ਕਰਾਊਨ ਦੇ ਤੰਦੂਆ ਜਾਲ ਨੇ 'ਚੌਥੇ ਥੰਮ੍ਹ' ਨੂੰ ਬੁਰੀ ਤਰ੍ਹਾਂ ਵਲਿਆ

ਕਰਾਊਨ ਗਰੁੱਪ ਦੀ ਜਿਸ ਚਿੱਟਫੰਡ ਕੰਪਨੀ ਵਿਰੁੱਧ ਬਰਨਾਲਾ ਪੁਲਸ ਨੇ ਕੱਲ੍ਹ ਮੁਕੱਦਮਾ ਦਰਜ ਕਰਕੇ ਉਸ ਦੇ ਐਮ ਡੀ ਸਮੇਤ ਅੱਠ ਜਣਿਆਂ ਨੂੰ ਗਿਰਫਤਾਰ ਕੀਤਾ ਹੈ, ਹਜ਼ਾਰਾਂ ਕਰੋੜ ਰੁਪਏ ਲੁੱਟਣ ਲਈ ਆਮ ਲੋਕਾਂ ਨੂੰ ਆਪਣੇ ਤੰਦੂਏ ਜਾਲ 'ਚ ਫਸਾਉਣ ਲਈ ਉਸ ਨੇ ਸਿਵਲ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਨਾਮਵਰ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਦੇ ਉਹਨਾਂ ਪੱਤਰਕਾਰਾਂ ਤੋਂ ਵੀ ਸੇਵਾਵਾਂ ਹਾਸਲ ਕੀਤੀਆਂ ਹੋਈਆਂ ਹਨ, ਜੋ ਆਪਣੇ ਆਪ ਨੂੰ ਨੈਤਿਕਤਾ ਅਤੇ ਲੋਕ ਹਿੱਤਾਂ ਦੇ ਝੰਡਾ ਬਰਦਾਰ ਅਖ਼ਵਾਉਂਦੇ ਹਨ।
ਕਾਗਜੀ ਪੱਤਰੀਂ ਤਾਂ ਭਾਵੇਂ ਇਸ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਅਮ੍ਰਿਤਸਰ ਦਾ ਕੋਈ ਜਗਜੀਤ ਸਿੰਘ ਹੈ, ਪਰ ਅਮਲੀ ਤੌਰ 'ਤੇ ਉਸ ਦਾ ਸੰਚਾਲਕ ਬੀਮਾ ਕੰਪਨੀ ਦਾ ਇੱਕ ਅਜਿਹਾ ਸਧਾਰਨ ਜਿਹਾ ਮੁਲਾਜ਼ਮ ਹੈ, ਹੁਸ਼ਿਆਰਪੁਰ ਜ਼ਿਲ੍ਹੇ ਤੋਂ ਜਿਸ ਦਾ ਬਾਪ ਨੌਕਰੀ ਲਈ ਇਸ ਜ਼ਿਲ੍ਹੇ ਦੀ ਭੁੱਚੋ ਮੰਡੀ ਦਾ ਵਸਨੀਕ ਬਣਿਆ ਸੀ। ਬੀਮਾ ਕੰਪਨੀ ਦੀ ਨੌਕਰੀ ਦੇ ਨਾਲ-ਨਾਲ ਇਹ ਸ਼ਖ਼ਸ ਅਖ਼ਬਾਰੀ ਦੁਨੀਆ ਨਾਲ ਜੁੜ ਗਿਆ, ਤਾਂ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਦੀ ਅਫ਼ਸਰੀ ਤਾਬ ਤੋਂ ਬਚਿਆ ਰਹਿ ਸਕੇ।
ਚੰਡੀਗੜ੍ਹ ਤੋਂ ਪ੍ਰਕਾਸ਼ਤ ਹੁੰਦੇ ਇੱਕ ਟਰੱਸਟੀ ਅਖ਼ਬਾਰ ਦੇ ਪੱਤਰਕਾਰ ਨਾਲ ਦੋਸਤੀ ਪੈਣ ਸਦਕਾ ਉਸ ਦਾ ਸੰਬੰਧ ਕੌਮੀ ਪੱਧਰ ਦੇ ਹਿੰਦੀ ਅਖ਼ਬਾਰ ਦੇ ਇੱਕ ਸੀਨੀਅਰ ਪੱਤਰਕਾਰ ਨਾਲ ਨੇੜਤਾ ਹੋ ਗਈ, ਜਿਸ ਦਾ ਇੱਕ ਐਡੀਸ਼ਨ ਚੰਡੀਗੜ੍ਹ ਤੋਂ ਹੀ ਪ੍ਰਕਾਸ਼ਿਤ ਹੁੰਦਾ ਹੈ, ਨਤੀਜੇ ਵਜੋਂ ਆਪਣੇ ਇਸ ਨਵੇਂ ਮਿੱਤਰ ਦੀ ਮਦਦ ਨਾਲ ਉਹ ਬਠਿੰਡਾ ਤੋਂ ਅਮਰ ਉਜਾਲਾ ਅਖ਼ਬਾਰ ਦਾ ਪੱਤਰਕਾਰ ਬਣਨ ਵਿੱਚ ਸਫ਼ਲ ਹੋ ਗਿਆ। ਇਸੇ ਅਰਸੇ ਦੌਰਾਨ ਉਸ ਦਾ ਰਾਬਤਾ ਕਰਾਊਨ ਚਿੱਟਫੰਡ ਕੰਪਨੀ ਨਾਲ ਹੋ ਗਿਆ। ਭੋਲੇ-ਭਾਲੇ ਲੋਕਾਂ ਨੂੰ ਮੋਟਾ ਵਿਆਜ ਦਿਵਾਉਣ ਦੇ ਲਾਲਚ ਨਾਲ ਨੋਟ ਕਮਾਉਣ ਦਾ ਜੋ ਸਿਲਸਿਲਾ ਉਸ ਨੇ ਸ਼ੁਰੂ ਕੀਤਾ, ਉਹ ਹੁਣ ਹਜ਼ਾਰਾਂ ਕਰੋੜ ਰੁਪਏ ਤੱਕ ਪੁੱਜ ਚੁੱਕਾ ਹੈ।
ਠੱਗੀ ਦੇ ਮਾਧਿਅਮ ਨਾਲ ਕਮਾਈ ਦੌਲਤ ਦੇ ਜ਼ਰੀਏ ਉਸ ਦੀ ਪਹੁੰਚ ਵੱਖ-ਵੱਖ ਟੀ ਵੀ ਚੈਨਲਾਂ ਦੇ ਸੁਬਾਈ ਰਿਪੋਰਟਰਾਂ ਤੱਕ ਹੋ ਗਈ, ਜਿਸ ਦੇ ਚਲਦਿਆਂ ਜਿੱਥੇ ਉਹ ਖ਼ੁਦ ਟੀ ਵੀ ਰਿਪੋਰਟਰ ਬਣਨ ਵਿੱਚ ਸਫ਼ਲ ਹੋ ਗਿਆ, ਉੱਥੇ ਆਪਣੇ ਕਈ ਕਰਿੰਦਿਆਂ ਨੂੰ ਵੀ ਸਟਿੰਗਰਾਂ ਵਜੋਂ ਭਰਤੀ ਕਰਵਾ ਗਿਆ। ਇਸ ਅਹਿਸਾਸ ਕਿ ਅਜਿਹੇ ਆਰਥਿਕ ਅਪਰਾਧ ਦੇ ਚਲਦਿਆਂ ਉਸ ਦੀ ਜਾਨ ਕੁੜਿੱਕੀ ਵਿੱਚ ਆ ਸਕਦੀ ਹੈ, ਅਗਾਊਂ ਬਚਾਅ ਦਾ ਪੈਂਤੜਾ ਅਪਣਾਉਂਦਿਆਂ ਉਸ ਨੇ ਸਮੁੱਚੇ ਮੀਡੀਆ ਨੂੰ ਆਪਣੀ ਪਕੜ ਵਿੱਚ ਲੈਣ ਦਾ ਮਨ ਬਣਾ ਲਿਆ।
ਇਹ ਇਸੇ ਯੋਜਨਾ ਦਾ ਹੀ ਨਤੀਜਾ ਸੀ ਕਿ ਸਾਲ ਕੁ ਪਹਿਲਾਂ ਜਦ ਬਠਿੰਡਾ ਪ੍ਰੈਸ ਕਲੱਬ ਦੀ ਚੋਣ ਹੋਈ ਤਾਂ ਇੱਕ ਗਰੁੱਪ ਦੀ ਚੋਣ ਮੁਹਿੰਮ ਨੂੰ ਸਿਖ਼ਰ 'ਤੇ ਲਿਜਾਣ ਲਈ ਕਰਾਊਨੀਆਂ ਚਿੱਟ ਫੰਡ ਦਾ ਇਹ ਕਰਿੰਦਾ ਮਹਿੰਗੇ ਹੋਟਲਾਂ ਵਿੱਚ ਸ਼ਾਹੀ ਪਾਰਟੀਆਂ ਆਯੋਜਿਤ ਕਰਿਆ ਕਰਦਾ ਸੀ। ਇਸ ਚੋਣ ਵਿੱਚ ਸਫ਼ਲ ਹੋਇਆ ਪ੍ਰੈਸ ਕਲੱਬ ਦਾ ਪ੍ਰਧਾਨ ਕਿਸੇ ਹੋਰ ਅਖ਼ਬਾਰ ਵਿੱਚ ਨੌਕਰੀ ਮਿਲਣ ਦੇ ਸਿੱਟੇ ਵਜੋਂ ਜਦ ਸ਼ਹਿਰ ਛੱਡਣ ਲਈ ਮਜਬੂਰ ਹੋ ਗਿਆ, ਤਾਂ ਉਸ ਨੇ ਅਸਤੀਫਾ ਦੇ ਦਿੱਤਾ। ਨਤੀਜੇ ਵਜੋਂ ਇਸ ਚਿੱਟਫੰਡੀਏ ਨੇ ਆਪਣੀ ਲੁੱਟੀ ਹੋਈ ਦੌਲਤ ਦੀ ਚਮਕ-ਦਮਕ ਨਾਲ ਇੱਕ ਅਜਿਹੇ ਸ਼ਖ਼ਸ ਨੂੰ ਪ੍ਰਧਾਨਗੀ ਵਾਲੀ ਕੁਰਸੀ 'ਤੇ ਜਾ ਬਿਠਾਇਆ, ਕਿਸੇ ਵਪਾਰੀ ਤੋਂ ਦਸ ਹਜ਼ਾਰ ਰੁਪਏ ਬਟੋਰਨ ਵੇਲੇ ਰੰਗੇ ਹੱਥੀਂ ਫੜੇ ਜਾਣ 'ਤੇ ਜੋ ਜੇਲ੍ਹ ਦੀ ਦਾਲ ਪੀਣ ਲਈ ਮਜਬੂਰ ਹੋਇਆ ਸੀ।
ਚਿੱਟਫੰਡ ਕੰਪਨੀਆਂ ਵੱਲੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਲੋਕਾਂ ਦੀ ਲੁੱਟ ਸੰਬੰਧੀ ਚੰਡੀਗੜ੍ਹ ਦੇ ਇੱਕ ਅਖ਼ਬਾਰ 'ਚ ਪ੍ਰਕਾਸ਼ਿਤ ਰਿਪੋਰਟ ਦਾ ਨੋਟਿਸ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਦ ਇਸ ਗੋਰਖਧੰਦੇ ਦੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਸਨ, ਤਾਂ ਵਿਕੀ ਹੋਈ ਜ਼ਮੀਰ ਵਾਲੇ ਕਲਮ ਘਸੀਟਾਂ ਨੇ ਕਰਾਊਨ ਕੰਪਨੀ ਨੂੰ ਬਚਾਉਣ ਲਈ ਸਿਰਤੋੜ ਯਤਨ ਸ਼ੁਰੂ ਕਰ ਦਿੱਤੇ ਸਨ। ਮੰਗਲਵਾਰ ਜਦ ਬਰਨਾਲਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਤਾਂ ਬੀਤੀ ਰਾਤ ਤੋਂ ਹੀ ਨੈਤਿਕਤਾ ਦੇ ਝੰਡਾ ਬਰਦਾਰ ਬਣੇ ਕੁਝ ਪੱਤਰਕਾਰਾਂ ਨੇ ਠੱਗਾਂ ਦੀ ਇਸ ਕੰਪਨੀ ਦਾ ਸਾਜ਼ੋ-ਸਾਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ। ਕੁਲ ਮਿਲਾ ਕੇ ਇਹ ਚਿੱਟਫੰਡ ਕੰਪਨੀ ਸਹਾਰਾ ਕੰਪਨੀ ਦੇ ਸੁਬਰਤੋ ਰਾਏ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ, ਜੇਕਰ ਉਸ ਨੇ ਆਪਣਾ ਟੀ ਵੀ ਚੈਨਲ ਸ਼ੁਰੂ ਕੀਤਾ ਸੀ ਤਾਂ ਕਰਾਊਨ ਵਾਲਿਆਂ ਨੇ ਆਪਣਾ ਇੱਕ ਅਖ਼ਬਾਰ ਕੱਢ ਲਿਆ। ਇਸ ਅਖ਼ਬਾਰ ਦੀ ਪੱਤਰਕਾਰੀ ਵੀ ਅਜਿਹੇ ਲੋਕਾਂ ਨੂੰ ਦਿੱਤੀ ਹੋਈ ਹੈ, ਜੋ ਕੰਪਨੀ ਲਈ ਸਰਮਾਇਆ ਜਮ੍ਹਾਂ ਕਰਨ ਵਾਸਤੇ ਭੋਲੇ ਭਾਲੇ ਨਾਗਰਿਕਾਂ ਨੂੰ ਆਪਣੇ ਤੰਦੂਏ ਜਾਲ ਵਿੱਚ ਫਸਾਉਂਦੇ ਹਨ। ਇਸ ਕੰਪਨੀ ਦਾ ਬਠਿੰਡਾ ਵਿਚਲਾ ਸਰਗਨਾ ਅੱਜ ਕੱਲ੍ਹ ਕਿਸੇ ਸਿਵਲ ਅਫਸਰ ਦੀ ਨੀਲੀ ਬੱਤੀ ਵਾਲੀ ਕਾਰ ਇਸਤੇਮਾਲ ਕਰ ਰਿਹਾ ਹੈ।