ਪਹਿਲੀ ਅਪ੍ਰੈਲ ਤੋਂ ਲਾਗੂ ਹੋ ਸਕਦੈ ਜੀ ਐੱਸ ਟੀ : ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ ਐੱਸ ਟੀ) ਨੂੰ ਪਹਿਲੀ ਅਪ੍ਰੈਲ 2016 ਤੋਂ ਲਾਗੂ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹਨਾ ਸਾਫ ਸ਼ਬਦਾਂ 'ਚ ਕਿਹਾ ਕਿ ਜੀ ਐੱਸ ਟੀ ਬਿੱਲ 'ਤੇ ਲੱਗਭੱਗ ਸਾਰੀਆਂ ਪਾਰਟੀਆਂ ਰਾਜ਼ੀ ਹਨ ਅਤੇ ਸਰਕਾਰ ਇਸ ਨੂੰ ਲੈ ਕੇ ਵਚਨਬੱਧ ਹੈ।
ਬੁੱਧਵਾਰ ਨੂੰ ਇਕਾਨੋਮਿਸਟ ਇੰਡੀਆ ਸਮਿਟ 2015 'ਚ ਬੋਲਦਿਆਂ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੀ ਯੋਜਨਾ ਜੀ ਐੱਸ ਟੀ ਨੂੰ ਪਹਿਲੀ ਅਪ੍ਰੈਲ ਤੋਂ ਲਾਗੂ ਕਰਨ ਦੀ ਹੈ। ਉਹਨਾ ਦਾਅਵਾ ਕੀਤਾ ਕਿ ਜੀ ਐੱਸ ਟੀ ਨੂੰ ਲੈ ਕੇ ਲੱਗਭੱਗ ਸਾਰੀਆਂ ਪਾਰਟੀਆਂ ਰਾਜ਼ੀ ਹਨ ਤੇ ਇਹ ਜਲਦੀ ਪਾਸ ਹੋ ਜਾਵੇਗਾ। ਆਪਣੇ ਸੰਬੋਧਨ 'ਚ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਵਿਸ਼ਵ ਅਰਥ ਵਿਵਸਥਾ 'ਚ ਅੱਜ ਭਾਰਤ ਕੋਲ ਇੱਕ ਬੇਹਤਰੀਨ ਮੌਕਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਦੇਸ਼ ਲਈ ਬੇਚੈਨ ਹੋਣ ਦਾ ਸਮਾਂ ਹੈ, ਕਿਉਂਕਿ ਤਦ ਹੀ ਅਸੀਂ ਵਿਕਸਤ ਹੋਵਾਂਗੇ। ਉਹਨਾ ਕਿਹਾ ਕਿ ਭਾਰਤ ਵਿਸ਼ਵ ਉਥਲ-ਪੁਥਲ ਦਰਮਿਆਨ ਕਾਫੀ ਚੰਗੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਤੇ ਅਸੀਂ ਵਿਕਾਸ ਦੇ ਇੱਕ ਨਵੇਂ ਮੁਕਾਮ 'ਤੇ ਪਹੁੰਚ ਸਕਦੇ ਹਾਂ।
ਸੰਸਦ 'ਚ ਵਿਰੋਧੀ ਧਿਰ ਦੇ ਅੜੀਅਲ ਰਵੱਈਏ ਨੂੰ ਨਿਸ਼ਾਨਾ ਬਣਾਉਂਦਿਆਂ ਜੇਤਲੀ ਨੇ ਕਿਹਾ ਕਿ ਲੋਕਾਂ ਦੀ ਰਾਇ ਸਾਡੇ ਨਾਲ ਹੈ ਅਤੇ ਉਹ ਸਭ ਦੇਖ ਰਹੇ ਹਨ। ਵਿਰੋਧੀ ਧਿਰ ਨੇ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਹੋਇਆ ਹੈ, ਲੋਕ ਸਮਝ ਰਹੇ ਹਨ। ਉਹਨਾ ਕਿਹਾ ਕਿ ਇਸ ਦਾ ਦਬਾਅ ਵਿਰੋਧੀ ਧਿਰ 'ਤੇ ਹੀ ਬਣੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਲੋਕ ਮੱਤ ਸੰਸਦ ਦੇ ਸਮੱਰਥਨ 'ਚ ਹੈ। ਲੋਕ ਇਹੋ ਚਾਹੁੰਦੇ ਹਨ ਕਿ ਸਦਨ ਦੀ ਕਾਰਵਾਈ ਚੱਲੇ। ਕਾਲਾ ਧਨ ਮੁੱਦੇ 'ਤੇ ਚਰਚਾ ਕਰਦਿਆਂ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਦਾ ਰੁਖ ਇਸ ਪਾਸੇ ਵੱਲ ਕੋਈ ਨਰਮ ਨਹੀਂ ਪਿਆ, ਸਾਡੀ ਸਰਕਾਰ ਕਾਲਾ ਧਨ ਵਾਪਸ ਲਿਆਉਣ ਲਈ ਪ੍ਰਤੀਬੱਧ ਹੈ ਤੇ ਅਸੀਂ ਇਸ ਪਾਸੇ ਵੱਲ ਵਧਦੇ ਹੋਏ ਜ਼ਰੂਰੀ ਤੇ ਠੋਸ ਕਦਮ ਉਠਾ ਰਹੇ ਹਾਂ।