ਪੰਜਾਬ ਨੂੰ ਸਿੱਖਿਆ ਤੇ ਸਿਹਤ ਦਾ ਧੁਰਾ ਬਣਾਇਆ ਜਾਵੇਗਾ : ਬਾਦਲ

ਪੰਜਾਬ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਖੇਤਰ ਵਿਚ ਪ੍ਰਾਪਤ ਕੀਤੀ ਵੱਡੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਨੂੰ ਦੇਸ਼ ਭਰ ਵਿਚ 'ਸਿੱਖਿਆ ਅਤੇ ਸਿਹਤ ਸੇਵਾਵਾਂ' ਦਾ ਧੁਰਾ ਬਣਾਉਣ 'ਤੇ ਜ਼ੋਰ ਦਿੱਤਾ ਹੈ। ਪੰਜਾਬ ਸੈਂਟਰਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਸਿੱਖਿਆ ਸੈਕਟਰ ਨੂੰ ਹੁਲਾਰਾ ਦੇਣ ਲਈ ਵਿਲੱਖਣ ਕਦਮ ਪੁੱਟੇ ਹਨ, ਜਿਸ ਦੇ ਨਤੀਜੇ ਵੱਜੋਂ ਪੰਜਾਬ, ਦੇਸ਼ ਵਿਚ ਸਿੱਖਿਆ ਦੇ ਖੇਤਰ 'ਚ ਮੋਹਰੀ ਸੂਬੇ ਵਜੋਂ ਸਾਹਮਣੇ ਆਇਆ ਹੈ। ਸੂਬਾ ਸਰਕਾਰ ਨੇ 10 ਨਵੀਂਆਂ ਯੂਨੀਵਰਸਿਟੀਆਂ ਅਤੇ 17 ਡਿਗਰੀ ਕਾਲਜ ਸਥਾਪਤ ਕਰਨ ਤੋਂ ਇਲਾਵਾ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾ ਕਿਹਾ ਕਿ ਬਠਿੰਡਾ ਨੂੰ ਸੂਬੇ ਵਿਚ ਸਿੱਖਿਆ ਦੇ ਖੇਤਰ 'ਚ ਮੁਕਾਬਲਤਨ ਪੱਛੜਿਆ ਹੋਇਆ ਇਲਾਕਾ ਮੰਨਿਆ ਗਿਆ ਹੈ, ਪਰ ਹੁਣ ਬਠਿੰਡਾ ਖੇਤਰ ਵਿਚ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜ ਨਵੀਂਆਂ ਯੂਨੀਵਰਸਿਟੀਆਂ ਬਣਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਅਤਿ-ਆਧੁਨਿਕ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਆਪਣਾ ਧਿਆਨ ਕੇਂਦਰਤ ਕੀਤਾ ਹੈ। ਪਹਿਲਾਂ ਪੰਜਾਬੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਹੋਰਨਾਂ ਸੂਬਿਆਂ ਨੂੰ ਜਾਂਦੇ ਸਨ, ਜਦਕਿ ਹੁਣ ਸੂਬੇ ਦੇ ਹਰੇਕ ਖੇਤਰ ਵਿਚ ਅਤਿ-ਆਧੁਨਿਕ ਇਲਾਜ ਅਤੇ ਟੈਸਟਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾ ਦਿੱਤੀਆਂ ਹਨ।
ਮਾਨਵੀ ਵਸੀਲਿਆਂ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਸ੍ਰੀਮਤੀ ਸਮਰਿਤੀ ਜ਼ੁਬਿਨ ਈਰਾਨੀ ਨੂੰ ਦੇਸ਼ ਦੇ ਹਰੇਕ ਬਲਾਕ ਵਿਚ ਮੈਰੀਟੋਰੀਅਸ ਸਕੂਲ ਖੋਲ੍ਹਣ ਦੀ ਅਪੀਲ ਕਰਦੇ ਹੋਏ ਸ਼੍ਰੀ ਬਾਦਲ ਨੇ ਕਿਹਾ ਕਿ ਸਮਾਜ ਦੇ ਆਰਥਿਕ ਤੌਰ 'ਤੇ ਪਛੜੇ ਹੋਏ ਹੁਸ਼ਿਆਰ ਵਿਦਿਆਰਥੀਆਂ ਲਈ ਇਹ ਸਕੂਲ ਵਰਦਾਨ ਸਾਬਤ ਹੋਣਗੇ। ਉਨ੍ਹਾ ਕਿਹਾ ਕਿ ਪੰਜਾਬ ਵਿਚ ਇਸ ਤਰ੍ਹਾਂ ਦੇ ਛੇ ਸਕੂਲ ਪਹਿਲਾਂ ਹੀ ਮੋਹਾਲੀ, ਬਠਿੰਡਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਸਥਾਪਤ ਕੀਤੇ ਜਾ ਚੁੱਕੇ ਹਨ, ਜੋ ਕਿ ਸਰਕਾਰੀ ਸਕੂਲਾਂ ਵਿਚ ਦਸਵੀਂ ਜਮਾਤ ਵਿੱਚੋਂ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਇਹ ਤਜਰਬਾ ਪੂਰੀ ਤਰ੍ਹਾਂ ਸਫਲ ਹੋਇਆ ਹੈ ਅਤੇ ਇਸ ਨੇ ਸਿੱਖਿਆ ਦੇ ਮਾਪਦੰਡਾਂ ਨੂੰ ਉੱਚਾ ਕੀਤਾ ਹੈ। ਇਸ ਦੇ ਨਾਲ ਵਿਦਿਆਰਥੀਆਂ ਨੂੰ ਵੀ ਲਾਭ ਪਹੁੰਚਿਆ ਹੈ ਅਤੇ ਇਨ੍ਹਾਂ ਸਕੂਲਾਂ ਵਿਚ ਦਾਖਲਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਸਿਹਤਮੰਦ ਭਾਵਨਾ ਪੈਦਾ ਹੋਈ ਹੈ।
ਮੁੱਖ ਮੰਤਰੀ ਨੇ ਏਮਜ਼, ਆਈ ਆਈ ਐੱਮ ਅਤੇ ਪੋਸਟ ਗ੍ਰੈਜੂਏਟ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ ਇੰਸਟੀਚਿਊਟ ਵਰਗੀਆਂ ਅਹਿਮ ਸੰਸਥਾਵਾਂ ਸੂਬੇ ਨੂੰ ਦੇਣ ਵਾਸਤੇ ਐੱਨ ਡੀ ਏ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਅਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੇਂਦਰ ਸਰਕਾਰ ਨੇ ਸੂਬੇ ਨੂੰ ਅਜਿਹੇ ਕੁੰਜੀਵਤ ਪ੍ਰਾਜੈਕਟ ਦਿੱਤੇ ਹਨ। ਕਿਸਾਨਾਂ ਨਾਲ ਭਾਵਨਾਤਮਕ ਸਾਂਝ ਦਾ ਸਬੂਤ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਕਪਾਹ ਪੱਟੀ ਦੇ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਤੋਂ ਭਲੀ-ਭਾਂਤ ਜਾਣੂੰ ਹੈ ਅਤੇ ਸਰਕਾਰ ਇਸ ਔਖੀ ਘੜੀ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਕਰੇਗੀ ਅਤੇ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦਾ ਦਿਨ ਮਾਲਵਾ ਖਿੱਤੇ ਲਈ ਇਤਿਹਾਸਕ ਦਿਹਾੜਾ ਹੈ, ਕਿਉਂਕਿ ਅੱਜ ਸਿੱਖਿਆ ਦੇ ਖੇਤਰ ਵਿੱਚ ਇੱਥੇ ਇਕ ਨਿਵੇਕਲੀ ਪਹਿਲਕਦਮੀ ਦਾ ਆਗਾਜ਼ ਹੋ ਰਿਹਾ ਹੈ। ਇਸ ਯੂਨੀਵਰਸਿਟੀ ਦੇ ਮੁਕੰਮਲ ਹੋਣ ਨਾਲ ਤਕਰੀਬਨ 18,000 ਵਿਦਿਆਰਥੀ ਉੱਤਮ ਦਰਜੇ ਦੀ ਸਿੱਖਿਆ ਹਾਸਲ ਕਰਨਗੇ ਅਤੇ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਵਿਸ਼ੇਸ਼ ਕਾਰਜ ਲਈ 2000 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ। ਸੂਬਾ ਸਰਕਾਰ ਵੱਲੋਂ ਚਲਾਈਆਂ ਗਈਆਂ ਵਿਕਾਸਮੁਖੀ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਸੂਬੇ ਦੇ ਨੌਜਵਾਨਾਂ ਲਈ ਛੇਤੀ ਹੀ ਇਕ ਲੱਖ ਸਰਕਾਰੀ ਨੌਕਰੀਆਂ ਕੱਢੀਆਂ ਜਾਣਗੀਆਂ। ਇਸ ਦੇ ਨਾਲ ਹੀ ਵਿਕਾਸ ਕਾਰਜਾਂ ਲਈ ਹਰ ਇਕ ਵਿਧਾਨ ਸਭਾ ਹਲਕੇ ਨੂੰ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਖਾਸ ਤੌਰ 'ਤੇ ਸੀਵਰੇਜ ਦੀ ਸਥਾਪਤੀ ਯਤਨ ਕੀਤੇ ਜਾ ਰਹੇ ਹਨ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਅਗਲੇ ਸਾਲ 800 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਨ ਦੀ ਯੋਜਨਾ ਹੈ, ਜਿਸ ਵਿੱਚੋਂ ਅੱਧੀ ਰਾਸ਼ੀ ਬਠਿੰਡਾ ਦੇ ਖਾਲਿਆਂ ਦੀ ਮਜ਼ਬੂਤੀ ਲਈ ਖਰਚੀ ਜਾਵੇਗੀ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਪਾਣੀ ਦੀ ਸਮੱਸਿਆ ਦੂਰ ਕਰਨ ਲਈ 2000 ਕਰੋੜ ਰੁਪਏ ਖਰਚੇ ਜਾਣਗੇ।
ਉਪ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰਪੂਰ ਸ਼ਲਾਘਾ ਵੀ ਕੀਤੀ, ਜਿਨ੍ਹਾ ਸਾਬਕਾ ਫੌਜੀਆਂ ਦੀ ਚਿਰੋਕਣੀ ਮੰਗ 'ਇਕ ਰੈਂਕ-ਇਕ ਪੈਂਨਸ਼ਨ' ਨੂੰ ਪ੍ਰਵਾਨ ਕਰਕੇ ਇਕ ਨਿਵੇਕਲਾ ਫੈਸਲਾ ਲਿਆ ਹੈ। ਉਨ੍ਹਾ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਸਮਰਿਤੀ ਈਰਾਨੀ ਦਾ ਧੰਨਵਾਦ ਕੀਤਾ, ਜਿਨ੍ਹਾ ਪੰਜਾਬ ਦੇ ਇਸ ਜ਼ਿਲ੍ਹੇ ਨੂੰ ਕੇਂਦਰੀ ਯੂਨੀਵਰਸਿਟੀ ਦਾ ਤੋਹਫਾ ਦਿੱਤਾ ਹੈ।
ਆਪਣੇ ਸੰਬੋਧਨ ਦੌਰਾਨ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਈਰਾਨੀ ਨੇ ਕਿਹਾ ਕਿ ਇਹ ਕੇਂਦਰੀ ਯੂਨੀਵਰਸਿਟੀ ਦੇਸ਼ ਦੀਆਂ ਸਿਰਕੱਢ ਸਿੱਖਿਆ ਸੰਸਥਾਵਾਂ ਵਿੱਚੋਂ ਇਕ ਹੈ। ਉਨ੍ਹਾ ਅਪੀਲ ਕੀਤੀ ਕਿ ਪੰਜਾਬ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ ਆਈ ਐੱਮ ), ਅੰਮ੍ਰਿਤਸਰ ਵਿਖੇ ਖੇਤੀ ਤਕਨੀਕਾਂ, ਪਾਣੀ, ਪੇਂਡੂ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੈਨੇਜਮੈਂਟ ਦੇ ਕੋਰਸ ਸ਼ੁਰੂ ਕਰਕੇ ਦੇਸ਼ ਵਿੱਚੋਂ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ, ਤਾਂ ਜੋ ਬਾਕੀ ਦੇ ਸੂਬੇ ਵੀ ਪੰਜਾਬ ਦੇ ਮਾਡਲ ਨੂੰ ਅਪਣਾ ਸਕਣ। ਸ੍ਰੀਮਤੀ ਇਰਾਨੀ ਨੇ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸਨਅਤ ਦੇ ਵਿਕਾਸ ਲਈ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਵਿਚਾਲੇ ਸੰਭਾਵੀ ਸਮਝੌਤੇ ਦੀ ਤਜਵੀਜ਼ ਵੀ ਰੱਖੀ। ਇਸ ਕਾਰਜ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿੱਖਿਆ ਦਿੱਤੇ ਜਾਣ ਦਾ ਪ੍ਰਸਤਾਵ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਵਾਂ ਕੈਂਪਸ 18 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ। ਇਹ ਯੂਨੀਵਰਸਿਟੀ ਸਿੱਖਿਆ ਦੇ ਪਾਸਾਰ ਲਈ ਇਕ ਚਾਨਣ-ਮੁਨਾਰਾ ਸਾਬਤ ਹੋਵੇਗੀ, ਕਿਉਂਕਿ ਦੁਨੀਆ ਦੇ ਪ੍ਰਸਿੱਧ ਸਿੱਖਿਆ ਮਾਹਰਾਂ ਨੂੰ ਇੱਥੇ ਸੱਦਿਆ ਜਾਂਦਾ ਰਹੇਗਾ ਅਤੇ ਉਹ ਆਪਣੀਆਂ ਖੋਜਾਂ ਬਾਰੇ ਵਿਦਿਆਰਥੀਆਂ ਨੂੰ ਭਾਸ਼ਣ ਤੇ ਸਿੱਖਿਆ ਮੁਹੱਈਆ ਕਰਨਗੇ। ਉਨ੍ਹਾ ਆਸ ਪ੍ਰਗਟਾਈ ਕਿ ਇਸ ਯੂਨੀਵਰਸਿਟੀ ਦੇ ਕਾਰਨ ਖਿੱਤੇ ਵਿੱਚੋਂ ਮੁਹਾਰਤ ਦੀ ਬਰਾਮਦ (ਬਰੇਨ-ਡਰੇਨ) ਦੇ ਨਕੇਲ ਕੱਸੀ ਜਾਵੇਗੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਸ ਮੌਕੇ ਬੋਲਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਸੂਬੇ ਦੇ ਵਿੱਦਿਆ ਖੇਤਰ 'ਚ ਕਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਆਈ ਆਈ ਐੱਮ, ਆਈ ਐੱਸ ਬੀ, ਆਈ ਟੀ ਆਈ ਵਰਗੇ ਵਿੱਦਿਅਕ ਅਦਾਰਿਆਂ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਮਾਈ ਭਾਗੋ ਇਸਤਰੀ ਵਿੱਦਿਆ ਸਕੀਮ ਅਤੇ ਡਾ. ਹਰਗੋਬਿੰਦ ਖੁਰਾਣਾ ਪੋਸਟ ਮੈਟ੍ਰਿਕ ਸ਼ਕਾਲਰਸਿਪ ਸਕੀਮ ਨੇ ਵੀ ਇਸ ਖੇਤਰ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਸੂਬੇ ਦੇ ਵਿਕਾਸ 'ਚ ਇਕ ਮੀਲ ਪੱਥਰ ਹੈ, ਜਿੱਥੇ 18000 ਵਿੱਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਅਤੇ ਜਨਮੇਜਾ ਸਿੰਘ ਸੇਖੋਂ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਹਰਪ੍ਰੀਤ ਸਿੰਘ, ਵਿਸ਼ੇਸ਼ ਪਿੰ੍ਰਸੀਪਲ ਸਕੱਤਰ ਮੁੱਖ ਮੰਤਰੀ ਕੇ ਜੀ ਐੱਸ ਚੀਮਾ, ਸਹਾਇਕ ਮੀਡੀਆ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ ਹਰਜਿੰਦਰ ਸਿੱਧੂ, ਚੇਅਰਮੇਨ ਤੇਜਿੰਦਰ ਸਿੰਘ ਮਿੱਡੂਖੇੜਾ, ਸਰਕਲ ਪ੍ਰਧਾਨ ਅਵਤਾਰ ਸਿੰਘ ਵਣਵਾਲਾ, ਮੈਂਬਰ ਪੰਜਾਬ ਇਸਤਰੀ ਕਮਿਸ਼ਨ ਬੀਬੀ ਵੀਰਪਾਲ ਕੌਰ ਤਰਮਾਲਾ, ਆਈ ਜੀ ਵੀ ਕੇ ਬਾਵਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਇਸ ਮੌਕੇ ਹਾਜ਼ਰ ਸਨ।