Latest News

ਬਿਹਾਰ 'ਚ ਪੰਜ ਪੜਾਵਾਂ 'ਚ ਹੋਣਗੀਆਂ ਵਿਧਾਨ ਸਭਾ ਚੋਣਾਂ

ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਸੂਬੇ 'ਚ ਪੰਜ ਪੜਾਵਾਂ 'ਚ ਬਾਰਾਂ ਅਕਤੂਬਰ ਤੋਂ ਪੰਜ ਨਵੰਬਰ ਵਿਚਾਲੇ ਚੋਣਾਂ ਹੋਣਗੀਆਂ। ਜਦ ਕਿ ਅੱਠ ਨਵੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਸੂਬੇ 'ਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ।
ਪਹਿਲੇ ਪੜਾਅ ਦੀਆਂ ਚੋਣਾਂ ਲਈ ਸੋਲਾਂ ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੇ ਇਸ ਪੜਾਅ ਦੀਆਂ ਚੋਣਾਂ ਬਾਰਾਂ ਅਕਤੂਬਰ ਨੂੰ ਹੋਣਗੀਆਂ। ਦੂਸਰੇ ਪੜਾਅ ਦੀ ਵੋਟਿੰਗ ਸੋਲਾਂ ਅਕਤੂਬਰ ਨੂੰ ਹੋਵੇਗੀ, ਜਦ ਕਿ ਨੋਟੀਫਿਕੇਸ਼ਨ 21 ਸਤੰਬਰ ਨੂੰ ਜਾਰੀ ਹੋਵੇਗਾ। ਇਸੇ ਦੌਰਾਨ ਤੀਸਰੇ ਪੜਾਅ ਦੀ ਵੋਟਿੰਗ 28 ਅਕਤੂਬਰ ਨੂੰ, ਚੌਥੇ ਪੜਾਅ ਦੀ ਵੋਟਿੰਗ 1 ਨਵੰਬਰ ਅਤੇ ਪੰਜਵੇਂ ਪੜਾਅ ਦੀ ਵੋਟਿੰਗ ਪੰਜ ਨਵੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਅੱਠ ਨਵੰਬਰ ਨੂੰ ਕੀਤੀ ਜਾਵੇਗੀ ਅਤੇ ਇਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਪਹਿਲੇ ਪੜਾਅ 'ਚ 49 ਸੀਟਾਂ 'ਤੇ, ਦੂਸਰੇ ਪੜਾਅ 'ਚ 32 ਸੀਟਾਂ 'ਤੇ, ਤੀਸਰੇ ਪੜਾਅ 'ਚ 50 ਸੀਟਾਂ 'ਤੇ, ਚੌਥੇ ਪੜਾਅ 'ਚ 55 ਸੀਟਾਂ 'ਤੇ ਵੋਟਾਂ ਪੈਣਗੀਆਂ, ਜਦ ਕਿ ਪੰਜਵੇਂ ਪੜਾਅ 'ਚ 57 ਸੀਟਾਂ 'ਤੇ ਮਤਦਾਨ ਹੋਵੇਗਾ।
ਚੋਣ ਕਮਿਸ਼ਨ ਨੇ ਬਿਹਾਰ 'ਚ ਚੋਣ ਤਿਆਰੀਆਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਬਿਹਾਰ 'ਚ 6.68 ਕਰੋੜ ਵੋਟਰ ਹਨ। 243 ਵਿਧਾਨ ਸਭਾ ਸੀਟਾਂ 'ਚੋਂ 47 ਨਕਸਲ ਪ੍ਰਭਾਵਤ ਹਨ। ਮੁੱਖ ਚੋਣ ਕਮਿਸ਼ਨਰ ਨਸੀਮ ਅਹਿਮਦ ਜੈਦੀ ਨੇ ਕਿਹਾ ਕਿ ਚੋਣ ਕਮਿਸ਼ਨ ਸੂਬੇ 'ਚ ਨਿਰਪੱਖ ਚੋਣਾਂ ਲਈ ਪ੍ਰਤੀਬੱਧ ਹੈ। ਉਨ੍ਹਾ ਕਿਹਾ ਕਿ ਤਰੀਕਾਂ ਦੀ ਚੋਣ ਤਿਉਹਾਰਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਹੈਲੀਕਾਪਟਰ, ਮੋਟਰ ਬੋਟ ਅਤੇ ਘੋੜ ਸਵਾਰ ਦਸਤੇ ਮਦਦ ਲਈ ਚੋਣਾਂ ਦੀ ਨਿਗਰਾਨੀ ਲਈ ਲਾਏ ਜਾਣਗੇ। ਕਮਿਸ਼ਨ ਨੇ ਮੰਨਿਆ ਕਿ ਸੂਬੇ 'ਚ 38 ਚੋਣ 29 ਜ਼ਿਲ੍ਹੇ ਨਕਸਲ ਪ੍ਰਭਾਵਤ ਹਨ। ਜੈਦੀ ਨੇ ਦੱਸਿਆ ਕਿ ਸਾਰੀਆਂ ਸੀਟਾਂ 'ਤੇ ਨੀਮ-ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣਗੇ। ਵੋਟਰਾਂ ਦੀ ਸਹੂਲਤ ਲਈ ਵੋਟਿੰਗ ਮਸ਼ੀਨਾਂ 'ਤੇ ਉਮੀਦਵਾਰਾਂ ਦੀ ਤਸਵੀਰ ਵੀ ਲੱਗੀ ਹੋਵੇਗੀ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਚੋਣਾਂ ਦੀਆਂ ਤਰੀਕਾਂ ਅਤੇ ਪੰਜ ਪੜਾਵਾਂ ਦੇ ਐਲਾਨ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਬਿਹਾਰ 'ਚ ਸੀਟਾਂ ਜ਼ਿਆਦਾ ਹਨ ਤਾਂ ਜ਼ਿਆਦਾ ਪੜਾਅ ਹੋਣਾ ਸੁਭਾਵਕ ਹੈ। ਇਸ ਦਾ ਫੈਸਲਾ ਚੋਣ ਕਮਿਸ਼ਨ ਉੱਪਰ ਹੀ ਛੱਡਣਾ ਚਾਹੀਦਾ ਹੈ। ਲੰਮਾ ਚੋਣ ਅਮਲ ਬਿਹਾਰ ਲਈ ਨਵਾਂ ਨਹੀਂ ਹੈ ਤੇ ਅਸੀਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਤਰੀਕਾਂ ਦੇ ਐਲਾਨ ਅਤੇ ਸੁਰੱਖਿਆ ਵਿਵਸਥਾ 'ਤੇ ਆਰ ਜੇ ਡੀ ਨੇ ਵੀ ਸੰਤੁਸ਼ਟੀ ਜ਼ਾਹਰ ਕੀਤੀ ਹੈ, ਜਦ ਕਿ ਜਨਤਾ ਦਲ ਯੂ ਦੇ ਪ੍ਰਧਾਨ ਸ਼ਰਦ ਯਾਦਵ ਇਸ ਤੋਂ ਨਾਖੁਸ਼ ਹਨ। ਸ਼ਰਦ ਯਾਦਵ ਨੇ ਕਿਹਾ ਕਿ ਇਹ ਕਮਿਸ਼ਨ ਦੀ ਗਲਤੀ ਨਹੀਂ ਹੈ, ਪਰ ਪੰਜ ਪੜਾਅ ਬਹੁਤ ਹੁੰਦੇ ਹਨ। ਕੇਂਦਰ ਸਰਕਾਰ ਵੀ ਸੁਰੱਖਿਆ ਲਈ ਫੋਰਸ ਦੇ ਰਹੀ ਹੈ, ਚੋਣ ਘੱਟ ਪੜਾਵਾਂ 'ਚ ਹੋਣੀ ਚਾਹੀਦੀ ਸੀ। ਭਾਜਪਾ ਵੱਲੋਂ ਸ਼ਾਹ ਨਵਾਜ਼ ਹੁਸੈਨ ਨੇ ਵੀ ਚੋਣ ਕਮਿਸ਼ਨ ਦੇ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾ ਕਿਹਾ ਕਿ ਇਹ ਚੋਣਾਂ ਦਾ ਨਹੀਂ ਸਗੋਂ ਨਿਤੀਸ਼ ਸਰਕਾਰ ਦੇ ਆਖਰੀ ਦਿਨਾਂ ਦੀਆਂ ਤਰੀਕਾਂ ਦਾ ਐਲਾਨ ਹੈ।
ਵਰਨਣਯੋਗ ਹੈ ਕਿ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋ ਰਿਹਾ ਹੈ, ਇਸ ਲਈ 29 ਨਵੰਬਰ ਤੋਂ ਪਹਿਲਾਂ ਨਵੀਂ ਸਰਕਾਰ ਦਾ ਗਠਨ ਲਾਜ਼ਮੀ ਹੈ। ਸੱਤਾਧਾਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂ, ਲਾਲੂ ਪ੍ਰਸ਼ਾਦ ਦੀ ਆਰ ਜੇ ਡੀ ਨੇ ਕਾਂਗਰਸ ਨਾਲ ਮਿਲ ਕੇ ਮਹਾ ਗਠਜੋੜ ਤਿਆਰ ਕੀਤਾ ਹੈ, ਜਿਸ ਦਾ ਸਿੱਧਾ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨਾਲ ਹੋਵੇਗਾ, ਜਿਸ ਵਿੱਚ ਰਾਮ ਵਿਲਾਸ ਪਾਸਵਾਨ ਵੀ ਐੱਲ ਜੇ ਪੀ, ਜੀਤਨਰਾਮ ਮਾਂਝੀ ਦੀ 'ਹਮ' ਅਤੇ ਆਰ ਐੱਲ ਐੱਸ ਪੀ ਸ਼ਾਮਲ ਹਨ।

1041 Views

e-Paper