ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਦਾ ਪਾਕਿ ਦੌਰਾ ਅੱਜ

ਅਮਰੀਕਾ ਦੀ ਕੌਮੀ ਸੁਰੱਖਿਆ ਸਲਾਹਕਾਰ ਸੁਸਨ ਈ. ਰਾਈਸ ਵੱਲੋਂ ਐਤਵਾਰ ਨੂੰ ਆਪਣੇ ਇੱਕ ਰੋਜ਼ਾ ਪਾਕਿਸਤਾਨ ਦੌਰੇ ਦੌਰਾਨ ਖੇਤਰੀ ਸੁਰੱਖਿਆ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਅਮਰੀਕਾ ਦੀ ਕੌਮੀ ਸੁਰੱਖਿਆ ਸਲਾਹਕਾਰ ਦਾ ਪਾਕਿਸਤਾਨ ਦੌਰਾ ਭਾਰਤ-ਪਾਕਿਸਤਾਨ ਵਿਚਕਾਰ ਗੱਲਬਾਤ ਟੁੱਟ ਜਾਣ ਤੋਂ ਕੁਝ ਦਿਨਾਂ ਮਗਰੋਂ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਮੁੱਦੇ 'ਤੇ ਅਸਹਿਮਤੀ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਰੱਦ ਹੋ ਗਈ ਸੀ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਦੇ ਦੌਰੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵਾਂ ਦੇਸ਼ਾਂ ਵਿਚਕਾਰ ਹੋਈ ਫਾਇਰਿੰਗ 'ਚ 9 ਵਿਅਕਤੀ ਮਾਰੇ ਗਏ ਤੇ 63 ਜ਼ਖ਼ਮੀ ਹੋ ਗਏ। ਆਪਣੇ ਦੌਰੇ ਦੌਰਾਨ ਰਾਈਸ ਵੱਲੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਨਾਲ-ਨਾਲ ਫ਼ੌਜ ਮੁਖੀ ਰਹੀਲ ਸ਼ਰੀਫ਼ ਦੇ ਨਾਲ-ਨਾਲ ਫ਼ੌਜੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਜਾਵੇਗੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਐੱਨ ਐੱਸ ਏ ਪੱਧਰ ਦੀ ਗੱਲਬਾਤ ਰੱਦ ਹੋਣ 'ਤੇ ਨਾਖੁਸ਼ੀ ਪ੍ਰਗਟ ਕਰਦਿਆਂ ਅਮਰੀਕਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਗੱਲਬਾਤ ਛੇਤੀ ਸ਼ੁਰੂ ਕਰਨੀ ਚਾਹੀਦੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਜਾਨ ਕਿਰਬੀ ਨੇ ਕਿਹਾ ਕਿ ਸਾਨੂੰ ਦੋਵਾਂ ਦੇਸ਼ਾਂ ਦੀ ਗੱਲਬਾਤ ਰੱਦ ਹੋ ਜਾਣ 'ਤੇ ਨਿਰਾਸ਼ਾ ਹੋਈ ਅਤੇ ਸਾਡਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।