ਅਧਿਆਪਕ ਦਿਵਸ ਅਧਿਆਪਕਾਂ ਨੇ ਕਾਲੇ ਦਿਵਸ ਵਜੋਂ ਮਨਾਇਆ

ਸ਼ਹੀਦ ਕਿਰਨਜੀਤ ਕੌਰ ਈ.ਜੀ.ਐੱਸ, ਏ.ਆਈ.ਈ., ਐੱਸ.ਟੀ.ਆਰ ਅਧਿਆਪਕ ਯੂਨੀਅਨ ਪੰਜਾਬ ਨੇ ਅਧਿਆਪਕ ਦਿਵਸ ਨੂੰ ਕਾਲਾ ਦਿਨ ਮਨਾਉਂਦਿਆਂ ਜੰਮ ਕੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕੀਤਾ ਤੇ ਸਰਕਾਰ ਦਾ ਪੁਤਲਾ ਸਾੜਦਿਆਂ ਨਾਅਰੇਬਾਜ਼ੀ ਵੀ ਕੀਤੀ।
ਈ.ਜੀ.ਐੱਸ, ਏ.ਆਈ.ਈ., ਐੱਸ.ਟੀ.ਆਰ ਅਧਿਆਪਕਾਂ ਨੇ ਡੀ.ਸੀ ਦਫ਼ਤਰ ਦੀ ਪਾਰਕ ਵਿੱਚ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਜ਼ਿਕਰਯੋਗ ਹੈ ਕਿ ਇਹ ਅਧਿਆਪਕ ਸਾਰੇ ਹੀ ਡਿਗਰੀ ਹੋਲਡਰ (ਐੱਮ.ਏ., ਬੀ.ਐੱਡ, ਪੀ.ਐੱਚ.ਡੀ, ਈ.ਟੀ.ਟੀ) ਆਦਿ ਹਨ। ਇਹ ਈ.ਜੀ.ਐੱਸ, ਏ.ਆਈ.ਈ., ਐੱਸ.ਟੀ.ਆਰ ਅਧਿਆਪਕ 2003 ਤੋਂ ਨਿਗੁਣੀ ਤਨਖਾਹ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਨੇ ਅੱਜ ਤੱਕ ਪ੍ਰਵਾਨ ਨਹੀਂ ਕੀਤੀਆਂ। ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਤਾਰ ਭਰੋਸਾ ਦੇਣ ਦੇ ਬਾਵਜੂਦ ਵੀ ਪੈਨਲ ਮੀਟਿੰਗ ਨਹੀਂ ਦਿੱਤੀ ਜਾ ਰਹੀ, ਜਿਸ ਦੇ ਵਿਰੋਧ ਵਿੱਚ ਡੀ.ਸੀ ਦਫ਼ਤਰ ਦੇ ਸਾਹਮਣੇ ਅਧਿਆਪਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ।ਆਗੂ ਅਧਿਆਪਕਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਤੋਂ ਜਲਦ ਪੈਨਲ ਮੀਟਿੰਗ ਨਾ ਦਿੱਤੀ ਤਾਂ 12/09/2015 ਨੂੰ ਬਠਿੰਡੇ ਵਿੱਚ ਸਟੇਟ ਪੱਧਰ 'ਤੇ ਰੋਸ ਰੈਲੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। ਜੇਕਰ ਕੋਈ ਕਿਸੇ ਵੀ ਅਧਿਆਪਕ ਨਾਲ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹਰਿੰਦਰ ਸਿੰਘ ਵਿਛੋਆ, ਰਾਜਬੀਰ ਸਿੰਘ, ਸੈਮੂਅਲ ਗਿੱਲ, ਗੁਰਪਾਲ ਮੱਲੂ ਨੰਗਲ, ਜਗਦੀਪ ਨੌਸ਼ਹਿਰਾ, ਨਵਦੀਪ ਭਗਤ, ਦਵਿੰਦਰ ਸਿੰਘ, ਮਹਿੰਦਰ ਸਿੰਘ ਕਤਲੇ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਰਮਨ ਮਜੀਠਾ, ਸੁਖਦੇਵ ਸਿੰਘ, ਸੰਦੀਪ ਕੌਰ, ਮਿਨਾਕਸ਼ੀ, ਸੋਨਾਲੀ ਹਾਡਾ, ਰਜਵੰਤ ਕੌਰ, ਮਨਜੀਤ ਕੌਰ, ਮਨਦੀਪ ਸਿੰਘ, ਜਸਵਿੰਦਰ ਸਿੰਘ ਰਜਿੰਦਰ ਸਿੰਘ ਚਾਹਲ ਆਦਿ ਵੀ ਹਾਜ਼ਰ ਸਨ।