ਨਿਰਮਲ ਅਨੁਸਾਰ ਇਸ ਕੰਮ ਲਈ ਕਿੰਨੇ ਪੈਸੇ ਦੀ ਜ਼ਰੂਰਤ ਪਵੇਗੀ, ਬਾਰੇ ਪੁੱਛਣ 'ਤੇ ਦੋਵਾਂ ਭਰਾਵਾਂ ਨੇ ਦੱਸਿਆ ਕਿ ਰਾਜਸਥਾਨ ਦੇ ਸ਼ਹਿਰ ਕੋਟੇ ਤੋਂ ਉਹਨਾਂ ਦੇ ਸੰਪਰਕ ਵਾਲੇ ਸਮਗਲਰ ਤੋਂ ਇੱਕ ਕਿਲੋਗਰਾਮ ਅਫੀਮ ਇੱਕ ਲੱਖ ਰੁਪਏ ਦੀ ਮਿਲ ਜਾਂਦੀ ਹੈ। ਏਨੇ ਪੈਸੇ ਦੇ ਪ੍ਰਬੰਧ ਤੋਂ ਇਨਕਾਰ ਕਰਨ 'ਤੇ ਦੋਵਾਂ ਭਰਾਵਾਂ ਨੇ ਉਸਨੂੰ ਸਹਿਕਾਰੀ ਬੈਂਕ ਨਥਾਨਾ ਤੋਂ ਲਿਮਟ ਬਣਵਾ ਕੇ ਦੇਣ ਦਾ ਇਕਰਾਰ ਕਰਦਿਆਂ ਮੈਨੇਜਰ ਸੁਖਚੈਨ ਸਿੰਘ ਨੂੰ ਜਾ ਮਿਲਾਇਆ।
ਰਜਿਸਟਰੀ ਲਈ 11 ਜੁਲਾਈ 2014 ਦਾ ਦਿਨ ਤੈਅ ਕਰਦਿਆਂ ਮੈਨੇਜਰ ਸੁਖਚੈਨ ਨੇ ਨਿਰਮਲ ਨੂੰ ਕਿਹਾ ਕਿ ਇੱਕ ਏਕੜ ਜ਼ਮੀਨ ਦੀ ਜਮ੍ਹਾਂਬੰਦੀ ਤੇ ਦੋ ਗਵਾਹਾਂ ਨੂੰ ਨਾਲ ਲੈ ਕੇ ਉਹ ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਵਿਖੇ ਪਹੁੰਚ ਜਾਵੇ, ਬਾਕੀ ਕੰਮ ਉੱਥੇ ਹੋਵੇਗਾ। ਨਿਰਮਲ ਨੇ ਦੱਸਿਆ ਕਿ ਮਿਥੇ ਹੋਏ ਦਿਨ ਇਕਬਾਲ 'ਤੇ ਉਸਦਾ ਪੁਲਸ ਵਾਲਾ ਭਰਾ ਅਜੀਤਪਾਲ ਵੀ ਉੱਥੇ ਪੁੱਜ ਗਏ, ਜਿਹਨਾਂ ਨੇ ਕੁਝ ਕਾਗਜ਼ਾਂ 'ਤੇ ਦਸਤਖਤ ਅੰਗੂਠੇ ਕਰਵਾ ਕੇ ਉਸ ਨੂੰ ਸਬ-ਰਜਿਸਟਰਾਰ ਸਾਹਮਣੇ ਪੇਸ਼ ਕਰ ਦਿੱਤਾ। ਬਗੈਰ ਕੁਝ ਪੁੱਛਿਆਂ ਹੀ ਸਬ-ਰਜਿਸਟਰਾਰ ਨੇ ਰਜਿਸਟਰੀ ਤਸਦੀਕ ਕਰ ਦਿੱਤੀ।
ਤੀਜੇ ਦਿਨ ਮੈਨੇਜਰ ਸੁਖਚੈਨ ਸਿੰਘ ਨੇ ਇਹ ਕਹਿੰਦਿਆਂ ਉਸਨੂੰ 6 ਲੱਖ ਰੁਪਏ ਦੇ ਦਿੱਤੇ ਕਿ ਉਸਦੀ ਕਰਜ਼ਾ ਲਿਮਟ ਬਣ ਚੁੱਕੀ ਹੈ। ਇਸ 6 ਲੱਖ ਰੁਪਏ ਵਿੱਚੋਂ 30 ਹਜ਼ਾਰ ਰੁਪਏ ਇਕਬਾਲ ਅਤੇ 65 ਹਜ਼ਾਰ ਰੁਪਏ ਅਜੀਤਪਾਲ ਨੇ ਉਧਾਰ ਲੈ ਲਏ। ਉਸੇ ਸ਼ਾਮ ਨੂੰ ਹੀ ਇੱਕ ਕਾਰ ਰਾਹੀਂ ਇਕਬਾਲ ਉਸਨੂੰ ਕੋਟੇ ਲਈ ਲੈ ਤੁਰਿਆ, ਜਿੱਥੋਂ ਉਹਨਾਂ ਨੇ ਇੱਕ ਕਿਲੋਗਰਾਮ ਅਫੀਮ ਇੱਕ ਲੱਖ ਤਿੰਨ ਹਜ਼ਾਰ ਰੁਪਏ ਦੀ ਅਦਾਇਗੀ ਨਾਲ ਖਰੀਦ ਲਈ। ਕੁਝ ਦਿਨ ਇਧਰ-ਉਧਰ ਘੁਮਾਉਣ ਉਪਰੰਤ ਅਫੀਮ ਸਮੇਤ ਇਸ ਇਕਰਾਰ ਨਾਲ ਇਕਬਾਲ ਉਸਨੂੰ ਪਿੰਡ ਛੱਡ ਗਿਆ ਕਿ ਗਾਹਕਾਂ ਨਾਲ ਤਾਲਮੇਲ ਬਿਠਾ ਕੇ ਜਲਦੀ ਹੀ ਉਹ ਉਸ ਮਾਲ ਨੂੰ ਵੇਚ ਦੇਵੇਗਾ।
ਅਗਲੀ ਸਵੇਰ ਭਾਵ 23 ਜੁਲਾਈ ਨੂੰ ਸੀ ਆਈ ਏ ਸਟਾਫ ਬਠਿੰਡਾ ਪੁਲਸ ਨਿਰਮਲ ਨੂੰ ਚੁੱਕ ਕੇ ਲੈ ਗਈ, ਜਿੱਥੇ ਉਸ ਤੋਂ ਅਫੀਮ ਬਾਰੇ ਪੁੱਛਗਿੱਛ ਕੀਤੀ, ਪਹਿਲੇ ਪਹਿਲ ਤਾਂ ਉਹ ਸਾਫ ਹੀ ਮੁਕਰ ਗਿਆ, ਲੇਕਿਨ ਜਦ ਇੱਕ ਪੁਲਸ ਵਾਲੇ ਨੇ ਛਿੱਤਰ ਨਾ ਖਾਣ ਦੀ ਨਸੀਹਤ ਦਿੰਦਿਆਂ ਇਹ ਦੱਸਿਆ ਕਿ ਜਿਹਨਾਂ ਨੇ ਉਸਨੂੰ ਉਹ ਨਸ਼ੀਲਾ ਪਦਾਰਥ ਦੁਆਇਆ ਹੈ, ਉਹਨਾਂ ਨੇ ਹੀ ਪੁਲਸ ਨੂੰ ਸੂਚਿਤ ਕੀਤਾ ਹੈ, ਤਾਂ ਉਸਨੇ ਆਪਣੇ ਘਰੋਂ ਅਫੀਮ ਬਰਾਮਦ ਕਰਵਾ ਦਿੱਤੀ।
ਸੀ ਆਈ ਏ ਸਟਾਫ ਵੱਲੋਂ ਥਾਣਾ ਰਾਮਾ ਵਿਖੇ ਐੱਨ ਡੀ ਪੀ ਐੱਸ ਐਕਟ ਅਧੀਨ ਦਰਜ ਕਰਵਾਏ ਮੁਕੱਦਮੇ ਤਹਿਤ ਜਦ ਪੁਲਸ ਨੇ ਨਿਰਮਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਸਨੂੰ ਪਤਾ ਲੱਗਾ ਕਿ ਬਰਾਮਦ ਹੋਈ ਇੱਕ ਕਿਲੋ ਦੀ ਬਜਾਇ ਉਸ ਉਪਰ ਇੱਕ ਕਿਲੋ 490 ਗਰਾਮ ਅਫੀਮ ਫਿੱਟ ਕੀਤੀ ਜਾ ਚੁੱਕੀ ਹੈ। ਸਵਾ ਕੁ ਮਹੀਨਾ ਜੇਲ੍ਹ 'ਚ ਰਹਿਣ 'ਤੇ ਮੁਕੱਦਮਾ ਪੈਣ ਸਦਕਾ ਨਿਰਮਲ ਪੂਰੀ ਤਰ੍ਹਾਂ ਖਾਕੀ ਨੰਗ ਹੋ ਚੁੱਕਾ ਸੀ, ਇਸ ਲਈ ਉਸਨੇ ਇਕਬਾਲ ਤੇ ਅਜੀਤਪਾਲ ਤੋਂ ਹੋਰ ਕਰਜ਼ਾ ਦੁਆਉਣ ਲਈ ਮੱਦਦ ਮੰਗੀ।
ਦੋਵੇਂ ਭਰਾ ਉਸ ਨੂੰ ਮੈਨੇਜਰ ਸੁਖਚੈਨ ਸਿੰਘ ਕੋਲ ਲੈ ਗਏ, ਅੱਧਾ ਏਕੜ ਜ਼ਮੀਨ ਦੇ ਨੰਬਰ ਲਿਆ ਕੇ ਪੁਰਾਣਾ ਅਮਲ ਦੁਹਰਾਉਣ ਲਈ ਉਸਨੂੰ ਫਿਰ ਮਿਥੇ ਹੋਏ ਦਿਨ ਤਲਵੰਡੀ ਸਾਬੋ ਦੇ ਤਹਿਸੀਲਦਾਰ ਸਾਹਮਣੇ ਪੇਸ਼ ਹੋਣ ਦੀ ਤਾਕੀਦ ਕੀਤੀ। ਉਸ ਦਿਨ ਦੋਵਾਂ ਭਰਾਵਾਂ ਨਾਲ ਮੈਨੇਜਰ ਸੁਖਚੈਨ ਦਾ ਲੜਕਾ ਦਵਿੰਦਰ ਵੀ ਸੀ। ਰਜਿਸਟਰੀ ਤਸਦੀਕ ਹੋਣ ਤੋਂ ਅਗਲੇ ਦਿਨ ਮੈਨੇਜਰ ਨੇ 2 ਲੱਖ 60 ਹਜ਼ਾਰ ਰੁਪਏ ਅਦਾ ਕਰਦਿਆਂ ਉਸਨੂੰ ਦੱਸਿਆ ਕਿ ਉਸਦੀ ਕਰਜ਼ਾ ਲਿਮਟ ਵਿੱਚ ਵਾਧਾ ਹੋ ਚੁੱਕਾ ਹੈ।
ਕਿਸੇ ਹੋਰ ਮਕਸਦ ਲਈ ਜਦ ਨਿਰਮਲ ਨੇ ਆਪਣੀ ਜ਼ਮੀਨ ਦੀ ਜਮ੍ਹਾਂਬੰਦੀ ਲਈ ਤਾਂ ਇਹ ਜਾਣ ਕੇ ਉਸਦੇ ਹੋਸ਼ ਉੱਡ ਗਏ ਕਿ ਕਰਜ਼ਾ ਲਿਮਟ ਦੇ ਨਾਂਅ ਹੇਠ ਉਸਦੀ ਕੁੱਲ ਸਾਢੇ 4 ਏਕੜ ਜ਼ਮੀਨ 'ਚੋਂ ਇੱਕ ਏਕੜ ਮੈਨੇਜਰ ਸੁਖਚੈਨ ਸਿੰਘ ਦੀ ਪਤਨੀ ਗਗਨਜੀਤ ਕੌਰ ਅਤੇ ਅੱਧਾ ਏਕੜ ਦੀ ਉਸਦੇ ਪੁੱਤਰ ਦਵਿੰਦਰ ਸਿੰਘ ਦੇ ਨਾਂਅ ਬੈਅ ਰਜਿਸਟਰੀ ਹੋ ਚੁੱਕੀ ਹੈ। ਆਪਣੀ ਪਤਨੀ ਅਤੇ ਬਾਕੀ ਪਰਵਾਰ ਨੂੰ ਕਿਵੇਂ ਮੂੰਹ ਵਿਖਾਵੇਗਾ, ਇਹ ਸੋਚਦਿਆਂ ਆਤਮ-ਹੱਤਿਆ ਲਈ ਉਹ ਰੇਲਵੇ ਲਾਈਨ 'ਤੇ ਪੁੱਜ ਗਿਆ, ਜਿੱਥੋਂ ਸਾਬਕਾ ਚੇਅਰਮੈਨ ਸੁਖਚੈਨ ਸਿੰਘ ਨੇ ਉਸਨੂੰ ਸੰਭਾਲ ਲਿਆ।
ਸਾਬਕਾ ਚੇਅਰਮੈਨ ਦੀ ਸਲਾਹ 'ਤੇ ਨਿਰਮਲ ਨੇ ਜ਼ਿਲ੍ਹਾ ਪੁਲਸ ਮੁਖੀ ਬਠਿੰਡਾ ਨੂੰ ਆਪਣੇ ਨਾਲ ਹੋਈ ਇਸ ਅਜੀਬ ਕਿਸਮ ਦੀ ਠੱਗੀ ਤੋਂ ਜਾਣੂ ਕਰਵਾਉਣ ਲਈ ਇੱਕ ਲਿਖਤੀ ਸ਼ਿਕਾਇਤ ਪੇਸ਼ ਕੀਤੀ, ਕਾਰਵਾਈ ਲਈ ਜਿਹਨਾਂ ਇਹ ਮਾਮਲਾ ਥਾਣਾ ਰਾਮਾ ਦੇ ਐੱਸ ਐੱਚ ਓ ਨੂੰ ਸੌਂਪ ਦਿੱਤਾ। ਠੱਗਾਂ ਦੇ ਝਾਂਸੇ ਵਿੱਚ ਆ ਕੇ ਆਪਣੀਆਂ ਜਾਇਦਾਦਾਂ ਤੋਂ ਬੇਦਖਲ ਹੋ ਚੁੱਕੇ ਕਿਸਾਨਾਂ ਦੇ ਪ੍ਰਤੀਨਿਧ ਵਜੋਂ ਭਾਵੇਂ ਨਿਰਮਲ ਦੇਸ਼ ਦੇ ਸਿਸਟਮ ਨਾਲ ਜੂਝ ਰਿਹੈ, ਕਾਨੂੰਨ ਇਸ ਗਰੀਬ ਦੀ ਬਾਂਹ ਫੜੇਗਾ ਜਾਂ ਨਹੀਂ, ਇਸ ਸੁਆਲ ਦਾ ਜੁਆਬ ਖਾਕੀ ਵਰਦੀ ਦੇ ਨਜ਼ਰੀਏ 'ਤੇ ਨਿਰਭਰ ਹੈ।