ਮਜ਼ਦੂਰ ਜਮਾਤ ਫਿਰ ਸੰਘਰਸ਼ ਲਈ ਤਿਆਰ

ਸੰਸਾਰ ਭਰ ਦੀ ਸਰਮਾਏਦਾਰੀ ਵਾਂਗ ਭਾਰਤ ਦੀ ਸਰਮਾਏਦਾਰੀ ਵੀ ਇਹ ਪ੍ਰਚਾਰ ਕਰਨ ਤੋਂ ਹਟਦੀ ਨਹੀਂ ਕਿ ਮਜ਼ਦੂਰ ਜਮਾਤ ਕੰਮ ਨਹੀਂ ਕਰਨਾ ਚਾਹੁੰਦੀ। ਜਦੋਂ ਕਦੇ ਮਜ਼ਦੂਰ ਜਮਾਤ ਹੜਤਾਲ ਦੇ ਰਾਹ ਪੈਂਦੀ ਹੈ, ਸਾਰੀ ਸਰਮਾਏਦਾਰੀ ਆਪਣੇ ਮੱਤਭੇਦ ਛੱਡ ਕੇ ਇਸ ਦੇ ਖ਼ਿਲਾਫ਼ ਉਹੋ ਪ੍ਰਚਾਰ ਆਰੰਭ ਦੇਂਦੀ ਹੈ, ਜਿਹੜਾ ਕਈ ਸਦੀਆਂ ਤੋਂ ਸੰਸਾਰ ਭਰ ਵਿੱਚ ਹੁੰਦਾ ਰਿਹਾ ਹੈ। ਹੜਤਾਲ ਕਰਨਾ ਮਜ਼ਦੂਰ ਦਾ ਸ਼ੌਕ ਨਹੀਂ, ਮਜਬੂਰੀ ਹੈ। ਇਸ ਸੱਚਾਈ ਤੋਂ ਮਜ਼ਦੂਰ ਜਮਾਤ ਅਣਜਾਣ ਨਹੀਂ ਕਿ ਕਾਰੋਬਾਰ ਚੱਲਣਗੇ ਤਾਂ ਉਨ੍ਹਾਂ ਦਾ ਚੁੱਲ੍ਹਾ ਗਰਮ ਹੋਣਾ ਹੈ, ਇਸ ਲਈ ਜਿਹੜੇ ਅਦਾਰੇ ਤੋਂ ਉਨ੍ਹਾਂ ਦੀ ਰੋਟੀ ਦਾ ਜੁਗਾੜ ਹੁੰਦਾ ਹੈ, ਉਸ ਦਾ ਬੁਰਾ ਮਜ਼ਦੂਰ ਜਮਾਤ ਨਹੀਂ ਸੋਚ ਸਕਦੀ। ਕੂੜ ਪ੍ਰਚਾਰ ਦੀ ਮਸ਼ੀਨ ਅਤੇ ਉਸ ਦੇ ਹੱਥੀਂ ਚੜ੍ਹਿਆ ਮੀਡੀਏ ਦਾ ਇੱਕ ਹਿੱਸਾ ਇਸ ਦੇਸ਼ ਦੀ ਜਨਤਾ ਨੂੰ ਭੜਕਾਉਣ ਦੇ ਲਈ ਵਾਹ ਲਾਉਂਦਾ ਹੈ ਕਿ ਮਜ਼ਦੂਰ ਜਮਾਤ ਤਾਂ ਕੋਈ ਕੰਮ ਹੀ ਨਹੀਂ ਕਰਨਾ ਚਾਹੁੰਦੀ।
ਪਿਛਲੇ ਕਈ ਸਾਲਾਂ ਤੋਂ ਸੰਸਾਰ ਇੱਕ ਵੱਡੀ ਆਰਥਿਕ ਮੰਦੀ ਦੀ ਲਪੇਟ ਵਿੱਚ ਆਇਆ ਪਿਆ ਹੈ। ਭਾਰਤ ਉੱਤੇ ਵੀ ਇਸ ਦਾ ਇਹੋ ਜਿਹਾ ਅਸਰ ਪਿਆ ਕਿ ਅਜੇ ਤੱਕ ਇਹ ਦੇਸ਼ ਇਸ ਦੀ ਲਪੇਟ ਵਿੱਚੋਂ ਨਿਕਲ ਸਕਣ ਦਾ ਦਾਅਵਾ ਕਰਨ ਜੋਗਾ ਨਹੀਂ। ਸੰਸਾਰ ਭਰ ਵਿੱਚ ਬੈਂਕ ਅਤੇ ਕਾਰਖਾਨੇ ਬੰਦ ਹੋਏ, ਪਰ ਇਸ ਦੇਸ਼ ਵਿੱਚ ਇਸ ਤਰ੍ਹਾਂ ਦਾ ਬਹੁਤਾ ਕੁਝ ਨਹੀਂ ਵਾਪਰ ਸਕਿਆ। ਜਿਹੜੇ ਅਦਾਰੇ ਬੰਦ ਹੋਏ, ਉਹ ਮੰਦਵਾੜੇ ਕਾਰਨ ਨਹੀਂ, ਇਸ ਬਹਾਨੇ ਹੇਠ ਇੱਕ ਥਾਂ ਤੋਂ ਦੂਸਰੀ ਥਾਂ ਖਿਸਕਣ ਅਤੇ ਕੇਂਦਰ ਤੇ ਰਾਜ ਸਰਕਾਰਾਂ ਤੋਂ ਗਰਾਂਟਾਂ ਲੈਣ ਲਈ ਬੰਦ ਕੀਤੇ ਜਾਂਦੇ ਰਹੇ ਹਨ। ਜਿੱਥੇ ਕਿਤੇ ਹਕੀਕੀ ਆਰਥਿਕ ਮੁਸ਼ਕਲ ਸੀ, ਓਥੇ ਇਨ੍ਹਾਂ ਦੇ ਬਚਾਅ ਲਈ ਕਿਰਤੀਆਂ ਦਾ ਸਾਥ ਇਹ ਅਦਾਰੇ ਚੱਲਦੇ ਰੱਖਣ ਵਾਸਤੇ ਮਿਲਦਾ ਰਿਹਾ ਸੀ। ਹਮੇਸ਼ਾ ਤੋਂ ਉਜਰਤ ਦੇ ਵਾਧੇ ਦੀ ਮੰਗ ਕਰਨ ਵਾਲੇ ਕਿਰਤੀਆਂ ਦੀਆਂ ਯੂਨੀਅਨਾਂ ਨੇ ਕਈ ਥਾਂਈਂ ਅਦਾਰਾ ਬੰਦ ਹੁੰਦਾ ਵੇਖਿਆ ਤਾਂ ਆਪ ਜਾ ਕੇ ਮਾਲਕਾਂ ਨਾਲ ਗੱਲ ਕਰ ਲਈ ਕਿ ਅਸੀਂ ਉਜਰਤਾਂ ਵਿੱਚ ਕੱਟ ਲਾ ਕੇ ਵੀ ਅਦਾਰਾ ਚੱਲਦਾ ਰੱਖਣ ਵਾਸਤੇ ਤਿਆਰ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਮਜ਼ਦੂਰ ਜਮਾਤ ਨੇ ਆਪਣੀਆਂ ਤਨਖ਼ਾਹਾਂ ਵਿੱਚ ਕੱਟ ਲਾ ਕੇ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਨੂੰ ਬੰਦ ਹੋਣ ਤੋਂ ਬਚਾਉਣ ਲਈ ਔਖੇ ਦਿਨ ਝੱਲ ਲਏ, ਉਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਮੁਖੀਆਂ ਤੇ ਅਧਿਕਾਰੀਆਂ ਨੇ ਆਪਣੇ ਭੱਤੇ ਤੇ ਹੋਰ ਸਹੂਲਤਾਂ ਵਿੱਚ ਕੱਟ ਲਾਉਣ ਦੀ ਥਾਂ ਵਧਾਉਣੀਆਂ ਜਾਰੀ ਰੱਖੀਆਂ ਸਨ।
ਹੁਣ ਜਦੋਂ ਭਾਜਪਾ ਦੀ ਸਹਿਯੋਗੀ ਜਥੇਬੰਦੀ ਤੋਂ ਬਿਨਾਂ ਇਸ ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਇੱਕ ਵਾਰ ਫਿਰ ਉਨ੍ਹਾਂ ਹੱਕਾਂ ਲਈ ਮੈਦਾਨ ਵਿੱਚ ਆਉਣ ਲੱਗੀਆਂ ਹਨ, ਜਿਹੜੇ ਕਿਵੇਂ ਵੀ ਨਾਜਾਇਜ਼ ਨਹੀਂ ਤਾਂ ਕੇਂਦਰ ਦੀ ਸਰਕਾਰ ਇਨ੍ਹਾਂ ਵੱਲ ਵੈਰ-ਭਾਵੀ ਰੁਖ਼ ਅਖਤਿਆਰ ਕਰਦੀ ਦਿਖਾਈ ਦੇ ਰਹੀ ਹੈ। ਉਸ ਦੇ ਨਾਲ ਰਾਜਸੀ ਨੇੜ ਵਾਲੀਆਂ ਰਾਜਾਂ ਦੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਕਰਨ ਲੱਗ ਪਈਆਂ ਹਨ।
ਮਜ਼ਦੂਰ ਜਮਾਤ ਕਦੀ ਵੀ ਅੜੀਅਲ ਵਿਹਾਰ ਨਹੀਂ ਕਰਦੀ। ਇਹ ਹਰ ਵੇਲੇ ਹਰ ਮੁੱਦੇ ਉੱਤੇ ਗੱਲਬਾਤ ਦੇ ਲਈ ਤਿਆਰ ਹੈ ਅਤੇ ਏਸੇ ਲਈ ਜਦੋਂ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਸਮੇਤ ਕਈ ਮੰਤਰੀਆਂ ਦੇ ਨਾਲ ਗੱਲਬਾਤ ਦਾ ਸੱਦਾ ਮਿਲਿਆ ਤਾਂ ਮਜ਼ਦੂਰ ਜਮਾਤ ਦੇ ਪ੍ਰਤੀਨਿਧ ਗਏ ਸਨ। ਕੇਂਦਰ ਦੀ ਮੌਜੂਦਾ ਸਰਕਾਰ ਦੇ ਰੁਖ਼ ਵਿੱਚ ਹਰ ਗੱਲ ਵਿੱਚ ਪਲਟੀ ਵੱਜ ਚੁੱਕੀ ਹੈ। ਓਥੇ ਪਿਛਲੇ ਸਾਲ ਵਾਲੀ ਭਾਜਪਾ ਨਹੀਂ ਹੈ। ਓਦੋਂ ਭਾਜਪਾ ਲੀਡਰ ਵੀ ਸਰਕਾਰ ਦੇ ਖ਼ਿਲਾਫ਼ ਦੁਹਾਈ ਪਾਉਂਦੇ ਸਨ ਕਿ ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਪੂੰਜੀਪਤੀਆਂ ਨੂੰ ਦੇਣਾ ਚਾਹੁੰਦੀ ਹੈ, ਪਰ ਹੁਣ ਆਪ ਉਹੋ ਕੁਝ ਪਿਛਲੀ ਸਰਕਾਰ ਤੋਂ ਵੱਧ ਭੱਦੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਖਰ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਪਿੱਛੋਂ ਮੋਦੀ ਸਰਕਾਰ ਝੁਕੀ ਹੈ। ਕਿਰਤੀਆਂ ਨੇ ਵੀ ਆਜ਼ਾਦੀ ਦੇ ਦਿਨ ਤੋਂ ਲੈ ਕੇ ਲਗਾਤਾਰ ਸੰਘਰਸ਼ਾਂ ਵਿੱਚੋਂ ਲੰਘਦੇ ਹੋਏ ਤੇ ਕੁਰਬਾਨੀਆਂ ਕਰਦੇ ਹੋਏ ਜਿਹੜੇ ਹੱਕ ਪ੍ਰਾਪਤ ਕੀਤੇ ਸਨ, ਕਿਰਤ ਕਾਨੂੰਨਾਂ ਦੇ ਸੁਧਾਰ ਦੇ ਨਾਂਅ ਉੱਤੇ ਮੋਦੀ ਸਰਕਾਰ ਉਹ ਖੋਹਣ ਲੱਗੀ ਹੈ। ਵਾਜਪਾਈ ਸਰਕਾਰ ਆਈ ਤੋਂ ਵੀ ਕਿਰਤੀਆਂ ਨਾਲ ਜ਼ਿਆਦਤੀ ਕੀਤੀ ਗਈ ਸੀ, ਹੁਣ ਭਾਜਪਾ ਨੇ ਫਿਰ ਉਹੋ ਰਾਹ ਫੜ ਲਿਆ ਹੈ।
ਆਉਂਦੀ ਦੋ ਸਤੰਬਰ ਦੇ ਦਿਨ ਭਾਰਤ ਦੀ ਮਜ਼ਦੂਰ ਜਮਾਤ ਇੱਕ ਵਾਰ ਫਿਰ ਜਦੋਂ ਮੈਦਾਨ ਵਿੱਚ ਆ ਰਹੀ ਹੈ ਤਾਂ ਉਸ ਦੇ ਸਾਹਮਣੇ ਸਿਰਫ਼ ਆਪਣੀ ਮਿਹਨਤ ਦੀ ਰਾਖੀ ਦਾ ਸਵਾਲ ਨਹੀਂ, ਸਗੋਂ ਇਸ ਦੇਸ਼ ਵਿੱਚ ਵਾਪਰਨ ਵਾਲੇ ਕਈ ਹੋਰ ਮਾੜੇ ਵਰਤਾਰਿਆਂ ਦਾ ਵਿਰੋਧ ਕਰਨਾ ਵੀ ਸ਼ਾਮਲ ਹੈ। ਸੰਸਾਰ ਭਰ ਦੇ ਪੂੰਜੀਪਤੀਆਂ ਨੂੰ ਬਿਨਾਂ ਕਿਸੇ ਵਿਚਾਰ ਤੋਂ ਅੰਨ੍ਹੇ-ਵਾਹ ਹਰ ਗੱਲ ਲਈ ਸੱਦੇ ਦੇਈ ਜਾਣਾ ਵੀ ਮਜ਼ਦੂਰ ਜਮਾਤ ਦੀ ਨਜ਼ਰ ਵਿੱਚ ਗ਼ਲਤ ਹੈ। ਭ੍ਰਿਸ਼ਟਾਚਾਰ ਦੀ ਹਰ ਪਾਸੇ ਹਨੇਰੀ ਤੇ ਇਸ ਦੇ ਵਿਰੋਧ ਵਿੱਚ ਰੌਲਾ ਪਾ ਕੇ ਸੱਤਾ ਵਿੱਚ ਆਈ ਮੋਦੀ ਸਰਕਾਰ ਹੇਠ ਪਹਿਲਾਂ ਤੋਂ ਵੀ ਭ੍ਰਿਸ਼ਟਾਚਾਰ ਦਾ ਵਧ ਜਾਣਾ ਮਜ਼ਦੂਰ ਜਮਾਤ ਨੂੰ ਦੇਸ਼ ਲਈ ਘਾਤਕ ਜਾਪਦਾ ਹੈ। ਬੇਰੁਜ਼ਗਾਰੀ ਦੇ ਕਾਰਨ ਦੇਸ਼ ਦੀ ਜਵਾਨੀ ਦਾ ਖ਼ੁਦਕੁਸ਼ੀਆਂ ਦੇ ਰਾਹ ਪੈਣਾ ਅਤੇ ਪੱਕੀ ਤਨਖ਼ਾਹ ਦੀ ਥਾਂ ਹਰ ਸਰਕਾਰੀ ਮਹਿਕਮੇ ਤੇ ਹਰ ਨਿੱਜੀ ਅਦਾਰੇ ਵਿੱਚ ਠੇਕਾ ਆਧਾਰਤ ਰੁਜ਼ਗਾਰ ਦਾ ਸਿਸਟਮ ਵੀ ਉਸ ਨੂੰ ਠੀਕ ਨਹੀਂ ਲੱਗਦਾ। ਸੰਘਰਸ਼ਾਂ ਦੇ ਬਾਅਦ ਪ੍ਰਾਪਤ ਕੀਤੀ ਗਈ ਹਰ ਕੋਈ ਸਹੂਲਤ ਹੁਣ ਕਿਰਤੀਆਂ ਤੋਂ ਖੋਹੀ ਜਾ ਰਹੀ ਹੈ ਤੇ ਇਹ ਕੰਮ ਉਹ ਲੋਕ ਕਰੀ ਜਾਂਦੇ ਹਨ, ਜਿਹੜੇ ਦੇਸ਼ ਦੀ ਆਮ ਜਨਤਾ ਦੇ ਬੜੇ ਦਰਦੀ ਬਣਨ ਦਾ ਵਿਖਾਵਾ ਕਰਦੇ ਹਨ।
ਹੁਣ ਤੱਕ ਦੀਆਂ ਹਰ ਥਾਂ ਤੋਂ ਤਿਆਰੀ ਦੀਆਂ ਰਿਪੋਰਟਾਂ ਵੇਖ ਕੇ ਜਾਪਦਾ ਹੈ ਕਿ ਮਜ਼ਦੂਰ ਜਮਾਤ ਆਪਣੀ ਆਵਾਜ਼ ਬੁਲੰਦ ਕਰਨ ਲਈ ਪੂਰੇ ਜੋਸ਼ ਵਿੱਚ ਹੈ। ਇਹ ਹੁਲਾਰਾ ਹੁਣ ਵਕਤ ਦੀ ਪੁਕਾਰ ਜਾਪਦਾ ਹੈ।