ਸੰਘ ਦੀ ਮੀਟਿੰਗ 'ਚ ਮੋਦੀ, ਖੁਸ਼ ਹੋਏ ਭਾਗਵਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭੋਪਾਲ 'ਚ ਭਾਜਪਾ-ਆਰ ਐੱਸ ਐੱਸ ਦੀ ਤਿੰਨ ਰੋਜ਼ਾ ਮੀਟਿੰਗ 'ਚ ਸ਼ਿਰਕਤ ਕਰਦਿਆਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਪੇਸ਼ਕਾਰੀ ਕੀਤੀ। ਸੂਤਰਾਂ ਮੁਤਾਬਕ ਮੋਦੀ ਨੇ 15 ਮਿੰਟ ਤੱਕ ਸੰਘ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 14 ਮਹੀਨਿਆਂ ਦੇ ਕਾਰਜਕਾਲ 'ਚ ਉਨ੍ਹਾ ਦੀ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਹਨ, ਜਿਨ੍ਹਾਂ ਦੇ ਨਤੀਜੇ ਜਲਦੀ ਸਾਹਮਣੇ ਆਉਣ ਲੱਗ ਪੈਣਗੇ। ਮੋਦੀ ਨੇ ਇਸ ਮੌਕੇ ਸਵੈਮ-ਸੇਵਕ ਹੋਣ 'ਤੇ ਮਾਣ ਮਹਿਸੂਸ ਕੀਤੇ ਜਾਣ ਦੀ ਗੱਲ ਵੀ ਕਹੀ। ਸੂਤਰਾਂ ਮੁਤਾਬਕ ਮੀਟਿੰਗ 'ਚ ਸੰਘ ਮੁਖੀ ਮੋਹਨ ਭਾਗਵਤ ਨੇ ਮੋਦੀ ਦੀ ਕਾਫੀ ਤਾਰੀਫ ਕੀਤੀ।
ਮੋਦੀ ਸੰਘ ਅਤੇ ਭਾਜਪਾ ਦੀ ਇਸ ਮੀਟਿੰਗ 'ਚ ਲੱਗਭੱਗ 2 ਘੰਟੇ ਰਹੇ। ਉਨ੍ਹਾ ਭਾਗਵਤ ਦੇ ਸੰਬੋਧਨ ਤੋਂ ਪਹਿਲਾਂ 15 ਮਿੰਟ ਦਾ ਭਾਸ਼ਣ ਦਿੱਤਾ, ਜਿਸ ਦੌਰਾਨ ਉਨ੍ਹਾ ਦਾ ਜ਼ੋਰ ਸਰਕਾਰ ਦੇ ਕੰਮਕਾਜ ਅਤੇ ਉਸ ਦੇ ਸੰਭਾਵਿਤ ਨਤੀਜਿਆਂ 'ਤੇ ਸੀ।
ਇਸ ਮੀਟਿੰਗ ਵਿੱਚ ਰਾਜਨਾਥ ਸਿੰਘ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਮਨੋਹਰ ਪਰਿਕਰ, ਵੈਂਕਈਆ ਨਾਇਡੂ ਅਤੇ ਅਨੰਤ ਕੁਮਾਰ ਪ੍ਰਮੁੱਖ ਤੌਰ 'ਤੇ ਹਾਜ਼ਰ ਹੋਏ। ਆਰ ਐੱਸ ਐੱਸ, ਭਾਜਪਾ ਅਤੇ ਸਰਕਾਰ ਦੇ ਮੰਤਰੀਆਂ ਦੀ ਆਪਣੀ ਤਰ੍ਹਾਂ ਦੀ ਇਹ ਪਹਿਲੀ ਮੀਟਿੰਗ ਹੈ, ਜਿਸ ਵਿੱਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਈ। ਮੋਦੀ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਅੰਦਰੂਨੀ ਸੁਰੱਖਿਆ, ਨਕਸਲ ਸਮੱਸਿਆ ਅਤੇ ਜੰਮੂ-ਕਸ਼ਮੀਰ ਦੀ ਸਥਿਤੀ ਸਮੇਤ ਮੁੱਖ ਮੁੱਦਿਆਂ 'ਤੇ ਹੋਈ ਚਰਚਾ 'ਚ ਸ਼ਮੂਲੀਅਤ ਕੀਤੀ।
ਆਰ ਐੱਸ ਐੱਸ-ਭਾਜਪਾ ਦੀ ਤਾਲਮੇਲ ਮੀਟਿੰਗ ਦੇ ਤੀਜੇ ਦਿਨ ਸੰਘ ਨੇ ਕਿਹਾ ਕਿ ਉਹ ਰਾਮ ਮੰਦਰ ਬਣਾਉਣ ਲਈ ਵਚਨਬੱਧ ਹੈ। ਆਰ ਐੱਸ ਐੱਸ ਦੇ ਸੀਨੀਅਰ ਆਗੂ ਦੱਤਾਤਰੇਅ ਹੋਜਬੋਲੇ ਨੇ ਕਿਹਾ ਕਿ ਇਹ ਮਾਮਲਾ ਅਦਾਲਤ 'ਚ ਹੈ, ਇਸ ਲਈ ਮੋਦੀ ਸਰਕਾਰ ਉਸ ਦੇ ਮੁਤਾਬਕ ਹੀ ਅਗਲਾ ਕੋਈ ਕਦਮ ਪੁੱਟੇਗੀ। ਸੰਘ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਰਾਮ ਮੰਦਰ ਦਾ ਮੁੱਦਾ ਫੇਰ ਚੁੱਕਿਆ ਹੈ। ਬੈਠਕ ਦੇ ਤੀਜੇ ਦਿਨ ਸੰਘ ਨੇ ਉਨ੍ਹਾਂ ਸਾਰੇ ਮੁੱਦਿਆਂ ਬਾਰੇ ਰਸਮੀ ਤੌਰ 'ਤੇ ਖੁਲਾਸਾ ਕੀਤਾ, ਜਿਨ੍ਹਾਂ ਬਾਰੇ ਮੀਟਿੰਗ ਵਿੱਚ ਵਿਚਾਰ-ਚਰਚਾ ਹੋਈ। ਸੰਘ ਨੇ ਕਿਹਾ ਕਿ ਮੀਟਿੰਗ ਵਿੱਚ ਦੇਸ਼ ਦੀ ਏਕਤਾ, ਸੁਰੱਖਿਆ ਸਮੇਤ ਕਈ ਸਮਾਜਿਕ ਮਸਲਿਆਂ ਬਾਰੇ ਵਿਚਾਰ-ਚਰਚਾ ਹੋਈ।
ਆਰ ਐੱਸ ਐੱਸ ਅਤੇ ਭਾਜਪਾ ਦੀ ਤਾਲਮੇਲ ਮੀਟਿੰਗ ਬਾਰੇ ਉਠ ਰਹੇ ਇਤਰਾਜ਼ਾਂ ਬਾਰੇ ਦੱਤਾਤਰੇਅ ਹੋਜਬੋਲੇ ਨੇ ਸਫ਼ਾਈ ਦਿੱਤੀ ਹੈ। ਤੀਜੇ ਦਿਨ ਮੀਟਿੰਗ ਖ਼ਤਮ ਹੋਣ ਤੋਂ ਕੁਝ ਦੇਰ ਪਹਿਲਾ ਸੰਘ ਦੇ ਸੀਨੀਅਰ ਆਗੂ ਹੋਜਬੋਲੇ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਕਿ ਮੀਟਿੰਗ 'ਚ ਸਰਕਾਰ ਦੀ ਕੋਈ ਸਮੀਖਿਆ ਨਹੀਂ ਕੀਤੀ ਗਈ। ਹੋਜਬੋਲੇ ਨੇ ਕਿਹਾ ਕਿ ਇਹ ਸਰਕਾਰ ਦੀ ਸਮੀਖਿਆ ਕਰਨ ਲਈ ਮੀਟਿੰਗ ਨਹੀਂ ਸੀ ਅਤੇ ਮੀਟਿੰਗ 'ਚ ਸਿਰਫ਼ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਉਨ੍ਹਾ ਦੱਸਿਆ ਕਿ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾ ਕਿਹਾ ਕਿ ਜਿਵੇਂ ਮੰਤਰੀ ਹੋਰਨਾਂ ਜਥੇਬੰਦੀਆਂ ਦੇ ਸਾਹਮਣੇ ਜਾ ਕੇ ਆਪਣੀ ਗੱਲ ਰੱਖਦੇ ਹਨ ਅਤੇ ਦੂਜਿਆ ਦੀ ਗੱਲ ਸੁਣਦੇ ਹਨ, ਇਸੇ ਤਰ੍ਹਾਂ ਇਸ ਮੀਟਿੰਗ 'ਚ ਸੀ।
ਕਾਂਗਰਸ ਦੇ ਇਤਰਾਜ਼ ਨੂੰ ਰੱਦ ਕਰਦਿਆ ਹੋਜਬੋਲੇ ਨੇ ਕਿਹਾ ਕਿ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣ ਵਾਲੀ ਕਾਂਗਰਸ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ। ਹੋਜਬੋਲੇ ਨੇ ਦੱਸਿਆ ਕਿ ਮੀਟਿੰਗ 'ਚ ਅੰਦਰੂਨੀ ਅਤੇ ਬਾਹਰੀ ਸੁਰੱਖਿਆ, ਸਿੱਖਿਆ ਤੇ ਪਸਾਰ ਅਤੇ ਪ੍ਰਚਾਰ, ਵਿਕਾਸ ਦੇ ਸਮਾਜਿਕ ਅਤੇ ਆਰਥਿਕ ਮਾਡਲ ਬਾਰੇ ਮੀਟਿੰਗ 'ਚ ਚਰਚਾ ਕੀਤੀ ਗਈ। ਉਨ੍ਹਾ ਕਿਹਾ ਕਿ ਆਰਥਕ ਖੇਤਰ ਦੇ ਸੰਦਰਭ 'ਚ ਭਾਰਤੀ ਚਿੰਤਨ ਅਤੇ ਵਿਚਾਰ, ਇਸ ਅਧਾਰ 'ਤੇ ਵਰਤਮਾਨ ਕਾਲ 'ਚ ਅਨੁਕੂਲ ਮਾਡਲ ਨੂੰ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾ ਕਿਹਾ ਕਿ ਪੱਛਮ ਦੇ ਕਈ ਮਾਡਲ ਫੇਲ੍ਹ ਹੋ ਚੁੱਕੇ ਹਨ, ਉਥੇ ਵੀ ਲੋਕ ਚੌਰਾਹੇ 'ਤੇ ਖੜੇ ਹਨ ਉਨ੍ਹਾ ਕਿਹਾ ਕਿ ਏਸੇ ਨਜ਼ਰੀਏ ਤੋਂ ਚਰਚਾ ਹੋਈ ਕਿ ਅਜਿਹਾ ਕਿਹੜਾ ਮਾਡਲ ਹੋਵੇ, ਜਿਸ ਨਾਲ ਵਾਤਾਵਰਣ ਨੂੰ ਬਚਾਇਆ ਜਾ ਸਕੇ। ਹੋਜਬੋਲੇ ਨੇ ਕਿਹਾ ਕਿ ਸੰਘ ਨੇ ਸਰਕਾਰ ਨੂੰ ਆਪਣਾ ਕੋਈ ਏਜੰਡਾ ਨਹੀਂ ਦਿੱਤਾ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੇ ਮਨ ਦੇ ਏਜੰਡੇ ਦੇ ਹਿਸਾਬ ਨਾਲ ਚੱਲ ਰਹੇ ਹਨ। ਸ਼ਬਦਾਂ ਦੇ ਹੇਰ-ਫੇਰ ਨਾਲ ਹੋਜਬੋਲੇ ਨੇ ਕਿਹਾ ਕਿ ਸਰਕਾਰ ਦੇ ਕੰਮਕਾਜ ਨਾਲ ਸੰਘ ਲੱਗਭੱਗ ਸੰਤੁਸ਼ਟ ਹੈ, ਹਾਲਾਂਕਿ ਉਨ੍ਹਾ ਕਿਹਾ ਕਿ 100 ਫ਼ੀਸਦੀ ਸੰਤੁਸ਼ਟੀ ਸੰਭਵ ਨਹੀਂ ਹੈ, ਪਰ ਸਰਕਾਰ ਦੀ ਦਿਸ਼ਾ ਅਤੇ ਦ੍ਰਿਸ਼ਟੀ ਠੀਕ ਹੈ।
ਹੋਜਬੋਲੇ ਨੇ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਵੀ ਆਪਣੇ ਹੀ ਲੋਕ ਹਨ। ਉਨ੍ਹਾ ਕਿਹਾ ਕਿ ਐੱਨ ਆਰ ਆਈ ਨੂੰ ਭਾਰਤ ਲਿਆਉਣ ਦੇ ਯਤਨ ਹੋਣੇ ਚਾਹੀਦੇ ਹਨ। ਉਨ੍ਹਾ ਕਿਹਾ ਕਿ ਲੋਕ ਪਿੰਡ ਛੱਡ ਕੇ ਸ਼ਹਿਰਾਂ ਨੂੰ ਆ ਰਹੇ ਹਨ। ਉਨ੍ਹਾ ਕਿਹਾ ਕਿ ਪਿੰਡਾਂ 'ਚ ਵੀ ਪਾਣੀ, ਬਿਜਲੀ ਅਤੇ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਹੋਜਬੋਲੇ ਨੇ ਕਿਹਾ ਕਿ ਸਰਕਾਰ ਦੀ ਨੀਤ ਸਾਫ਼ ਹੈ। ਉਨ੍ਹਾ ਕਿਹਾ ਕਿ ਇੱਕ ਰੈਂਕ ਇੱਕ ਪੈਨਸ਼ਨ ਸਕੀਮ ਲਾਗੂ ਕਰਨ ਦੀ ਦਿਸ਼ਾ 'ਚ ਕੰਮ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਸੰਘ ਰਾਮ ਮੰਦਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਸੰਘ ਸਰਕਾਰ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਕਰਦਾ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਰਕਾਰ ਤੇ ਸੰਘ ਤਾਲਮੇਲ ਕਮੇਟੀ ਦੀ ਇਹ ਆਪਣੀ ਕਿਸਮ ਦੀ ਪਹਿਲੀ ਮੀਟਿੰਗ ਸੀ।
ਹੋਜਬੋਲੇ ਨੇ ਦੱਸਿਆ ਕਿ ਮੀਟਿੰਗ 'ਚ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਸੰਬੰਧਾਂ ਨੂੰ ਲੈ ਕੇ ਚਰਚਾ ਹੋਈ। ਉਨ੍ਹਾ ਕਿਹਾ ਕਿ ਪਾਕਿਸਤਾਨ ਅਤੇ ਬੰਗਲਾਦੇਸ਼ 'ਚ ਵੀ ਆਪਣੇ ਪਰਵਾਰ ਦੇ ਲੋਕ ਹਨ, ਜਿਵੇਂ ਭਰਾਵਾਂ 'ਚ ਹੁੰਦਾ ਹੈ, ਮਾੜਾ-ਮੋਟਾ ਤਣਾਅ। ਉਨ੍ਹਾ ਕਿਹਾ ਕਿ ਗਵਾਂਢੀ ਮੁਲਕਾਂ ਨਾਲ ਸੱਭਿਆਚਾਰਕ ਸੰਬੰਧ ਸੁਧਾਰਨ ਬਾਰੇ ਵੀ ਚਰਚਾ ਹੋਈ।
ਜਦੋਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਪਾਕਿਸਤਾਨ ਵੱਲੋਂ ਰੋਜ਼ ਗੋਲਾਬਾਰੀ ਕੀਤੀ ਜਾਂਦੀ ਹੈ ਅਤੇ ਅਜਿਹੇ ਹਾਲਾਤ 'ਚ ਸੰਬੰਧ ਕਿਵੇਂ ਸੁਧਰ ਸਕਦੇ ਹਨ ਤਾਂ ਹੋਜਬੋਲੇ ਨੇ ਕਿਹਾ ਕਿ ਕੌਰਵਾਂ-ਪਾਂਡਵਾਂ 'ਚ ਵੀ ਲੜਾਈ ਹੁੰਦੀ ਸੀ, ਪਰ ਬਹੁਤ ਕੁਝ ਕਰਨਾ ਪੈਂਦਾ ਹੈ। ਉਨ੍ਹਾ ਕਿਹਾ ਕਿ ਕਮਜ਼ੋਰ ਲੋਕਾਂ, ਅਨੁਸੂਚਿਤ ਜਨਜਾਤੀਆਂ ਨੂੰ ਸਨਮਾਨ ਅਤੇ ਸੁਰੱਖਿਆ ਦਾ ਜੀਵਨ ਮਿਲੇ, ਇਸ ਬਾਰੇ ਵੀ ਚਰਚਾ ਹੋਈ।
ਧਾਰਮਿਕ ਜਨਗਣਨਾ ਦਾ ਜ਼ਿਕਰ ਕਰਦਿਆ ਉਨ੍ਹਾ ਕਿਹਾ ਕਿ ਇਸ ਬਾਰੇ ਵੀ ਚਰਚਾ ਹੋਈ।