Latest News
ਪੰਜਾਬ ਤੇ ਚੰਡੀਗੜ੍ਹ 'ਚ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ
ਭਾਰਤ ਦੀਆਂ ਸਮੁੱਚੀਆਂ ਟਰੇਡ ਯੂਨੀਅਨਾਂ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਦੇ ਸੱਦੇ 'ਤੇ ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ-ਰਾਸ਼ਟਰ ਵਿਰੋਧੀ ਆਰਥਿਕ ਨੀਤੀਆਂ ਵਿਰੁਧ ਬਿਜਲੀ ਬੋਰਡ, ਪੰਜਾਬ ਰੋਡਵੇਜ਼, ਪਨਬੱਸ, ਪਬਲਿਕ ਸੈਕਟਰ ਦੇ ਸਾਰੇ ਵਿਭਾਗਾਂ, ਬੈਂਕਾਂ, ਟੈਲੀਕਾਮ, ਡਾਕ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੈਕਟਰੀ ਵਰਕਰਾਂ, ਆਂਗਨਵਾੜੀ, ਆਸਾ, ਮਿਡ-ਡੇ-ਮੀਲ, ਉਸਾਰੀ ਵਰਕਰਾਂ, ਮਨਰੇਗਾ ਵਰਕਰਾਂ ਨੇ ਮੁਕੰਮਲ ਹੜਤਾਲ ਕਰਕੇ ਚੱਕਾ ਜਾਮ ਤੇ ਜ਼ਬਰਦਸਤ ਰੋਸ ਰੈਲੀਆਂ ਕੀਤੀਆਂ। ਇਨ੍ਹਾਂ ਵਿਸ਼ਾਲ ਪ੍ਰਭਾਵਸ਼ਾਲੀ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸੀਟੂ ਦੇ ਪ੍ਰਧਾਨ ਵਿਜੇ ਮਿਸ਼ਰਾ, ਜਨਰਲ ਸਕੱਤਰ ਰਘੁਨਾਥ ਸਿੰਘ, ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਬੰਤ ਬਰਾੜ, ਇਕਟੂ ਦੇ ਸਕੱਤਰ ਕਮਲਜੀਤ ਸਿੰਘ ਅਤੇ ਪ੍ਰਧਾਨ ਗੁਰਮੀਤ ਸਿੰਘ ਬਖਤਪੁਰ, ਸੀ.ਟੀ.ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ, ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਅਤੇ ਚੰਦਰ ਸ਼ੇਖਰ ਮੀਤ ਪ੍ਰਧਾਨ ਸੀਟੂ ਇੰਟਕ ਦੇ ਪ੍ਰਧਾਨ ਡਾ ਸੁਭਾ ਸ਼ ਸ਼ਰਮਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ ਦੀ ਸਖਤ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਬਾਦਲ ਸਰਕਾਰ ਲੋਕ ਮਾਰੂ-ਰਾਸ਼ਟਰ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਵਿੱਚ ਕਾਂਗਰਸ ਨੂੰ ਵੀ ਮਾਤ ਪਾ ਰਹੀ ਹੈ। ਰੇਲਵੇ, ਬੀਮਾ, ਅਤੇ ਡੀਫੈਂਸ਼ ਖੇਤਰ ਸਮੇਤ ਭਾਰਤ ਹਰ ਖੇਤਰ ਵਿੱਚ ਸਿੱਧੇ ਪੂੰਜੀਨਿਵੇਸ਼ ਦੀ ਖੁਲ੍ਹ ਦੇ ਕੇ ਭਾਰਤ ਦੀ ਆਰਥਿਕ ਖੁਦਮੁਖਤਾਰੀ ਅਤੇ ਸਵੈ-ਨਿਰਭਰਤਾ ਲਈ ਗੰਭੀਰ ਖਤਰੇ ਖੜੇ ਕੀਤੇ ਜਾ ਰਹੇ ਹਨ। ਬਹੁਕੌਮੀ ਕੰਪਨੀਆਂ ਅਤੇ ਭਾਰਤੀ ਕਾਰਪੋਰੇਟ ਘਰਾਨਿਆਂ ਨੂੰ ਖੁਸ਼ ਕਰਨ ਲਈ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਪ੍ਰਸਤਾਵਿਤ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਲਈਆਂ ਜਾਣ। ਜਨਤਕ ਖੇਤਰ ਦੇ ਅਨ੍ਹੇਵਾਹ ਨਿੱਜੀਕਰਨ ਉੱਤੇ ਰੋਕ ਲਗਾਈ ਜਾਵੇ। ਠੇਕੇਦਾਰੀ ਮਜ਼ਦੂਰ ਪ੍ਰਬੰਧ ਖਤਮ ਕੀਤਾ ਜਾਵੇ ਅਤੇ ਰੈਗੂਲਰ ਪੋਸਟਾਂ ਉੱਤੇ ਠੇਕੇ 'ਤੇ ਭਰਤੀ ਸਾਰੇ ਕਾਮੇ ਪੱਕੇ ਕੀਤੇ ਜਾਣ। 44ਵੀਂ-45ਵੀਂ ਭਾਰਤੀ ਕਿਰਤ ਕਾਨਫਰੰਸਾਂ ਦੀਆਂ ਸਿਫਾਰਸ਼ਾਂ ਫੋਰੀ ਲਾਗੂ ਕਰਕੇ ਘੱਟੋ-ਘੱਟ Àਜਰਤ 15 ਹਜ਼ਾਰ ਰੁਪਏ ਮਹੀਨਾ ਅਤੇ ਮਨਰੇਗਾ ਸਮੇਤ ਸਾਰੇ ਦਿਹਾੜੀਦਾਰ ਕਾਮਿਆਂ ਦੀ ਉਜਰਤ 500 ਰੁਪਏ ਦਿਹਾੜੀ ਕੀਤੀ ਜਾਵੇ। ਬਰਾਬਰ ਅਤੇ ਇਕੋ ਪ੍ਰਕਾਰ ਦੇ ਕੰਮ ਬਦਲੇ ਬਰਾਬਰ ਉਜਰਤ ਦਿੱਤੀ ਜਾਵੇ। ਆਂਗਨਵਾੜੀ, ਆਸਾ, ਮਿਡ-ਡੇ-ਮੀਲ ਅਤੇ ਪੇਂਡੂ ਚੌਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ। ਰੇਲਵੇ, ਡੀਫੈਂਸ, ਬੀਮਾ ਖੇਤਰ ਅਤੇ ਪ੍ਰਚੂਨ ਬਜ਼ਾਰ ਵਿੱਚ ਸਿੱਧੇ ਵਿਦੇਸ਼ੀ ਪੂੰਜੀਨਿਵੇਸ਼ ਨੂੰ ਦਿਤੀਆਂ ਜਾ ਰਹੀਆਂ ਖੁਲ੍ਹਾਂ ਵਾਪਸ ਲਈਆਂ ਜਾਣ। ਮੰਹਿਗਾਈ ਉੱਤੇ ਰੋਕ ਲਗਾਉਣ ਲਾਈ ਜਾਵੇ। ਵਾਇਦਾ ਵਪਾਰ ਉੱਤੇ ਰੋਕ ਲਗਾਈ ਜਾਵੇ ਅਤੇ ਜਨਤਕ ਵੰਡ ਪ੍ਰਨਾਲੀ ਮਜ਼ਬੂਤ ਕੀਤੀ ਜਾਵੇ। ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉੱਤੇ ਫੌਰੀ ਰੈਗੂਲਰ ਕਾਮੇ ਭਰਤੀ ਕੀਤੇ ਜਾਣ। ਬੋਨਸ ਪੇਮੈਂਟ ਉੱਤੇ ਲਗਾਈਆਂ ਗਈਆਂ ਈ.ਪੀ.ਐਫ ਅਤੇ ਬੋਨਸ ਦੀ ਸ਼ਰਤਾਂ ਖਤਮ ਕੀਤੀਆਂ ਜਾਣ। ਸਭ ਲਈ ਪੈਨਸ਼ਨ ਦੀ ਗਰੰਟੀ ਕੀਤੀ ਜਾਵੇ ਅਤੇ ਪੈਨਸ਼ਨ ਦੀ ਰਕਮ ਘੱਟੋ-ਘੱਟ 3 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕ ਮਾਰੂ ਨੀਤੀਆਂ ਵਾਪਸ ਨਾ ਲਈਆਂ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਵਾਪਸ ਨਾ ਕੀਤੀਆਂ ਅਤੇ ਜਨਤਕ ਖੇਤਰ ਦਾ ਅਨ੍ਹੇਵਾਹ ਨਿਜੀਕਰਨ ਬੰਦ ਨਾ ਕੀਤਾ ਅਤੇ ਬਰਾਬਰ ਕੰਮ ਬਦਲੇ ਬਰਾਬਰ ਉਜਰਤ ਨਾ ਦਿੱਤੀ ਅਤੇ 44ਵੀਂ-45ਵੀਂ ਭਾਰਤੀ ਕਿਰਤ ਕਾਨਫਰੰਸ ਦੀਆਂ ਸਿਫਾਰਸ਼ਾਂ ਲਾਗੂ ਨਾ ਕੀਤੀਆਂ ਤਾਂ ਭਾਰਤ ਦੇ ਕਿਰਤੀ ਰਾਸ਼ਟਰ ਵਿਆਪੀ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਆਪਕ ਕਰਨ ਲਈ ਮਜਬੂਰ ਹੋਣਗੇ। ਇਸ ਰੈਲੀ ਨੂੰ ਐਚ.ਐਸ ਗੰਭੀਰ ਡੀਪਟੀ ਜਨਰਲ ਸਕੱਤਰ ਏਟਕ, ਸਤਨਾਮ ਸਿੰਘ ਛਲੇੜੀ ਪੀ.ਐਸ.ਈ.ਬੀ ਫੈਡਰੇਸ਼ਨ ਏਟਕ, ਜਗਦੀਸ਼ ਸਿੰਘ ਚਾਹਲ ਜਨਰਲ ਸਕੱਤਰ ਗੌਰਮਿੰਟ ਟਰਾਂਸਪੋਰਟ ਯੂਨੀਅਨ ਏਟਕ, ਸੱਜਣ ਸਿੰਘ ਚੇਅਰਮੈਨ ਸੁਬਾਰਡੀਨੇਸ਼ਨ ਫੈਡਰੇਸ਼ਨ ਪੰਜਾਬ, ਦੇਵੀਦਿਆਲ ਸ਼ਰਮਾ ਮੀਤ ਪ੍ਰਧਾਨ ਏਟਕ ਪੰਜਾਬ, ਸੁਖਦੇਵ ਸ਼ਰਮਾ ਸਕੱਤਰ ਏਟਕ, ਉੱਤਮ ਸਿੰਘ ਬਾਗੜੀ ਪ੍ਰਧਾਨ ਪੀ.ਆਰ.ਟੀ.ਸੀ ਏਟਕ, ਬਲਬੀਰ ਸਿੰਘ, ਸਿੰਦਰਪਾਲ ਗੜ੍ਹੀ ਸਕੱਤਰ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਸੀਟੂ, ਜਤਿੰਦਰਪਾਲ ਸਿੰਘ ਸਕਤਰ ਸੀਟ, ਦੇਬ ਰਾਜ ਬਰਮਾ, ਜਗਦੀਸ਼ ਚੰਦ, ਸ਼ੇਰ ਸਿੰਘ ਫਰਵਾਈ, ਰਣਜੀਤ ਸਿੰਘ, ਮਹਾਂ ਸਿੰਘ ਰੋੜੀ, ਗੁਰਦੇਬ ਬਾਗੀ, ਮਹਿੰਦਰ ਕੁਮਾਰ, ਹਰਜੀਤ ਕੌਰ ਜਨਰਲ ਸਕੱਤਰ ਆਗਂਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ, ਸੁਭਾਸ਼ ਰਾਣੀ ਵਿੱਤ, ਚੰਡੀਗੜ੍ਹ-ਮੋਹਾਲੀ ਸੀਟੂ ਦੇ ਕਨਵੀਨਰ ਕੁਲਦੀਪ ਸਿੰਘ, ਸਕੱਤਰ ਕੁਸ਼ਲਿਆ ਦੇਵੀ ਜਨਰਲ ਸਕੱਤਰ ਆਗਨਵਾੜੀ ਮੁਲਾਜ਼ਮ ਯੂਨੀਅਨ ਚੰਡੀਗੜ੍ਹ, ਅਨੀਤਾ ਸ਼ਰਮਾ ਪ੍ਰਧਾਨ ਆਗਨਵਾੜੀ ਚੰਡੀਗੜ੍ਹ, ਰਣਜੀਤ ਕੌਰ ਪ੍ਰਧਾਨ ਆਸਾ ਵਰਕਰ ਯੂਨੀਅਨ ਪੰਜਾਬ ਸੀਟੂ, ਗੋਪਾਲ ਦੱਤ ਜੋਸ਼ੀ ਜਨਰਲ ਸਕੱਤਰ ਯੂ.ਟੀ ਇੰਪਲਾਇਜ਼ ਫੈਡਰੇਸ਼ਨ ਚੰਡੀਗੜ੍ਹ, ਰਘਵੀਰ ਚੰਦ ਕਨਵੀਨਰ ਕੋ-ਆਰਡੀਨੇਸ਼ਨ ਕਮੇਟੀ ਯੂ.ਟੀ.ਐਮ.ਸੀ ਸਤੀਸ਼ ਕੁਮਾਰ ਇਕਟੂ ਮੀਤ ਪ੍ਰਧਾਨ ਪੰਜਾਬ ਨੇ ਵੀ ਸੰਬੋਧਨ ਕੀਤਾ।
ਜਲੰਧਰ : ਕੇਂਦਰੀ ਟਰੇਡ ਯੂਨੀਅਨਜ਼ ਅਤੇ ਕੇਂਦਰੀ ਮੁਲਾਜ਼ਮ ਫੈਡਰੇਸ਼ਨਾਂ ਦੇ ਸੱਦੇ 'ਤੇ ਪ ਸ ਸ ਫ ਜ਼ਿਲ੍ਹਾ ਜਲੰਧਰ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਦੇਸ਼-ਵਿਆਪੀ ਹੜਤਾਲ ਵਿੱਚ ਭਾਗ ਲਿਆ। ਪ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਹੜਤਾਲ ਤੋਂ ਬਾਅਦ ਹੋਈ ਰੈਲੀ ਨੂੰ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੰਧੂ, ਤੀਰਥ ਸਿੰਘ ਬਾਸੀ, ਗਨੇਸ਼ ਭਗਤ, ਬਲਜੀਤ ਕੁਲਾਰ, ਪੁਸ਼ਪਿੰਦਰ ਕੁਮਾਰ, ਰਗਜੀਤ ਸਿੰਘ, ਪ੍ਰੇਮ ਪਾਲ, ਮੇਜਰ ਫਿਲੌਰ, ਜਰਨੈਲ ਫਿਲੌਰ, ਯਸ਼ਪਾਲ, ਸਤਪਾਲ, ਰਾਜੀਵ ਕਰਮਜੀਤ ਸਿੰਘ, ਕਮਲਦੇਵ ਸਿੰਘ, ਰਾਮ ਲਾਲ, ਸੁਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਮੁਲਾਜ਼ਮਾਂ ਨੇ ਜੇ ਪੀ ਐੱਮ ਓ ਦੀ ਰੈਲੀ ਵਿੱਚ ਭਾਗ ਲਿਆ।
ਚੰਡੀਗੜ੍ਹ, (ਨ ਜ਼ ਸ) ਅੱਜ ਪੰਜਾਬ ਦੇ ਕਲਾਸ-4, ਸਫਾਈ ਮਜ਼ਦੂਰਾਂ ਅਤੇ ਠੇਕੇ ਵਾਲੇ ਮੁਲਾਜ਼ਮਾਂ ਨੇ ਵੱਡੀ ਪੱਧਰ 'ਤੇ ਬਾਕੀ ਮੁਲਾਜ਼ਮਾਂ ਨਾਲ ਰਲ ਕੇ ਦੇਸ਼-ਵਿਆਪੀ ਹੜਤਾਲ ਦੇ ਸੱਦੇ 'ਤੇ ਡਿਊਟੀਆਂ ਦਾ ਬਾਈਕਾਟ ਕਰਕੇ ਪੂਰੀ ਤਰ੍ਹਾਂ ਹੜਤਾਲ ਕੀਤੀ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਵੱਡੀਆਂ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਗਏ ਅਤੇ ਫਿਰ ਸਾਂਝੀਆਂ ਰੈਲੀਆਂ ਵਿੱਚ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਪ੍ਰਮੁੱਖ ਬੁਲਾਰਿਆਂ ਵਿੱਚ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਪ ਸ ਸ ਫ ਅਤੇ ਕਲਾਸ-4 ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਰਾਣਵਾਂ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪੰਜਾਬ ਦੇ ਪ੍ਰਧਾਨ ਚੰਦਨ ਗਰੇਵਾਲ, ਪਵਨ ਬਾਬਾ, ਜਨਰਲ ਸਕੱਤਰ ਸੰਨੀ ਸਹੋਤਾ, ਰੋਡਵੇਜ਼ ਦੇ ਪ੍ਰਮੁੱਖ ਆਗੂ ਜਗਦੀਸ਼ ਸਿੰਘ ਚਾਹਲ, ਗੁਰਦੇਵ ਸਿੰਘ, ਬਿਜਲੀ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾ ਸਮੇਤ ਅਧਿਆਪਕਾਂ ਦੇ ਪ੍ਰਮੁੱਖ ਆਗੂ ਚਰਨ ਸਿੰਘ ਸਰਾਭਾ, ਬਲਕਾਰ ਵਲਟੋਹਾ, ਪ੍ਰੇਮ ਚਾਵਲਾ, ਜਸਮੇਲ ਪੱਖੋਵਾਲ, ਪੈਨਸ਼ਨਰਾਂ ਦੇ ਪ੍ਰਮੁੱਖ ਆਗੂ ਗੁਰਮੇਲ ਮੇਡਲੇ, ਕੁਲਦੀਪ ਸਿੰਘ, ਆਸ਼ਾ ਵਰਕਰਾਂ ਦੀ ਪ੍ਰਮੁੱਖ ਆਗੂ ਅਮਰਜੀਤ ਕੌਰ, ਜੀਤ ਕੌਰ, ਆਂਗਨਵਾੜੀ ਦੀ ਪ੍ਰਮੁੱਖ ਆਗੂ ਸਰੋਜ ਛੱਪੜੀਵਾਲਾ, ਠੇਕੇ ਵਾਲੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਵਰਿੰਦਰ ਸਿੰਘ, ਅਮਰਾਨ ਭੱਟੀ, ਅਸ਼ੀਸ਼ ਜੁਲਾਹਾ ਸਮੇਤ ਹੋਰ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪੱਧਰ ਦੇ ਆਗੂ ਸ਼ਾਮਲ ਹਨ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿੱਚ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੀ ਕੜੀ ਵਿੱਚ 10 ਸਤੰਬਰ ਨੂੰ ਬਠਿੰਡੇ ਵਿਖੇ ਜ਼ੋਰਦਾਰ ਵੱਡੀ ਰੈਲੀ ਦਾਣਾ ਮੰਡੀ ਵਿੱਚ ਕੀਤੀ ਜਾਵੇਗੀ, ਜਿਸ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਜੇ ਸਰਕਾਰ ਵੱਲੋਂ ਇਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਬਠਿੰਡੇ ਸ਼ਹਿਰ ਵਿੱਚ ਵੜਦੀਆਂ ਸੜਕਾਂ ਰੁਕ ਸਕਦੀਆਂ ਹਨ।
ਐੱਸ.ਏ.ਐੱਸ. ਨਗਰ, (ਨ ਜ਼ ਸ)-ਅੱਜ ਇੱਥੇ ਦੇਸ਼-ਵਿਆਪੀ ਹੜਤਾਲ ਦੇ ਸੱਦੇ 'ਤੇ ਸਫਾਈ ਮਜ਼ਦੂਰ ਅਤੇ ਮੁਲਾਜ਼ਮ ਡਿਊਟੀਆਂ ਦਾ ਬਾਈਕਾਟ ਕਰਕੇ ਵੱਡੇ ਪੱਧਰ 'ਤੇ ਹੜਤਾਲ ਕਰਕੇ ਫੇਜ਼-1 ਮੋਹਾਲੀ ਦੀ ਪਾਰਕ ਵਿੱਚ ਇਕੱਤਰ ਹੋ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਚੁੱਕ ਕੇ ਵੱਡਾ ਰੋਸ ਮਾਰਚ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪਹੁੰਚੇ। ਇੱਥੇ ਵੱਡੀ ਰੈਲੀ ਕੀਤੀ ਗਈ, ਜਿਸ ਦੇ ਨਾਲ ਰੋਡ ਵੀ ਜਾਮ ਰਿਹਾ। ਇੱਥੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਦੋ ਅਰਥੀਆਂ ਸਾੜੀਆਂ ਗਈਆਂ। ਅਰਥੀਆਂ ਸਾੜਨ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੇ ਜਾ ਰਹੇ ਮਜ਼ਦੂਰ-ਮੁਲਾਜ਼ਮ ਵਿਰੋਧੀ ਬਿੱਲ ਦੇ ਵਿਰੁੱਧ ਪ੍ਰਧਾਨ ਮੰਤਰੀ ਦੇ ਨਾਂਅ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਮੈਮੋਰੰਡਮ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ 'ਤੇ ਮੰਗ ਪੱਤਰ ਡੀ.ਸੀ. ਨੂੰ ਦਿੱਤਾ ਗਿਆ। ਇਸ ਰੈਲੀ ਨੂੰ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਸੱਜਨ ਸਿੰਘ, ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ, ਸਕੱਤਰ ਪੰਜਾਬ ਪਵਨ ਗੋਡਯਾਲ, ਨਗਰ ਨਿਗਮ ਸਫਾਈ ਮਜ਼ਦੂਰਾਂ ਦੇ ਪ੍ਰਧਾਨ ਸੂਰਜ ਭਾਨ, ਚੇਅਰਮੈਨ ਸੋਭਾ ਰਾਮ, ਮੋਹਾਲੀ ਕਲਾਸ-4 ਦੇ ਪ੍ਰਧਾਨ ਪ੍ਰੇਮ ਚੰਦ, ਸਰੂਪ ਸਿੰਘ, ਮੋਹਾਲੀ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਰਾਜਨ ਚਵਰੀਆ, ਠੇਕੇ 'ਤੇ ਕੰਮ ਕਰਦੇ ਸੁਪਰਵਾਈਜ਼ਰ ਯੂਨੀਅਨ ਦੇ ਚੇਅਰਮੈਨ ਸੁਬਰਾਮਨੀਅਮ, ਜਨਰਲ ਸਕੱਤਰ ਪ੍ਰੀਤਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਨੇ ਸੰਬੋਧਨ ਕੀਤਾ।
ਪਟਿਆਲਾ (ਨ ਜ਼ ਸ)-ਕੌਮੀ ਪੱਧਰ ਦੀਆਂ 10 ਟਰੇਡ ਯੂਨੀਅਨਾਂ, ਅਜ਼ਾਦ ਜੱਥੇਬੰਦੀਆਂ ਅਤੇ ਫੈਡਰੇਸ਼ਨਾਂ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਨੇ ਮੁਕੰਮਲ ਹੜਤਾਲ ਕੀਤੀ। ਬਿਜਲੀ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ (ਫਲਜੀਤ), ਥਰਮਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਆਦਿ ਦੇ ਸੂਬਾਈ ਆਗੂਆਂ ਜਗਤਾਰ ਸਿੰਘ ਉੱਪਲ, ਕਰਮ ਚੰਦ ਭਾਰਦਵਾਜ, ਹਰਭਜਨ ਸਿੰਘ, ਸਵਰਨ ਸਿੰਘ, ਫਲਜੀਤ ਸਿੰਘ, ਬ੍ਰਿਜ ਲਾਲ, ਮੁਖਤਾਰ ਸਿੰਘ ਮੁਹਾਵਾ, ਅਮਰੀਕ ਸਿੰਘ ਨੂਰਪੁਰ, ਗੁਰਨਾਮ ਸਿੰਘ ਖਿਆਲੀਵਾਲਾ, ਮਹਿੰਦਰ ਨਾਥ, ਕਾਰਜਵਿੰਦਰ ਸਿੰਘ, ਕਮਲਜੀਤ ਸਿੰਘ, ਪ੍ਰਤਾਪ ਸਿੰਘ ਮੋਮੀ, ਕਰਮਚੰਦ ਖੰਨਾ, ਸਿਕੰਦਰ ਨਾਥ ਅਤੇ ਜਸਵੀਰ ਸਿੰਘ ਨੇ ਸਫਲ ਹੜਤਾਲ 'ਤੇ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਆਪਣਾ ਏਕਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਸਮੁੱਚੇ ਪੰਜਾਬ ਅੰਦਰ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀਆਂ ਅਤੇ ਧਰਨੇ ਦੇ ਕੇ ਹੜਤਾਲ ਕੀਤੀ, ਜਿਸ ਕਾਰਨ ਸ਼ਿਕਾਇਤ ਕੇਂਦਰਾਂ 'ਤੇ ਕੈਸ਼ ਕਾਊਂਟਰ 'ਤੇ ਅਸਰ ਪਿਆ। ਸ਼ਿਕਾਇਤ ਕੇਂਦਰਾਂ 'ਤੇ ਹੜਤਾਲ ਕਾਰਨ ਨਿਰਵਿਘਨ ਸਪਲਾਈ ਦੇਣ 'ਤੇ ਵੀ ਅਸਰ ਪਿਆ। ਸੂਬੇ ਦੇ ਵੱਖ-ਵੱਖ ਸਰਕਲਾਂ ਖੰਨਾ, ਰੋਪੜ, ਲੁਧਿਆਣਾ, ਮੁਹਾਲੀ, ਪਟਿਆਲਾ, ਸੰਗਰੂਰ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਲੁਧਿਆਣਾ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਤਰਨ ਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਆਨੰਦਪੁਰ ਹਾਈਡਲ, ਰਣਜੀਤ ਸਾਗਰ ਡੈਮ ਵਿਖੇ ਮੁਕੰਮਲ ਹੜਤਾਲ ਕੀਤੀ ਗਈ। ਰੋਪੜ ਥਰਮਲ, ਲਹਿਰਾ ਮੁਹੱਬਤ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਵਿਖੇ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ।

968 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper