ਬਾਘਾ ਪੁਰਾਣਾ ਦੀ ਅੱਜ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ

ਕੈਪਟਨ ਅਮਰਿੰਦਰ ਸਿੰਘ ਦੀ ਬਾਘਾ ਪੁਰਾਣਾ ਵਿਖੇ ਅੱਜ 9 ਸਤੰਬਰ ਨੂੰ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਰੈਲੀ ਅਕਾਲੀਆਂ ਨੂੰ ਭਾਜੜਾਂ ਪਾ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਾਬਕਾ ਮੰਤਰੀ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦਰਸ਼ਨ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ, ਜਦਕਿ ਲੋਕਾਂ ਨੂੰ ਵਿਕਾਸ ਦੇ ਨਾਂਅ 'ਤੇ ਗੁੰਮਰਾਹ ਹੀ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਵੇਲੇ ਕੈਪਟਨ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ ਤੇ ਕੈਪਟਨ ਸਰਕਾਰ ਦੀ ਉਡੀਕ ਲੋਕ ਅੱਡੀਆਂ ਚੁੱਕ-ਚੁੱਕ ਕੇ ਕਰ ਰਹੇ ਹਨ।
ਉਨ੍ਹਾ ਕਿਹਾ ਕਿ ਕੈਪਟਨ ਦੇ ਰਾਜ ਸਮੇਂ ਕਦੇ ਵੀ ਕਿਸਾਨਾਂ ਨੂੰ ਮੰਡੀਆਂ ਅੰਦਰ ਨਹੀਂ ਰੁਲਣਾ ਪਿਆ ਅਤੇ ਅੱਜ ਪੰਜਾਬ ਅੰਦਰ ਹਰੇਕ ਵਰਗ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਨ ਲਈ ਉਤਾਵਲਾ ਬੈਠਾ ਹੈ। ਉਨ੍ਹਾ ਕਿਹਾ ਕਿ ਬਾਘਾ ਪੁਰਾਣਾ ਵਿਖੇ ਹੋਣ ਵਾਲੀ ਰੈਲੀ ਕਾਂਗਰਸ ਸਰਕਾਰ ਆਉਣ ਦਾ ਮੁੱਢ ਬੰਨ੍ਹੇਗੀ ਅਤੇ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ। ਇਸ ਮੌਕੇ ਭੋਲਾ ਸਿੰਘ ਬਰਾੜ ਸਮਾਧ ਭਾਈ, ਰਾਕੇਸ਼ ਕੁਮਾਰ ਗੋਗੀ ਸ਼ਾਹੀ, ਜਗਸੀਰ ਸਿੰਘ ਕਾਲੇਕੇ, ਸੁਖਜਿੰਦਰ ਸਿੰਘ ਸੁੱਖਾ ਲਧਾਈਕੇ, ਸੁਰਿੰਦਰ ਸਿੰਦਾ ਜਨਰਲ ਸਕੱਤਰ, ਜਗਸੀਰ ਗਰਗ, ਗੁਰਦੀਪ ਸਿੰਘ ਬਰਾੜ ਯੂਥ ਪ੍ਰਧਾਨ ਹਲਕਾ ਬਾਘਾ ਪੁਰਾਣਾ, ਠਾਣਾ ਸਿੰਘ ਜੌਹਲ ਧੱਲੇਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਤੇ ਵਰਕਰ ਹਾਜ਼ਰ ਸਨ।