ਬਾਦਲ ਵੱਲੋਂ ਕਾਂਗਰਸ ਤੇ ਆਮ ਆਦਮੀ ਪਾਰਟੀ 'ਤੇ ਚਾਂਦਮਾਰੀ , 'ਸੂਬੇ ਦੀ ਸੱਤਾ 'ਤੇ ਸਵਾਰ ਹੋਣਾ ਇਨ੍ਹਾਂ ਦਾ ਇੱਕੋ ਇੱਕ ਮਕਸਦ'

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਆਪਣੇ ਸੌੜੇ ਸਿਆਸੀ ਲਈ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਸੱਤਾ 'ਤੇ ਕਾਬਜ਼ ਹੋਣ ਦੇ ਇੱਕੋ-ਇੱਕ ਏਜੰਡੇ ਉਤੇ ਚੱਲਣ ਲਈ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ, ਜਦਕਿ ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਉਦੇਸ਼ ਕੇਵਲ ਸੱਤਾ ਦਾ ਸੁੱਖ ਭੋਗਣਾ ਹੈ।
ਇਥੇ ਰੱਖੜ ਪੁੰਨਿਆ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਸਿਰੇ ਦੀਆਂ ਮੌਕਾਪ੍ਰਸਤ ਹਨ। ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਨਾਲ ਕੋਈ ਸਾਰੋਕਾਰ ਨਹੀਂ ਹੈ ਅਤੇ ਇਹ ਚੋਣਾਂ ਸਮੇਂ ਬਾਹਰ ਨਿਕਲਦੇ ਹਨ ਅਤੇ ਚੋਣਾਂ ਤੋਂ ਬਾਅਦ ਘੁਰਨਿਆਂ ਵਿੱਚ ਚਲੇ ਜਾਂਦੇ ਹਨ। ਅਕਾਲੀ ਦਲ ਦੀ ਸਮਾਜ ਨੂੰ ਦੇਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਮੀਰ ਵਿਰਾਸਤ ਹੈ ਅਤੇ ਸਮਾਜ ਦੇ ਇਨ੍ਹਾਂ ਦੋਵੇਂ ਵੱਡੇ ਤਬਕਿਆਂ ਨੂੰ ਹਮੇਸ਼ਾ ਹੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਅਣਗੌਲਿਆ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਪੰਜਾਬ ਦੀ ਦੋਖੀ ਰਹੀ ਹੈ ਅਤੇ ਇਸ ਨੇ 1984 ਵਿੱਚ ਸਿੱਖਾਂ ਦੇ ਉਚ ਧਾਰਮਿਕ ਸਥਾਨ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕਰਵਾਇਆ ਅਤੇ ਉਸ ਤੋਂ ਬਾਅਦ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਦਿੰਦੀ ਰਹੀ ਹੈ ਅਤੇ ਇਸ ਵੱਲੋਂ ਪੰਜਾਬ ਨਾਲ ਕੀਤੇ ਅਨਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਨੇ ਕਿਸ ਤਰ੍ਹਾਂ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕਿਆਂ, ਦਰਿਆਈ ਪਾਣੀਆਂ ਅਤੇ ਇਸ ਦੀ ਰਾਜਧਾਨੀ ਚੰਡੀਗੜ੍ਹ ਤੋਂ ਵਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਾ ਹੈ ਕਿ ਕਾਂਗਰਸ ਨਾ ਤਾਂ ਪੰਜਾਬ ਅਤੇ ਨਾ ਹੀ ਪੰਜਾਬੀ ਹਿੱਤਾਂ ਵਾਸਤੇ ਕੋਈ ਕੰਮ ਕਰ ਸਕਦੀ ਹੈ ਅਤੇ ਇਸ ਦਾ ਇੱਕੋ-ਇੱਕ ਉਦੇਸ਼ ਲੋਕਾਂ ਨੂੰ ਵੰਡਣਾ ਅਤੇ ਰਾਜ ਕਰਨਾ ਹੈ। ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦੇ ਹੋਏ ਬਾਦਲ ਨੇ ਕਿਹਾ ਕਿ ਇਨ੍ਹਾਂ ਨੇ ਚਿੱਟੇ ਦਿਨ ਲੋਕਾਂ ਨੂੰ ਸੁਪਨੇ ਦਿਖਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਆਗੂਆਂ ਦੇ ਵਿਹਾਰ ਤੋਂ ਸਪੱਸ਼ਟ ਹੋ ਗਿਆ ਹੈ ਕਿ ਹੁਣ ਇਹ ਲੋਕਾਂ ਨੂੰ ਲੰਮਾ ਸਮਾਂ ਗੁੰਮਰਾਹ ਨਹੀਂ ਕਰ ਸਕਦੇ। ਬਾਦਲ ਨੇ ਸੂਬੇ ਵਿੱਚ ਕਾਂਗਰਸ ਦੇ ਡੁੱਬ ਰਹੇ ਜਹਾਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਦੇ ਵਾਂਗ ਹੀ ਕਾਂਗਰਸ ਦੇ ਆਗੂ ਆਪਸ ਵਿੱਚ ਲੜ ਰਹੇ ਹਨ। ਕਾਂਗਰਸ ਦੀ ਸੂਬਾ ਲੀਡਰਸ਼ਿਪ ਵੀ ਆਪ ਵਾਂਗ ਹੀ ਇੱਕ ਕਿਸ਼ਤੀ 'ਤੇ ਹੀ ਸਵਾਰ ਹੈ ਅਤੇ ਕੈਪਟਨ, ਬਾਜਵਾ ਅਤੇ ਭੱਠਲ ਇੱਕ-ਦੂਜੇ ਨੂੰ ਡਬੋਣ ਵਿੱਚ ਲੱਗੇ ਹੋਏ ਹਨ।
ਕਾਂਗਰਸ ਦੀ ਸੂਬਾਈ ਲੀਡਰਸ਼ਿਪ ਖਾਸ ਕਰਕੇ ਸ੍ਰੀ ਬਾਜਵਾ ਵੱਲੋਂ ਗੰਨੇ ਦੀ ਕੀਮਤ ਦੇ ਮਾਮਲੇ 'ਤੇ ਖੇਡੀ ਜਾ ਰਹੀ ਰਾਜਨੀਤੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਬਾਦਲ ਨੇ ਕਿਹਾ ਕਿ ਗੰਨੇ ਦੇ ਬਕਾਏ ਦੇ ਭੁਗਤਾਨ ਸੰਬੰਧੀ ਸਾਰਾ ਮਾਮਲਾ ਅਤੇ ਆਉਂਦੇ ਸੀਜ਼ਨ ਦੌਰਾਨ ਗੰਨੇ ਦੀ ਨਿਰਵਿਘਨ ਪਿੜਾਈ ਦਾ ਮਾਮਲਾ ਇੱਕ ਹਫਤੇ ਵਿੱਚ ਹੱਲ ਕਰ ਲਿਆ ਜਾਵੇਗਾ ਅਤੇ ਅਜਿਹਾ ਕਰਦੇ ਹੋਏ ਕਿਸਾਨਾਂ ਅਤੇ ਮਿੱਲ ਮਾਲਕਾਂ ਦੀ ਪੂਰੀ ਤਸੱਲੀ ਕਰਵਾਈ ਜਾਵੇਗੀ। ਉਨ੍ਹਾਂ ਨੇ ਕਾਂਗਰਸ ਦੇ ਆਗੂਆਂ ਨੂੰ ਇਸ ਮੁੱਦੇ 'ਤੇ ਬਦਲੀ 'ਤੇ ਤੇਲ ਨਾ ਪਾਉਣ ਦੀ ਸਲਾਹ ਦਿੱਤੀ।
ਇਸ ਮੌਕੇ ਬੋਲਦੇ ਹੋਏ ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਜਾ ਰਹੇ ਧਰਨੇ ਲੋਕਾਂ ਨਾਲ ਧੋਖਾ ਹਨ ਅਤੇ ਉਹ ਅਜਿਹਾ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਦੇ ਧਰਨਿਆਂ ਦਾ ਇੱਕੋ-ਇੱਕ ਮਕਸਦ ਆਪਣੀ ਕੁਰਸੀ ਨੂੰ ਬਚਾਉਣਾ ਹੈ।
ਉਨ੍ਹਾਂ ਕਿਹਾ ਕਿ ਜੇ ਉਹ ਇਸ ਪ੍ਰਤੀ ਰਤੀ ਭਰ ਵੀ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਇਹ ਧਰਨੇ ਨਵਾਂਸ਼ਹਿਰ ਦੀ ਥਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦੀਆਂ ਖੰਡ ਮਿੱਲਾਂ ਦੇ ਬਾਹਰ ਧਰਨੇ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਬਾਜਵਾ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਗੁਰਦਾਸਪੁਰ ਵਿੱਚ ਉਨ੍ਹਾਂ ਦੇ ਮਗਰ ਕੋਈ ਵੀ ਨਹੀਂ ਹੈ ਅਤੇ ਉਹ ਇਨ੍ਹਾਂ ਇਲਾਕਿਆਂ ਵਿਚੋਂ ਕੋਈ ਵੀ ਸਮੱਰਥਨ ਹਾਸਲ ਨਹੀਂ ਕਰ ਸਕਦੇ।
ਕਾਂਗਰਸ ਦੇ ਇਸ ਅਖੌਤੀ ਸਭ ਤੋਂ ਵੱਡੇ ਆਗੂ ਦਾ ਗ੍ਰਾਫ ਤੇਜ਼ੀ ਨਾਲ ਡਿੱਗ ਰਿਹਾ ਹੈ। ਸ੍ਰੀ ਬਾਜਵਾ ਗੁਰਦਾਸਪੁਰ ਦੇ ਲੋਕ ਸਭਾ ਹਲਕੇ ਤੋਂ ਸਭ ਤੋਂ ਵੱਧ ਵੋਟਾਂ ਨਾਲ ਹਾਰੇ। ਇਥੋਂ ਤੱਕ ਕਿ ਉਹ ਆਪਣੀ ਪਤਨੀ ਦੇ ਵਿਧਾਨ ਸਭਾ ਹਲਕੇ ਵਿੱਚੋਂ ਆਪਣੇ ਲਈ ਸਮਰਥਨ ਨਹੀਂ ਜੁਟਾ ਸਕੇ।
ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕਰਨ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕਰਨ ਦੀ ਲਈ ਕਾਂਗਰਸ 'ਤੇ ਵਰ੍ਹਦੇ ਹੋਏ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ 2017 ਵਿੱਚ ਸੂਬੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਲੈਣੇ ਛੱਡ ਦੇਣੇ ਚਾਹੀਦੇ ਹਨ।
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮਾਜ ਦੇ ਸਾਰੇ ਵਰਗਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਸੁਰੱਖਿਆ ਵਾਸਤੇ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਇਸ ਨੇ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਹੈ। ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਵਿਧਾਇਕ ਸ੍ਰੀ ਮਨਜੀਤ ਸਿੰਘ ਮੰਨਾ ਨੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਪੇਸ਼ ਕੀਤੀਆਂ ਅਤੇ ਸ਼ਹਿਰ ਵਿੱਚ ਨੁਕਸਦਾਰ ਸੀਵੇਰਜ ਪ੍ਰਣਾਲੀ ਤਰੁੰਤ ਠੀਕ ਕਰਵਾਉਣ ਦੀ ਮੰਗ ਕੀਤੀ।