ਕਿਡਨੀ ਕਾਂਡ ਦੀ ਜਾਂਚ

ਪੰਜਾਬ ਵਿੱਚ ਕਈ ਸਾਲ ਪਿੱਛੇ ਇੱਕ ਕਿਡਨੀ ਸਕੈਂਡਲ ਸਾਹਮਣੇ ਆਇਆ ਸੀ ਤੇ ਉਸ ਨਾਲ ਸਾਰੇ ਦੇਸ਼ ਵਿੱਚ ਇਸ ਰਾਜ ਦੀ ਬਹੁਤ ਬਦਨਾਮੀ ਹੋਈ ਸੀ। ਅੰਮ੍ਰਿਤਸਰ ਦੇ ਵੱਡੇ ਨਾਮਣੇ ਵਾਲੇ ਡਾਕਟਰਾਂ ਦਾ ਨਾਂਅ ਕਿਡਨੀ ਦੇ ਉਸ ਕਾਲੇ ਧੰਦੇ ਵਿੱਚ ਲਿਆ ਗਿਆ ਤੇ ਫਿਰ ਕੁਝ ਕੇਸ ਸਿਰੇ ਵੀ ਲੱਗੇ ਤੇ ਸਜ਼ਾਵਾਂ ਹੋਈਆਂ ਸਨ। ਉਸ ਪਿੱਛੋਂ ਇਸ ਰਾਜ ਵਿੱਚ ਕੰਮ ਕਰਦੇ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਬਦਨਾਮੀ ਤੋਂ ਪੱਲਾ ਬਚਾਈ ਰੱਖਣ ਦੀ ਲੋੜ ਸੀ, ਪਰ ਪਿਛਲੇ ਮਹੀਨੇ ਜਦੋਂ ਫਿਰ ਇੱਕ ਕੇਸ ਸਾਹਮਣੇ ਆ ਗਿਆ ਤਾਂ ਸਾਬਤ ਹੋ ਗਿਆ ਕਿ ਇਹ ਧੰਦਾ ਪੰਜਾਬ ਦੇ ਵਿੱਚ ਅਜੇ ਵੀ ਜਾਰੀ ਹੈ। ਹੁਣ ਇਸ ਕੇਸ ਬਾਰੇ ਜਾਂਚ ਨੇ ਕਈ ਤਰ੍ਹਾਂ ਦੀ ਚਰਚਾ ਦਾ ਮੁੱਢ ਬੰਨ੍ਹ ਰੱਖਿਆ ਹੈ।
ਤਾਜ਼ਾ ਮਾਮਲਾ ਇਸ ਲਈ ਸਾਹਮਣੇ ਨਹੀਂ ਸੀ ਆਇਆ ਕਿ ਪੁਲਸ ਨੂੰ ਕਿਡਨੀ ਸਕੈਂਡਲ ਦੀ ਕਿਸੇ ਤਰ੍ਹਾਂ ਦੀ ਕੋਈ ਸੂਹ ਲੱਗ ਗਈ ਸੀ, ਸਗੋਂ ਪੁਲਸ ਦਹਿਸ਼ਤਗਰਦੀ ਦਾ ਖੁਰਾ ਨੱਪਦੀ ਇਸ ਕੇਸ ਦੀਆਂ ਤੰਦਾਂ ਫੜਨ ਦੇ ਟਿਕਾਣੇ ਪਹੁੰਚ ਗਈ ਸੀ। ਜੰਮੂ-ਕਸ਼ਮੀਰ ਵਿੱਚ ਜ਼ਿੰਦਾ ਫੜੇ ਗਏ ਦਹਿਸ਼ਤਗਰਦ ਨਾਵੇਦ ਤੋਂ ਬਾਅਦ ਜਦੋਂ ਬਹੁਤ ਚੌਕਸੀ ਦੀਆਂ ਹਦਾਇਤਾਂ ਸਨ, ਓਦੋਂ ਪੁਲਸ ਨੂੰ ਇੱਕ ਦਿਨ ਕਿਤੋਂ ਇਹ ਸੂਚਨਾ ਮਿਲੀ ਕਿ ਕੁਝ ਸ਼ੱਕੀ ਬੰਦੇ ਕਿਸੇ ਥਾਂ ਠਹਿਰੇ ਹੋਏ ਹਨ। ਛਾਪਾ ਮਾਰੇ ਜਾਣ ਉੱਤੇ ਜਿਹੜੇ ਬੰਦੇ ਕਾਬੂ ਆ ਗਏ, ਉਹ ਦਹਿਸ਼ਤਗਰਦੀ ਨਾਲ ਸੰਬੰਧਤ ਨਾ ਹੋ ਕੇ ਕਿਡਨੀਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਗਰੋਹ ਦਾ ਮੁਖੀ ਬੰਦਾ ਕਿਸੇ ਵੇਲੇ ਮਜਬੂਰੀ ਵਿੱਚ ਜਦੋਂ ਆਪਣੀ ਕਿਡਨੀ ਵੇਚ ਬੈਠਾ, ਓਦੋਂ ਉਹ ਕਿਡਨੀ ਦੇ ਧੰਦੇ ਵਾਲੇ ਗਰੋਹ ਅਤੇ ਡਾਕਟਰਾਂ ਦਾ ਜਾਣਕਾਰ ਤੇ ਇਸ ਤੋਂ ਬਾਅਦ ਭਰੋਸੇ ਦਾ ਸੂਤਰ ਬਣ ਗਿਆ ਸੀ। ਉਹ ਦੂਸਰੇ ਰਾਜਾਂ ਵਿੱਚੋਂ ਬੰਦੇ ਲਿਆ ਕੇ ਉਨ੍ਹਾਂ ਦੀ ਕਿਡਨੀ ਦਾ ਸੌਦਾ ਕਰਵਾ ਕੇ ਇਸ ਵਿੱਚੋਂ ਆਪਣਾ ਹਿੱਸਾ ਲੈਂਦਾ ਸੀ। ਜਾਂਚ ਚੱਲਦੀ ਅੱਗੇ ਇੱਕ ਡਾਕਟਰ ਤੱਕ ਜਾ ਪਹੁੰਚੀ। ਇਸ ਤੋਂ ਬਾਅਦ ਇਸ ਜਾਂਚ ਬਾਰੇ ਇੱਕ ਪਿੱਛੋਂ ਦੂਸਰਾ ਵਿਵਾਦ ਖੜੇ ਹੋਣ ਲੱਗ ਪਏ ਸਨ।
ਜਿਹੜਾ ਡਾਕਟਰ ਇਸ ਧੰਦੇ ਦੀ ਮੁੱਖ ਧੁਰੀ ਮੰਨਿਆ ਜਾਂਦਾ ਹੈ, ਉਹ ਅਜੇ ਵੀ ਪੁਲਸ ਦੀ ਪਕੜ ਤੋਂ ਪਾਸੇ ਹੈ ਤੇ ਉਸ ਦੇ ਕਾਰਿੰਦੇ ਜੇਲ੍ਹ ਵਿੱਚ ਤੜੇ ਹੋਏ ਹਨ। ਜਿੰਨੇ ਕੇਸ ਉਸ ਵੱਲੋਂ ਕੀਤੇ ਗਏ, ਉਨ੍ਹਾਂ ਸਾਰਿਆਂ ਦੀ ਮੈਚਿੰਗ ਇੱਕੋ ਲੈਬ ਤੋਂ ਕਰਵਾਈ ਜਾਂਦੀ ਰਹੀ ਅਤੇ ਲੈਬ ਦੀ ਮਾਲਕੀ ਉਸ ਡਾਕਟਰ ਦੀ ਘਰ ਵਾਲੀ ਦੇ ਨਾਂਅ ਹੋਣ ਦੀਆਂ ਕਈ ਖ਼ਬਰਾਂ ਚਰਚਾ ਵਿੱਚ ਰਹੀਆਂ ਹਨ। ਫੜੇ ਗਏ ਮੁੰਡਾ ਅਤੇ ਕੁੜੀ ਦੋਵੇਂ ਕਾਰਿੰਦੇ ਇਹ ਕਹਿੰਦੇ ਹਨ ਕਿ ਜਦੋਂ ਅਤੇ ਜੋ ਸਾਨੂੰ ਕਹਿ ਦਿੱਤਾ ਜਾਂਦਾ ਸੀ, ਅਸੀਂ ਕਰ ਛੱਡਦੇ ਸਾਂ, ਪਰ ਕਰਵਾਉਣ ਵਾਲਾ ਡਾਕਟਰ ਬਾਹਰ ਮੌਜ ਕਰ ਰਿਹਾ ਅਤੇ ਅਸੀਂ ਜੇਲ੍ਹ ਵਿੱਚ ਬੈਠੇ ਹਾਂ। ਇਸ ਤੋਂ ਲੋਕਾਂ ਵਿੱਚ ਕਈ ਤਰ੍ਹਾਂ ਦੇ ਭਰਮ ਫੈਲਦੇ ਗਏ ਹਨ।
ਪਹਿਲਾਂ ਚੱਲਦੀ ਜਾਂਚ ਦੌਰਾਨ ਇਸ ਜਾਂਚ ਨਾਲ ਜੁੜੇ ਹੋਏ ਇੱਕ ਗਜ਼ਟਿਡ ਅਫ਼ਸਰ ਦੀ ਬਦਲੀ ਕਰਨ ਦੇ ਨਾਲ ਗੱਲਾਂ ਚੱਲੀਆਂ ਸਨ। ਫਿਰ ਜਦੋਂ ਜੇਲ੍ਹ ਵਿੱਚੋਂ ਦੋਵੇਂ ਕਾਰਿੰਦੇ ਮੁੰਡਾ ਅਤੇ ਕੁੜੀ ਪੇਸ਼ੀ ਲਈ ਆਏ ਤੇ ਉਨ੍ਹਾਂ ਨੇ ਮੀਡੀਏ ਕੋਲ ਕਈ ਖੁਲਾਸੇ ਕਰ ਦਿੱਤੇ, ਉਸ ਪਿੱਛੋਂ ਅਗਲੇ ਦਿਨ ਪੁਲਸ ਨੇ ਕਾਹਲੀ ਵਿੱਚ ਇਸ ਜਾਂਚ ਦਾ ਕੰਮ ਭੁਗਤਾ ਦਿੱਤਾ। ਪਤਾ ਲੱਗਾ ਕਿ ਡਾਕਟਰ ਤੇ ਉਸ ਦੀ ਘਰ ਵਾਲੀ ਦਾ ਨਾਂਅ ਵੀ ਕੇਸ ਵਿੱਚ ਪੈ ਗਿਆ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ। ਹੁਣ ਉਹ ਅਦਾਲਤ ਦੀ ਸ਼ਰਣ ਜਾ ਪੁੱਜੇ ਹਨ। ਇਹ ਗੱਲ ਲੋਕਾਂ ਵਿੱਚ ਇੱਕ ਗੰਢ ਬੰਨ੍ਹ ਚੁੱਕੀ ਹੈ ਕਿ ਜਦੋਂ ਕੋਈ ਮਾੜਾ-ਧੀੜਾ ਫਸਦਾ ਹੋਵੇ ਤਾਂ ਪੁਲਸ ਪਲਾਂ ਵਿੱਚ ਫੜ ਲੈਂਦੀ ਹੈ, ਪਰ ਜਦੋਂ ਕੋਈ ਵੱਡਾ ਬੰਦਾ ਫਸ ਰਿਹਾ ਹੋਵੇ ਤਾਂ ਉਸ ਵੱਲ ਲਗਾਤਾਰ ਢਿੱਲ ਵਿਖਾਈ ਜਾਂਦੀ ਤੇ ਉਸ ਨੂੰ ਇਹ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਅਦਾਲਤ ਤੋਂ ਜ਼ਮਾਨਤ ਲੈ ਸਕਦਾ ਹੈ ਤਾਂ ਲੈ ਲਵੇ। ਤਾਜ਼ਾ ਮਾਮਲੇ ਵਿੱਚ ਵੀ ਦੋਸ਼ੀ ਡਾਕਟਰ ਰਾਜੇਸ਼ ਅਗਰਵਾਲ ਤੇ ਉਸ ਦੀ ਪਤਨੀ ਦੀ ਇਸ ਕਾਲੇ ਧੰਦੇ ਵਿੱਚ ਸ਼ਮੂਲੀਅਤ ਦੀ ਜਾਂਚ ਦੌਰਾਨ ਜਿੱਦਾਂ ਦਾ ਰੁਖ਼ ਵੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਆਮ ਲੋਕਾਂ ਦੀ ਤਸੱਲੀ ਹੋਣੀ ਮੁਸ਼ਕਲ ਹੈ।
ਕਿਸੇ ਵੀ ਕਿਡਨੀ ਕੇਸ ਦੇ ਟਰਾਂਸਪਲਾਂਟ ਕਰਨ ਤੋਂ ਪਹਿਲਾਂ ਕਿਡਨੀ ਦੇਣ ਵਾਲੇ ਅਤੇ ਜਿਸ ਨੂੰ ਲਾਉਣੀ ਹੋਵੇ, ਦੋਵਾਂ ਦੀ ਸਾਰੀ ਜਾਂਚ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕਰਨੀ ਲਾਜ਼ਮੀ ਹੁੰਦੀ ਹੈ। ਅੰਮ੍ਰਿਤਸਰ ਵਾਲੇ ਕਾਂਡ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਤਰ੍ਹਾਂ ਦੀ ਜਾਂਚ ਕਰਨ ਵਿੱਚ ਪੈਸੇ ਦਾ ਲੈਣ-ਦੇਣ ਹੁੰਦਾ ਅਤੇ ਹਰ ਕਿਸੇ ਦੀ ਪ੍ਰਵਾਨਗੀ ਦੇਈ ਜਾਣ ਦਾ ਕੰਮ ਚੱਲਦਾ ਰਿਹਾ ਸੀ। ਹੁਣ ਲੋਕਾਂ ਵਿੱਚ ਫਿਰ ਇਹ ਗੱਲ ਚਰਚਾ ਦਾ ਵਿਸ਼ਾ ਹੈ ਕਿ ਕਿਡਨੀਆਂ ਦੇ ਲੈਣ-ਦੇਣ ਦਾ ਧੰਦਾ ਪਹਿਲਾਂ ਵਾਂਗ ਹੀ ਪੈਸੇ ਨਾਲ ਮਨਜ਼ੂਰੀਆਂ ਦਿਵਾ ਕੇ ਹੁੰਦਾ ਰਿਹਾ ਸੀ ਤੇ ਜਿਹੜੇ ਪ੍ਰਸ਼ਾਸਨਕ ਅਧਿਕਾਰੀ ਇਸ ਵਿੱਚ ਸ਼ਾਮਲ ਰਹੇ ਸਨ, ਉਨ੍ਹਾਂ ਵੱਲੋਂ ਇਸ ਕਾਂਡ ਨੂੰ ਕੁਰਾਹੇ ਪਾÀਣ ਦੇ ਲਈ ਯਤਨ ਹੋ ਰਹੇ ਹਨ। ਅਸੀਂ ਇਸ ਨੂੰ ਫੋਕਾ ਦੋਸ਼ ਵੀ ਨਹੀਂ ਕਹਿ ਸਕਦੇ ਤੇ ਇਸ ਨੂੰ ਇੱਕ ਦਮ ਭਰੋਸੇ ਵਾਲਾ ਮੰਨ ਕੇ ਵੀ ਕੋਈ ਰਾਏ ਨਹੀਂ ਦੇਣਾ ਚਾਹੁੰਦੇ। ਇਸ ਦੀ ਥਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਕੇਸ ਵਿੱਚ ਜਾਂਚ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜਾਂਚ ਨਾ ਸਿਰਫ਼ ਨਿਰਪੱਖ ਹੋ ਕੇ ਕਾਨੂੰਨ ਦੇ ਮੁਤਾਬਕ ਸਿਰੇ ਲਾਈ ਜਾਵੇ, ਸਗੋਂ ਇਹ ਲੋਕਾਂ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਤੋਂ ਵੀ ਉੱਪਰ ਰੱਖੀ ਜਾਵੇ। ਇਹ ਗੱਲ ਬਹੁਤ ਜ਼ਰੂਰੀ ਹੈ।