ਨੌਜਵਾਨ ਪੀੜ੍ਹੀ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਲੋੜ : ਡਾਕਟਰ ਰਘਬੀਰ ਕੌਰ

ਆਜ਼ਾਦੀ ਦੀ ਜੰਗ ਵਿੱਚ ਗ਼ਦਰ ਲਹਿਰ ਦੇ ਸੂਰਬੀਰ ਯੋਧਿਆਂ ਨੇ ਜਿਸ ਉਦੇਸ਼ ਨੂੰ ਲੈ ਕੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਉਹ ਪੂਰੇ ਨਹੀਂ ਹੋਏ। ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਦਦੇਹਰ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਸਰਹਾਲੀ, ਬਾਬਾ ਬੋਘ ਸਿੰਘ ਝਾੜ ਸਾਹਿਬ, ਪਿੰਡ ਰੂੜੀਵਾਲੇ ਦੇ ਸ਼ਹੀਦ ਆਦਿ ਅਨੇਕਾਂ ਗ਼ਦਰੀਆਂ ਨੇ ਜਾਤ-ਪਾਤ, ਧਰਮ ਤੋਂ ਉੱਪਰ ਉੱਠ ਕੇ ਇੱਕ ਨਵਾਂ ਇਤਿਹਾਸ ਸਿਰਜਿਆ। ਅੱਜ ਲੋੜ ਹੈ ਇਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਰਘਬੀਰ ਕੌਰ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਪਿੰਡ ਰੂੜੀਵਾਲਾ ਦੌਰਾਨ ਕਹੇ। ਇਤਿਹਾਸਕਾਰ ਤੇ ਲੇਖਕ ਚਰੰਜੀ ਲਾਲ ਕੰਗਣੀਵਾਲ ਨੇ ਦੱਸਿਆ ਕਿ 3 ਸਤੰਬਰ 1915 ਨੂੰ ਅੰਬਾਲਾ ਜੇਲ੍ਹ ਵਿੱਚ 12 ਗ਼ਦਰੀਆਂ ਨੂੰ ਫ਼ਾਂਸੀ ਦਿੱਤੀ ਗਈ, ਇਨ੍ਹਾਂ ਗ਼ਦਰੀਆਂ ਬਾਰੇ ਛੇਤੀ ਹੀ ਨਵੀਂ ਕਿਤਾਬ ਲਿਖ ਕੇ ਪ੍ਰਕਾਸ਼ਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਚਾਰ ਇਸ ਪਿੰਡ ਦੇ ਹਨ। ਉਨ੍ਹਾਂ ਪਹਿਲੀ ਨਵੰਬਰ ਨੂੰ ਗ਼ਦਰ ਸ਼ਤਾਬਦੀ ਸਮਾਰੋਹ ਜਲੰਧਰ ਵਿੱਚ ਆਮ ਜਨਤਾ ਨੂੰ ਪਹੁੰਚਣ ਦੀ ਅਪੀਲ ਕੀਤੀ।
ਸਮਾਗਮ ਦੇ ਤੀਸਰੇ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਥਾ, ਕੀਰਤਨ ਹੋਏ ਤੇ ਢਾਡੀ, ਕਵੀਸ਼ਰਾਂ ਨੇ ਗ਼ਦਰੀ ਸ਼ਹੀਦਾਂ ਦੇ ਇਤਿਹਾਸ ਬਾਰੇ ਦੱਸਿਆ। ਕਬੱਡੀ ਦੇ ਮੈਚ ਵਿੱਚ ਮਾਝੇ ਦੀ ਟੀਮ ਨੇ ਮਾਲਵੇ ਦੀ ਟੀਮ ਨੂੰ ਹਰਾਇਆ। ਰਾਤ ਸਮੇਂ ਤਰਕਸ਼ੀਲ ਸੁਸਾਇਟੀ ਦੇ ਸਹਿਯੋਗ ਨਾਲ ਤਰਕਸ਼ੀਲ ਮੇਲਾ ਕਰਵਾਇਆ ਗਿਆ। ਭਾਰੀ ਇਕੱਠ ਵਿੱਚ ਨਸ਼ਿਆਂ 'ਤੇ ਅਧਾਰਤ ਨਾਟਕ 'ਅਰਮਾਨ' ਅਤੇ 'ਦਹਿਕਦੇ ਅੰਗਾਰਿਆਂ 'ਤੇ ਸੌਂਦੇ ਰਹੇ ਉਹ ਲੋਕ' ਕੋਰੀਓਗ੍ਰਾਫ਼ੀ ਆਰਟ ਨਾਟ ਮੰਚ ਵੇਰਕਾ ਵੱਲੋਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਤਰਕਸ਼ੀਲ ਆਗੂ ਰਜਵੰਤ ਸਿੰਘ ਬਾਗੜੀਆ ਅਤੇ ਮਾਸਟਰ ਤਸਵੀਰ ਸਿੰਘ ਨੇ ਲੋਕਾਂ ਨੂੰ ਵਹਿਮਾਂ ਭਰਮਾਂ, ਤਾਂਤਰਿਕਾਂ, ਜੋਤਸ਼ੀਆਂ ਆਦਿ ਦੇ ਚੱਕਰਵਿਊ ਵਿੱਚੋਂ ਨਿਕਲਣ ਅਤੇ ਆਪਣੀ ਮਿਹਨਤ ਨੂੰ ਪਾਖੰਡੀਆਂ ਕੋਲੋਂ ਬਚਾਉਣ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਨਾਮਬੰਦ ਹੋਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਲਈ ਕੁਰਬਾਨ ਹੋਏ ਗ਼ਦਰੀਆਂ ਦੇ ਅਧੂਰੇ ਸੁਪਨੇ ਪੂਰੇ ਹੋ ਸਕਣ। ਤਰਕਸ਼ੀਲ ਜਾਦੂਗਰ ਸੇਵਾ ਸਿੰਘ ਵੱਲੋਂ ਜਾਦੂ ਦੇ ਹੈਰਾਨੀਜਨਕ ਟਰਿੱਕ ਵਿਖਾ ਕੇ ਸਾਬਤ ਕੀਤਾ ਗਿਆ ਕਿ ਇਨ੍ਹਾਂ ਟਰਿੱਕਾਂ ਪਿੱਛੇ ਕੋਈ ਵੀ ਜਾਦੂਈ ਸ਼ਕਤੀ ਜਾਂ ਕਾਲਾ ਇਲਮ ਨਹੀਂ ਹੁੰਦੇ। ਮੁਖਵਿੰਦਰ ਸਿੰਘ ਚੋਹਲਾ ਨੇ ਦੱਸਿਆ ਕਿ ਸਮਾਗਮ ਦੇ ਤੀਸਰੇ ਦਿਨ ਗ਼ਦਰੀ ਸ਼ਹੀਦ ਯਾਦਗਾਰੀ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਨਸੂਰਦੇਵਾ, ਸਕੱਤਰ ਬੁੱਧ ਸਿੰਘ ਵੱਲੋਂ ਗ਼ਦਰੀ ਸ਼ਹੀਦਾਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਬਾਬਾ ਮੰਗਲ ਸਿੰਘ, ਮੇਜਰ ਸਿੰਘ ਉਬੋਕੇ, ਚਰਨਜੀਤ ਸਿੰਘ ਬਰਾੜ, ਗੁਰਦੇਵ ਸਿੰਘ ਉਬੋਕੇ ਮੀਤ ਸਕੱਤਰ ਐਸ ਜੀ ਪੀ ਸੀ, ਗੁਰਵਿੰਦਰ ਸਿੰਘ ਪੱਪੂ, ਅਮਰੀਕ ਸਿੰਘ ਚੋਹਲਾ ਖੁਰਦ, ਗੁਰਪ੍ਰੀਤ ਗੰਡੀਵਿੰਡ, ਸਰਦੂਲ ਸਿੰਘ ਉਬੋਕੇ ਆਦਿ ਸ਼ਾਮਲ ਸਨ। ਤਿੰਨ ਦਿਨਾ ਇਸ ਸਮਾਗਮ ਨੇ ਕਾਮਯਾਬ ਕਰਨ ਵਿੱਚ ਹਰਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਪ੍ਰਭਜੋਤ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।