ਦੇਸ਼ ਵਿਆਪੀ ਹੜਤਾਲ ਨਾਲ 25000 ਕਰੋੜ ਦਾ ਨੁਕਸਾਨ : ਐਸੋਚੈਮ

ਕੇਂਦਰੀ ਮਜ਼ਦੂਰ ਜਥੇਬੰਦੀਆਂ ਦੀ ਦੇਸ਼ ਵਿਆਪੀ ਹੜਤਾਲ ਦਾ ਵਿਆਪਕ ਅਸਰ ਹੋਇਆ ਹੈ। ਅਸੋਸੀਏਟਿਡ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ ਅਨੁਸਾਰ ਹੜਤਾਲ ਨਾਲ ਅਰਥ ਵਿਵਸਥਾ ਨੂੰ ਲਗੱਭਗ 25 ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਐਸੋਚੈਮ ਦੇ ਜਨਰਲ ਸਕੱਤਰ ਡੀ ਐੱਸ ਰਾਵਤ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਅਰਥ ਵਿਵਸਥਾ ਨੂੰ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾ ਦੱਸਿਆ ਕਿ ਮਜ਼ਦੂਰਾਂ ਦੀ ਗੈਰ ਹਾਜ਼ਰੀ ਨਾਲ ਸਨਅਤ ਗਤੀਵਿਧੀਆਂ ਵਿੱਚ ਰੁਕਾਵਟ ਆਈ। ਇਸ ਤੋਂ ਇਲਾਵਾ ਜਨਤਕ ਟਰਾਂਸਪੋਰਟ ਸੇਵਾ ਪ੍ਰਭਾਵਤ ਹੋਈ। ਇਸ ਤੋਂ ਇਲਾਵਾ ਜਨਤਕ ਟਰਾਂਸਪੋਰਟ ਸੇਵਾ ਪ੍ਰਭਾਵਤ ਹੋਣ ਨਾਲ ਖੁਦਰਾ ਬਾਜ਼ਾਰ ਵਿੱਚ ਵੀ ਕਾਫੀ ਮੁਸ਼ਕਿਲਾਂ ਪੈਦਾ ਹੋਣਗੀਆਂ। ਬੈਂਕ ਕਰਮਚਾਰੀਆਂ ਦੇ ਹੜਤਾਲ 'ਤੇ ਰਹਿਣ ਕਾਰਨ ਬੈਂਕਿੰਗ ਖੇਤਰ ਦੀਆਂ ਸਵੇਵਾਂ ਵੀ ਪ੍ਰਭਾਵਿਤ ਹੋਈਆਂ।
ਇਹ ਹੜਤਾਲ 12 ਸੂਤਰੀ ਮੰਗਾਂ ਦੇ ਹੱਕ ਵਿੱਚ ਸੀ, ਜਿਸ ਵਿੱਚ ਕਿਰਤ ਸੁਧਾਰ ਵਾਪਸ ਲਿਆ ਜਾਣਾ, 15 ਹਜ਼ਾਰ ਰੁਪਏ ਦੀ ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਵਰਗੀਆਂ ਮੰਗਾਂ ਸ਼ਾਮਲ ਹਨ।